ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਣ ਵਾਲੀ ਅਤੇ ਘੱਟ ਕੀਮਤਾਂ ਤੇ ਝੋਨਾਂ ਵੇਚਣ ਲਈ ਮਜਬੂਰ ਕਰਨ ਵਾਲੀ ਆਪ ਸਰਕਾਰ ਖਿਲਾਫ ਕਰਨਾ ਚਾਹੀਦਾ ਹੈ ਮੁਜਾਹਰਾ
ਗੁਰਦਾਸਪੁਰ, 19 ਨਵੰਬਰ 2024 (ਦੀ ਪੰਜਾਬ ਵਾਇਰ)। ਪੰਜਾਬ ਵਿੱਚ ਕਿਸਾਨ ਵੱਧ ਤੋਂ ਵੱਧ ਫਸਲਾਂ ਦਾ ਝਾੜ ਲੈਣ ਲਈ ਮਿਹਨਤ ਕਰਦਾ ਹੈ ਅਤੇ ਉਸ ਦੀ ਮਿਹਨਤ ਦਾ ਹਮੇਸ਼ਾ ਹੀ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਮੁੱਲ ਪਾਇਆ ਹੈ ਕੇਂਦਰ ਸਰਕਾਰ ਨੇ ਹਮੇਸ਼ਾ ਹੀ ਕਿਸਾਨ ਅਤੇ ਕਿਸਾਨੀ ਦੇ ਮਸਲਿਆਂ ਨੂੰ ਹੱਲ ਕਰਨ ਦਾ ਯਤਨ ਕੀਤਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਬੁਲਾਰੇ ਯਾਦਵਿੰਦਰ ਸਿੰਘ ਬੁੱਟਰ ਨੇ ਕੀਤਾ।
ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਖੇਤੀ ਪ੍ਰਤੀ ਦਿਆਨਤਦਾਰੀ ਦੇ ਬਾਵਜੂਦ ਸਿਆਸੀ ਵਿਰੋਧੀ ਪਾਰਟੀਆਂ ਦਾ ਹੱਥ ਠੋਕਾ ਬਣ ਚੁੱਕੇ ਕੁਝ ਕਿਸਾਨ ਆਗੂ ਸਰਵਣ ਸਿੰਘ ਪੰਦੇਰ, ਡੱਲੇਵਾਲ ਅਤੇ ਉਹਨਾਂ ਦੀਆਂ ਜਥੇਬੰਦੀਆਂ ਪੰਜਾਬ ਅਤੇ ਸਮੁੱਚੇ ਮੁਲਕ ਵਿੱਚ ਅਫਰਾ ਤਫਰੀ ਦਾ ਮਾਹੌਲ ਪੈਦਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਅਜਿਹੇ ਪੰਧੇਰ ਅਤੇ ਡੱਲੇਵਾਲ ਵਰਗੇ ਕਿਸਾਨ ਆਗੂ ਜੋ ਸ਼ੁਰੂ ਤੋਂ ਹੀ ਆਮ ਲੋਕਾਂ ਅਤੇ ਸਰਕਾਰ ਦੇ ਸ਼ੱਕ ਦੇ ਘੇਰੇ ਵਿੱਚ ਰਹੇ ਹਨ ਉਹ ਹਮੇਸ਼ਾ ਹੀ ਕਿਸਾਨਾਂ ਨੂੰ ਮੰਗਾਂ ਦੇ ਨਾਂ ਤੇ ਗੁਮਰਾਹ ਕਰਕੇ ਉਹਨਾਂ ਦਾ ਆਰਥਿਕ ਤੌਰ ਤੇ ਅਤੇ ਮਾਨਸਿਕ ਤੌਰ ਤੇ ਸ਼ੋਸ਼ਣ ਕਰ ਰਹੇ ਹਨ।
ਭਾਜਪਾ ਆਗੂ ਨੇ ਕਿਹਾ ਕਿ ਇਹਨਾਂ ਕਿਸਾਨ ਆਗੂਆਂ ਦੀਆਂ ਨੀਤੀਆਂ ਕਾਰਨ ਹੀ ਕਈ ਕਿਸਾਨ ਆਪਣੀਆਂ ਕੀਮਤੀ ਜਾਨਾਂ ਅਤੇ ਸੰਪਤੀ ਗਵਾ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਇਸ ਸਾਲ ਫਰਵਰੀ ਵਿੱਚ ਹੋਏ ਕਿਸਾਨ ਸੰਘਰਸ਼ ਤੋਂ ਬਾਅਦ ਇੱਕ ਵਾਰੀ ਹੁਣ ਫਿਰ ਕਿਸਾਨ ਆਗੂ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਦੇ ਬਿਆਨ ਦੇ ਕੇ ਫੋਕੀ ਸ਼ੋਹਰਤ ਖੱਟਣ ਦਾ ਯਤਨ ਕਰ ਰਹੇ ਹਨ। ਜਦੋਂ ਕਿ ਇਹਨਾਂ ਕਿਸਾਨ ਆਗੂਆਂ ਅਤੇ ਜਥੇਬੰਦੀਆਂ ਦਾ ਕਿਸਾਨਾਂ ਦੀਆਂ ਮੁਸ਼ਕਿਲਾਂ ਅਤੇ ਹਕੀਕਤ ਵਿੱਚ ਖੇਤੀ ਮਸਲਿਆਂ ਪ੍ਰਤੀ ਕੋਈ ਵੀ ਸਰੋਕਾਰ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਹਰ ਸਾਲ ਕਿਸਾਨਾਂ ਦੀ ਫਸਲ ਦੀ ਖਰੀਦੋ ਫਰੋਖਤ ਲਈ ਅਰਬਾਂ ਰੁਪਏ ਜਾਰੀ ਕਰਦੀ ਹੈ। ਇਸ ਵਾਰ ਵੀ ਸਰਕਾਰ ਨੇ 44 ਹਜਾਰ ਕਰੋੜ ਦੀ ਸੀਸੀਐਲ ਯਾਰੀ ਕਰਕੇ ਕਿਸਾਨਾਂ ਦੇ ਝੋਨੇ ਦੀ ਖਰੀਦ ਦਾ ਪ੍ਰਬੰਧ ਕੀਤਾ ਸੀ। ਪਰ ਪੰਜਾਬ ਸਰਕਾਰ ਦੇ ਨਿਕੰਮੇ ਪ੍ਰਬੰਧਾਂ ਕਾਰਨ ਜਿੱਥੇ ਪੰਜਾਬ ਦੇ ਕਿਸਾਨਾਂ ਦਾ ਝੋਨਾ ਮੰਡੀਆਂ ਵਿੱਚ ਰੁਲਿਆ ਹੈ ਉਸ ਦੇ ਨਾਲ ਨਾਲ ਕਿਸਾਨਾਂ ਨੂੰ ਬਹੁਤ ਘੱਟ ਕੀਮਤ ਤੇ ਝੋਨਾ ਵੀ ਵੇਚਣਾ ਪਿਆ ਹੈ।
ਉਹਨਾਂ ਨੇ ਕਿਹਾ ਕਿ ਜੇਕਰ ਕਿਸਾਨਾਂ ਨੇ ਸੰਘਰਸ਼ ਕਰਨਾ ਹੈ ਤਾਂ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਕੇਜਰੀਵਾਲ ਦੇ ਖਿਲਾਫ ਰੋਸ ਮੁਜਾਰੇ ਅਤੇ ਆਪਣਾ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਉਹਨਾਂ ਨੇ ਕਿਹਾ ਕਿ ਭਾਜਪਾ ਲਈ ਕਿਸਾਨਾਂ ਦੇ ਹਿੱਤ ਸਭ ਤੋਂ ਉੱਪਰ ਹਨ। ਕਿਸਾਨਾਂ ਦੇ ਨਾਮ ਤੇ ਸਿਆਸਤ ਕਰਨ ਵਾਲੇ ਆਗੂ ਅਤੇ ਕਿਸਾਨੀ ਆਗੂਆਂ ਦੇ ਭੇਸ ਵਿੱਚ ਵਿਚਰ ਰਹੇ ਕੁਝ ਲੋਕ ਸ਼ੋਹਰਤ ਅਤੇ ਅੰਦਰ ਖਾਤੇ ਸਿਆਸੀ ਪਾਰਟੀਆਂ ਨਾਲ ਕੀਤੇ ਸੌਦਿਆਂ ਦੇ ਚਲਦੇ ਕੇਂਦਰ ਸਰਕਾਰ ਅਤੇ ਭਾਜਪਾ ਨੂੰ ਬਦਨਾਮ ਕਰ ਰਹੇ ਹਨ। ਟਕਰਾਅ ਵਾਲੀ ਸਥਿਤੀ ਦੌਰਾਨ ਕਿਸੇ ਤਰ੍ਹਾਂ ਦਾ ਵੀ ਕੋਈ ਨੁਕਸਾਨ ਹੁੰਦਾ ਜਿਸ ਦੀਆਂ ਜਿੰਮੇਵਾਰ ਕਿਸਾਨ ਆਗੂ ਹੋਣਗੇ