ਕੌਂਸਲ ਨੇ ਸ਼ਹਿਰ ਤੋਂ ਕੂੜਾ ਚੁੱਕਣ ਲਈ ਖਰੀਦਿਆ ਲੋਡਰ ਟਰੈਕਟਰ
ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਗੁਰਦਾਸਪੁਰ, 9 ਅਪ੍ਰੈਲ 2025 (ਦੀ ਪੰਜਾਬ ਵਾਇਰ)। ਸ਼ਹਿਰ ‘ਚ ਕਚਰਾ ਚੁੱਕਣ ਲਈ ਨਗਰ ਕੌਂਸਲ ਗੁਰਦਾਸਪੁਰ ਵੱਲੋਂ ਮਸ਼ੀਨਰੀ ‘ਚ ਵਾਧਾ ਕਰਦਿਆਂ ਲਗਭਗ 8 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਲੋਡਰ ਟਰੈਕਟਰ ਖਰੀਦਿਆ ਗਿਆ ਹੈ। ਜਿਸ ਨੂੰ ਨਗਰ ਕੌਂਸਲ ਦੇ ਪ੍ਰਧਾਨ ਐਡਵੋਕੇਟ ਬਲਜੀਤ ਸਿੰਘ ਪਾਹੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਸ਼ਹਿਰ ‘ਚ ਕੂੜੇ ਦੇ ਢੇਰ ਚੁੱਕਣ ਲਈ ਪਹਿਲਾਂ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਕਾਫੀ ਜ਼ਿਆਦਾ ਸਮਾਂ ਲੱਗ ਜਾਂਦਾ ਸੀ। ਕਰਮਚਾਰੀਆਂ ਦੀ ਇਸ ਮੁਸ਼ਕਲ ਨੂੰ ਵੇਖਦਿਆਂ 8 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਲੋਡਰ ਟਰੈਕਟਰ ਲਿਆਂਦਾ ਗਿਆ ਹੈ। ਹੁਣ ਇਹ ਨਵਾਂ ਟਰੈਕਟਰ ਆਉਣ ਨਾਲ ਨਾ ਸਿਰਫ਼ ਕਰਮਚਾਰੀਆਂ ਨੂੰ ਸੁਵਿਧਾ ਮਿਲੇਗੀ, ਸਗੋਂ ਉਨ੍ਹਾਂ ਦੇ ਕੀਮਤੀ ਸਮੇਂ ਦੀ ਵੀ ਬਚਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਕੌਂਸਲ ਕੋਲ ਹਾਲੇ ਤੱਕ ਕੂੜਾ ਸੁੱਟਣ ਲਈ ਢੁੱਕਵੀਂ ਥਾਂ ਮੌਜੂਦ ਨਹੀਂ ਹੈ, ਜਿਸ ਕਰਕੇ ਕਾਫੀ ਮੁਸ਼ਕਲਾਂ ਆ ਰਹੀਆਂ ਹਨ। ਹਾਲਾਂਕਿ ਕੌਂਸਲ ਵੱਲੋਂ ਥਾਂ ਲੈ ਲਈ ਗਈ ਸੀ ਪਰ ਪ੍ਰਸ਼ਾਸਨ ਨੇ ਉਸ ‘ਤੇ ਰੋਕ ਲਾਈ ਹੋਈ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਡੀ.ਸੀ. ਨੇ ਜ਼ਿਲ੍ਹੇ ਦੀ ਕਮਾਨ ਸੰਭਾਲੀ ਹੈ, ਜਲਦੀ ਹੀ ਉਨ੍ਹਾਂ ਨਾਲ ਮਿਲ ਕੇ ਇਹ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਕੂੜਾ ਸੈਰੀਗੇਟ ਲਈ ਢੁੱਕਵੀਂ ਥਾਂ ਮਿਲ ਜਾਵੇ ਤਾਂ ਇੱਕ ਮਹੀਨੇ ਵਿੱਚ ਸ਼ਹਿਰ ਨੂੰ ਕੂੜਾ ਮੁਕਤ ਕਰ ਦਿੱਤਾ ਜਾਵੇਗਾ।