ਕਿਹਾ- ਵੋਟਰਾਂ, ਰਵਾਇਤੀ ਪਾਰਟੀਆਂ ਨੂੰ ਨਕਾਰਿਆ-ਆਮ ਆਦਮੀ ਪਾਰਟੀ ਹੈ ਲੋਕਾਂ ਦੀ ਪਹਿਲੀ ਪਸੰਦ
ਬਟਾਲਾ , 23 ਨਵੰਬਰ 2024 (ਦੀ ਪੰਜਾਬ ਵਾਇਰ)। ਡੇਰਾ ਬਾਬਾ ਨਾਨਕ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਦੀ ਜਿੱਤ ਨੇ ਵਿਰੋਧੀ ਪਾਰਟੀਆਂ ਦੇ ਭੁਲੇਖੇ ਦੂਰ ਕਰ ਦਿੱਤੇ ਹਨ ਅਤੇ ਵੋਟਰਾਂ ਸਾਫ ਸੁਨੇਹਾ ਦੇ ਦਿੱਤਾ ਹੈ ਕਿ ਆਪ ਪਾਰਟੀ ਹੀ ਲੋਕਾਂ ਦੀ ਪਹਿਲੀ ਪਸੰਦ ਹੈ। ਇਹ ਪ੍ਰਗਟਾਵਾ ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਆਪ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕੀਤਾ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਡੇਰਾ ਬਾਬਾ ਨਾਨਕ ਦੇ ਵੋਟਰਾਂ ਨੇ ਮੋਹਰ ਲਗਾਈ ਹੈ ਅਤੇ ਨਤੀਜਾ ਦਰਸਾਉਂਦਾ ਹੈ ਕਿ ਮਾਨ ਸਰਕਾਰ ਹੀ ਲੋਕਾਂ ਦੀ ਹਮਦਰਦ ਸਰਕਾਰ ਹੈ।
ਵਿਰੋਧੀ ਪਾਰਟੀਆਂ ਤੇ ਤੰਜ ਕੱਸਦਿਆਂ ਕਾਰਜਕਾਰੀ ਪ੍ਰਧਾਨ ਪੰਜਾਬ, ਸ਼ੈਰੀ ਕਲਸੀ ਨੇ ਕਿਹਾ ਕਿ ਲੋਕਾਂ ਨੇ ਮਾਨ ਸਰਕਾਰ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਅਤੇ ਵਿਰੋਧੀਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀਆਂ ਵਿਕਾਸ ਪੱਖੀ ਨੀਤੀਆਂ ਅੱਗੇ ਵਿਰੋਧੀ ਪਾਰਟੀਆਂ ਟਿਕ ਨਹੀਂ ਸਕੀਆਂ ਤੇ ਵਿਰੋਧੀ ਪਾਰਟੀਆਂ ਦੇ ਗੁੰਮਰਾਹ ਕੁੰਨ ਪਰਚਾਰ ਨੂੰ ਲੋਕਾਂ ਨੇ ਜਵਾਬ ਦੇ ਦਿੱਤਾ ਹੈ।
ਵਿਧਾਇਕ ਸ਼ੈਰੀ ਕਲਸੀ, ਜਿਨ੍ਹਾਂ ਨੂੰ ਪਾਰਟੀ ਨੇ ਡੇਰਾ ਬਾਬਾ ਨਾਨਕ ਜਿਮਨੀ ਚੋਣ ਲਈ ਸਹਿ ਇੰਚਾਰਜ ਵਜੋਂ ਵੀ ਡਿਊਟੀ ਲਗਾਈ ਸੀ, ਨੇ ਪਾਰਟੀ ਵਰਕਰਾਂ, ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਅੱਗੇ ਕਿਹਾ ਕਿ ਮਾਨ ਸਰਕਾਰ ਵਲੋਂ ਹਰੇਕ ਵਰਗ ਦੇ ਹਿੱਤ ਵਿੱਚ ਕੀਤੇ ਕੰਮਾਂ ਤੇ ਲੋਕਾਂ ਨੇ ਮੋਹਰ ਲਗਾਈ ਹੈ ਅਤੇ ਅਗਲੇ ਸਮੇਂ ਦੌਰਾਨ ਮਾਨ ਸਰਕਾਰ ਹੋਰ ਤੇਜ਼ੀ ਨਾਲ ਸੂਬੇ ਅੰਦਰ ਵਿਕਾਸ ਕਾਰਜ ਕਰੇਗੀ ।
ਦੱਸ ਦਈਏ ਕੇ ਆਪ ਪਾਰਟੀ ਦੇ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ 5699 ਵੋਟਾਂ ਦੀ ਲੀਡ ਨਾਲ ਜੇਤੂ ਰਹੇ। ਕਾਂਗਰਸ ਪਾਰਟੀ ਦੂਜੇ ਨੰਬਰ ਅਤੇ ਤੀਜੇ ਸਥਾਨ ਤੇ ਭਾਜਪਾ ਰਹੀ ਹੈ।
ਪੰਜਾਬ ਦੇ ਕਾਰਜਕਾਰੀ ਪ੍ਰਧਾਨ, ਸ਼ੈਰੀ ਕਲਸੀ ਨੇ ਜਿਮਨੀ ਚੋਣ ਚੱਬੇਵਾਲ ਅਤੇ ਗਿੱਦੜਬਾਹਾ ਵਿੱਚ ਆਪ ਪਾਰਟੀ ਦੀ ਉਮੀਦਵਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਲੋਕ ਹਿੱਤ ਵਿੱਚ ਹੋਰ ਉਤਸ਼ਾਹ ਨਾਲ ਕੰਮ ਕਰਨ ਲਈ ਪ੍ਰੇਰਿਆ।