Close

Recent Posts

ਗੁਰਦਾਸਪੁਰ

ਵਿਰਾਸਤੀ ਮੰਚ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਦੀਨਾਨਗਰ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਬਟਾਲਾ ਦੀ ਸੰਭਾਲ ਕੀਤੇ ਜਾਣ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕੀਤੀ

ਵਿਰਾਸਤੀ ਮੰਚ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਦੀਨਾਨਗਰ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਬਟਾਲਾ ਦੀ ਸੰਭਾਲ ਕੀਤੇ ਜਾਣ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕੀਤੀ
  • PublishedNovember 20, 2024

ਵਿਰਾਸਤੀ ਮੰਚ ਨੇ ਬਟਾਲਾ ਦੀ ਅਦਾਲਤ ਵਿੱਚ ਵਿਰਾਸਤਾਂ ਨੂੰ ਸੰਭਾਲਣ ਲਈ ਕੇਸ ਦਾਇਰ ਕੀਤਾ

ਅਦਾਲਤ ਵੱਲੋਂ ਮਾਮਲੇ ਦੀ ਸੁਣਵਾਈ ਲਈ 10 ਦਸੰਬਰ 2024 ਦੀ ਅਗਲੀ ਤਾਰੀਕ ਪਾਈ

ਬਟਾਲਾ, 20 ਨਵੰਬਰ 2024 (ਦੀ ਪੰਜਾਬ ਵਾਇਰ)। ਵਿਰਾਸਤੀ ਮੰਚ ਬਟਾਲਾ (ਰਜਿ:) ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਦੀਨਾਨਗਰ ਅਤੇ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਬਟਾਲਾ ਦੀ ਸਰਕਾਰ ਵੱਲੋਂ ਸੰਭਾਲ ਕੀਤੇ ਜਾਣ ਲਈ ਕਾਨੂੰਨੀ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਅੱਜ ਬਟਾਲਾ ਵਿਖੇ ਮਾਣਯੋਗ ਸਿਵਲ ਜੱਜ, ਜੂਨੀਅਰ ਡਿਵੀਜ਼ਨ, ਸ੍ਰੀ ਰਜਿੰਦਰ ਸਿੰਘ ਦੀ ਅਦਾਲਤ ਵਿੱਚ ਮਾਮਲਾ ਵਿਚਾਰਿਆ ਗਿਆ ਅਤੇ ਇਸ ਕੇਸ ਦੀ ਅਗਲੀ ਤਰੀਕ 10 ਦਸੰਬਰ 2024 ਦੀ ਦਿੱਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਰਾਸਤੀ ਮੰਚ ਬਟਾਲਾ ਦੇ ਸਰਪਰਸਤ ਅਤੇ ਸੀਨੀਅਰ ਵਕੀਲ ਐੱਚ.ਐੱਸ. ਮਾਂਗਟ ਨੇ ਦੱਸਿਆ ਕਿ ਵਿਰਾਸਤੀ ਮੰਚ ਬਟਾਲਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਦੀਨਾਨਗਰ ਸਥਿਤ ਸ਼ਾਹੀ ਬਾਰਾਂਦਰੀ ਅਤੇ ਬਟਾਲਾ ਸ਼ਹਿਰ ਵਿੱਚ ਸਥਿਤ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਸੰਭਾਲ ਕੀਤੇ ਜਾਣ ਲਈ ਮਾਣਯੋਗ ਸਿਵਲ ਜੱਜ, ਜੂਨੀਅਰ ਡਿਵੀਜ਼ਨ, ਸ੍ਰੀ ਰਜਿੰਦਰ ਸਿੰਘ ਦੀ ਅਦਾਲਤ ਬਟਾਲਾ ਵਿੱਚ ਕੇਸ ਦਾਇਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ, ਭਾਰਤ ਸਰਕਾਰ ਦੇ ਪੁਰਾਤੱਤਵ ਵਿਭਾਗ, ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਧਿਰ ਬਣਾਇਆ ਗਿਆ ਹੈ ਅਤੇ ਅੱਜ ਸਾਰੀਆਂ ਧਿਰਾਂ ਮਾਣਯੋਗ ਅਦਾਲਤ ਵਿੱਚ ਹਾਜ਼ਰ ਹੋਈਆਂ ਸਨ।

ਐਡਵੋਕੇਟ ਐੱਚ.ਐੱਸ ਮਾਂਗਟ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੈਰ ਸਪਾਟਾ ਵਿਭਾਗ ਵੱਲੋਂ ਦੀਨਾਨਗਰ ਸਥਿਤ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਹੀ ਬਾਰਾਂਦਰੀ ਨੂੰ ਸੁਰੱਖਿਆ ਇਮਾਰਤ ਘੋਸ਼ਿਤ ਕੀਤਾ ਹੋਇਆ ਹੈ ਅਤੇ ਇਸ ਵਿਰਾਸਤੀ ਇਮਾਰਤ ਦੀ ਮੁਰੰਮਤ ਲਈ ਟੈਂਡਰ ਵੀ ਲਗਾਇਆ ਗਿਆ ਹੈ ਪਰ ਇਸ ਸਭ ਦੇ ਬਾਵਜੂਦ ਵੀ ਇਸ ਬਾਰਾਂਦਰੀ ਦੀ ਸੰਭਾਲ ਨਹੀਂ ਕੀਤੀ ਜਾ ਰਹੀ। ਸੰਭਾਲ ਨਾ ਹੋਣ ਕਾਰਨ ਪੰਜਾਬ ਦੇ ਇਤਿਹਾਸ ਦੀ ਇਹ ਬੇਸ਼ਕੀਮਤੀ ਨਿਸ਼ਾਨੀ ਖੰਡਰ ਦਾ ਰੂਪ ਧਾਰਨ ਕਰ ਗਈ ਹੈ ਅਤੇ ਆਪਣੇ ਆਖ਼ਰੀ ਸਾਹਾਂ ਉੱਪਰ ਹੈ। ਇਸੇ ਤਰ੍ਹਾਂ ਹੀ ਬਟਾਲਾ ਸਥਿਤ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਦੀ ਸੰਭਾਲ ਦਾ ਜਿੰਮਾਂ ਭਾਂਵੇ ਭਾਰਤ ਸਰਕਾਰ ਦੇ ਪੁਰਾਤੱਤਵ ਵਿਭਾਗ ਕੋਲ ਹੈ ਪਰ ਇਸਦੀ ਸੰਭਾਲ ਵੀ ਸਹੀ ਢੰਗ ਨਾਲ ਨਹੀਂ ਹੋ ਰਹੀ। ਬਾਰਾਂਦਰੀ ਦੇ ਤਲਾਬ ਵਿੱਚ ਜੰਗਲ-ਬੂਟੀ ਉੱਘੀ ਹੋਈ ਹੈ ਜਿਸਨੂੰ ਸਾਫ਼ ਕਰਕੇ ਇਸਨੂੰ ਪੁਰਾਤਨ ਦਿੱਖ ਦੇ ਕੇ ਆਮ ਲੋਕਾਂ ਦੇ ਦੇਖਣ ਲਈ ਖੋਲਿਆ ਜਾਣਾ ਚਾਹੀਦਾ ਹੈ।

ਐਡਵੋਕੇਟ ਐੱਚ.ਐੱਸ. ਮਾਂਗਟ ਨੇ ਕਿਹਾ ਕਿ ਵਿਰਾਸਤਾਂ ਦੀ ਸੰਭਾਲ ਕਰਨਾ ਸਰਕਾਰਾਂ ਦਾ ਮੁੱਢਲਾ ਫ਼ਰਜ ਹੈ ਅਤੇ ਸਰਕਾਰਾਂ ਨੂੰ ਆਪਣੇ ਇਸ ਫ਼ਰਜ ਨੂੰ ਪਹਿਲ ਦੇ ਅਧਾਰ `ਤੇ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਰਾਸਤੀ ਮੰਚ ਬਟਾਲਾ ਵੱਲੋਂ ਜਿੱਥੇ ਹੋਰ ਮੁਹਾਜਾਂ ਉੱਪਰ ਵਿਰਾਸਤਾਂ ਦੀ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ ਓਥੇ ਵਿਰਾਸਤਾਂ ਦੀ ਸੰਭਾਲ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ। ਐਡਵੋਕੇਟ ਮਾਂਗਟ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਮਾਣਯੋਗ ਅਦਾਲਤ ਵੱਲੋਂ ਕੇਂਦਰ ਅਤੇ ਰਾਜ ਸਰਕਾਰ ਨੂੰ ਇਨ੍ਹਾਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਦੇ ਨਿਰਦੇਸ਼ ਦਿੱਤੇ ਜਾਣਗੇ।

ਇਸੇ ਦੌਰਾਨ ਵਿਰਾਸਤੀ ਮੰਚ ਬਟਾਲਾ ਦੇ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਅਤੇ ਮੰਚ ਦੇ ਮੁੱਖ ਬੁਲਾਰੇ ਸ਼ੇਰੇ ਪੰਜਾਬ ਸਿੰਘ ਕਾਹਲੋਂ ਨੇ ਕਿਹਾ ਕਿ ਵਿਰਾਸਤੀ ਮੰਚ ਆਪਣੀਆਂ ਵਿਰਾਸਤਾਂ ਨੂੰ ਸੰਭਾਲਣ ਲਈ ਪੂਰੀ ਸੁਹਿਦਤਾ ਨਾਲ ਯਤਨ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਦੀਨਾਨਗਰ ਦੀ ਸ਼ਾਹੀ ਬਾਰਾਂਦਰੀ ਤੋਂ ਮਹਾਰਾਜਾ ਰਣਜੀਤ ਸਿੰਘ ਆਪਣਾ ਰਾਜ ਚਲਾਉਂਦੇ ਰਹੇ ਹਨ ਅਤੇ ਇਥੇ ਹੀ ਲਾਹੌਰ ਦਰਬਾਰ, ਅੰਗਰੇਜ਼ ਹਕੂਮਤ ਅਤੇ ਅਫ਼ਗਾਨਿਸਤਾਨ ਦੇ ਆਗੂ ਸ਼ਾਹ ਸੁਜਾ ਦਰਮਿਆਨ `ਤ੍ਰੈ-ਪੱਖੀ` ਸੰਧੀ ਹੋਈ ਸੀ। ਇਸ ਤੋਂ ਇਲਾਵਾ ਹੋਰ ਵੀ ਕਈ ਇਤਿਹਾਸਕ ਫੈਸਲੇ ਅਤੇ ਘਟਨਾਵਾਂ ਇਸ ਬਾਰਾਂਦਰੀ ਨਾਲ ਜੁੜੀਆਂ ਹੋਈਆਂ ਹਨ। ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨੇ ਕਿਹਾ ਕਿ ਬਟਾਲਾ ਸਥਿਤ ਮਹਾਰਾਜਾ ਸ਼ੇਰ ਸਿੰਘ ਦੀ ਬਾਰਾਂਦਰੀ ਦਾ ਵੀ ਵੱਡਾ ਇਤਿਹਾਸ ਹੈ। ਉਨ੍ਹਾਂ ਕੇਂਦਰ ਅਤੇ ਰਾਜ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਵਿਰਾਸਤੀ ਇਮਾਰਤਾਂ ਦੀ ਸੰਭਾਲ ਵੱਲ ਤੁਰੰਤ ਧਿਆਨ ਦੇਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇਹ ਇਤਿਹਾਸਕ ਯਾਦਗਾਰਾਂ ਕਾਇਮ ਰਹਿ ਸਕਣ।  

Written By
The Punjab Wire