Close

Recent Posts

ਪੰਜਾਬ

ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਦੇ ਵੋਟਾਂ ਦੇ ਬਦਲੇ ਪੈਸੇ ਦੇਣ ਬਾਰੇ ਦਿੱਤੇ ਬਿਆਨ ਦੀ ਕੀਤੀ ਸਖ਼ਤ ਨਿਖੇਧੀ

ਆਮ ਆਦਮੀ ਪਾਰਟੀ ਨੇ ਰਾਜਾ ਵੜਿੰਗ ਦੇ ਵੋਟਾਂ ਦੇ ਬਦਲੇ ਪੈਸੇ ਦੇਣ ਬਾਰੇ ਦਿੱਤੇ ਬਿਆਨ ਦੀ ਕੀਤੀ ਸਖ਼ਤ ਨਿਖੇਧੀ
  • PublishedNovember 12, 2024

‘ਆਪ’ ਦੇ ਬੁਲਾਰੇ ਨੀਲ ਗਰਗ ਨੇ ਚੋਣ ਕਮਿਸ਼ਨ ਤੋਂ ਵੜਿੰਗ ਖ਼ਿਲਾਫ਼ ਕਾਰਵਾਈ ਦੀ ਕੀਤੀ ਮੰਗ

ਰਾਜਾ ਵੜਿੰਗ ਦਾ ਇਹ ਬਿਆਨ ਕਾਂਗਰਸ ਪਾਰਟੀ ਦੀ ਜਮਹੂਰੀ ਕਦਰਾਂ-ਕੀਮਤਾਂ ਵਿੱਚ ਵਿਸ਼ਵਾਸ ਦੀ ਘਾਟ ਨੂੰ ਉਜਾਗਰ ਕਰਦਾ ਹੈ: ਨੀਲ ਗਰਗ

ਗਰਗ ਨੇ ਗਿੱਦੜਬਾਹਾ ਦੇ ਲੋਕਾਂ ਨੂੰ ਅਜਿਹੀ ਰਾਜਨੀਤੀ ਨੂੰ ਨਕਾਰਨ ਅਤੇ ਰੁਜ਼ਗਾਰ, ਸਿੱਖਿਆ ਅਤੇ ਬਿਹਤਰ ਸਿਹਤ ਸਹੂਲਤਾਂ ਲਈ ‘ਆਪ’ ਦਾ ਸਾਥ ਦੇਣ ਦੀ ਅਪੀਲ ਕੀਤੀ

ਇਹ ਜਨਤਾ ਦਾ ਹੀ ਪੈਸਾ ਹੈ, ਜਿਸ ਨੂੰ ਸੱਤਾ ਵਿਚ ਰਹਿੰਦਿਆਂ ਉਨ੍ਹਾਂ ਨੇ ਲੁੱਟਿਆ, ਹੁਣ ਵੋਟਾਂ ਖ਼ਰੀਦਣ ਲਈ ਵਰਤ ਰਹੇ ਹਨ: ਪਵਨ ਕੁਮਾਰ ਟੀਨੂੰ

ਚੰਡੀਗੜ੍ਹ, 12 ਨਵੰਬਰ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੋਟ ਦੇ ਬਦਲੇ ਪੈਸੇ ਲੈਣ ਵਾਲੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਉਹ ਵੋਟਰਾਂ ਨੂੰ ਉਨ੍ਹਾਂ ਦੀਆਂ ਵੋਟਾਂ ਬਦਲੇ ਹੈਰਾਨ ਕਰਨ ਵਾਲੇ ਵਾਅਦੇ ਕਰ ਰਹੇ ਹਨ। ਵੀਡੀਓ ਵਿੱਚ ਵੜਿੰਗ ਗਿੱਦੜਬਾਹਾ ਹਲਕੇ ਦੇ ਵੋਟਰਾਂ ਨੂੰ 50,000 ਰੁਪਏ ਨਕਦ ਦੀ ਪੇਸ਼ਕਸ਼ ਕਰਦੇ ਹੋਏ, ਉਨ੍ਹਾਂ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਵੋਟਾਂ ਦੀ ਖ਼ਰੀਦੋ-ਫ਼ਰੋਖ਼ਤ ਦੀ ਇਹ ਕੋਝੀ ਹਰਕਤ ਨਾ ਸਿਰਫ਼਼ ਚੋਣ ਜ਼ਾਬਤੇ ਦੀ ਉਲੰਘਣਾ ਹੈ, ਸਗੋਂ ਲੋਕਤੰਤਰ ਦੀਆਂ ਮੂਲ ਕਦਰਾਂ-ਕੀਮਤਾਂ ‘ਤੇ ਵੀ ਸਿੱਧਾ ਹਮਲਾ ਹੈ।

ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਰਾਜਾ ਵੜਿੰਗ ਦੀਆਂ ਕਾਰਵਾਈਆਂ ਉਹ ਸਭ ਕੁਝ ਦਰਸਾਉਂਦੀਆਂ ਹਨ ਜੋ ਰਵਾਇਤੀ ਸਿਆਸੀ ਪ੍ਰਣਾਲੀ ਲਈ ਖ਼ਤਰਾ ਹੈ। ਵੋਟਰਾਂ ਨੂੰ ਪੈਸੇ ਦੀ ਪੇਸ਼ਕਸ਼ ਕਰਕੇ, ਉਹ ਉਨ੍ਹਾਂ ਦੀ ਵਫ਼ਾਦਾਰੀ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਬੁਨਿਆਦੀ ਸਿਧਾਂਤਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।  ਅਜਿਹਾ ਵਿਵਹਾਰ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਹੈ ਅਤੇ ਅਸੀਂ ਚੋਣ ਕਮਿਸ਼ਨ ਤੋਂ ਰਾਜਾ ਵੜਿੰਗ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਇਹ ਘਟਨਾ ਕਾਂਗਰਸ ਪਾਰਟੀ ਦੇ ਲੋਕਤੰਤਰ ਵਿੱਚ ਘੱਟ ਵਿਸ਼ਵਾਸ ਨੂੰ ਵੀ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਰਗੇ ਸਿਆਸਤਦਾਨ ਸਾਲਾਂ ਤੋਂ ਵੋਟਰਾਂ ਨੂੰ ਨੌਕਰੀਆਂ, ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ ਨੂੰ ਪੂਰਾ ਕਰਨ ਦੀ ਬਜਾਏ ਪੈਸੇ ਦਾ ਲਾਲਚ ਦੇ ਕੇ ਗੁੰਮਰਾਹ ਕਰ ਰਹੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਿਆਸਤਦਾਨ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਸਿਰਫ ਆਪਣੇ ਫ਼ਾਇਦੇ ਲਈ ਵੋਟਰਾਂ ਦਾ ਸ਼ੋਸ਼ਣ ਕਰਦੇ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਿਹਤਰ ਦੇ ਹੱਕਦਾਰ ਹਨ।  ਹੁਣ ਲੋਕਾਂ ਨੂੰ ਅਜਿਹੇ ਆਗੂਆਂ ਦੀ ਲੋੜ ਹੈ ਜੋ ਉਨ੍ਹਾਂ ਦੀ ਭਲਾਈ ਲਈ ਕੰਮ ਕਰਨ ਅਤੇ ਉਨ੍ਹਾਂ ਦੀਆਂ ਵੋਟਾਂ ਲੈਣ ਲਈ ਘਟੀਆ ਹੱਥਕੰਡੇ ਨਾ ਅਪਣਾਉਣ। ਉਨ੍ਹਾਂ ਕਿਹਾ ਕਿ ਜੇਕਰ ਰਾਜਾ ਵੜਿੰਗ ਨੂੰ ਸੱਚਮੁੱਚ ਲੋਕਾਂ ਦੀ ਪ੍ਰਵਾਹ ਹੈ ਤਾਂ ਉਨ੍ਹਾਂ ਨੂੰ ਆਮ ਲੋਕਾਂ ਦੇ ਅਸਲ ਮੁੱਦਿਆਂ ਜਿਵੇਂ ਬੇਰੁਜ਼ਗਾਰੀ, ਸਿਹਤ ਸੇਵਾਵਾਂ ਅਤੇ ਜਨਤਕ ਸੇਵਾਵਾਂ ਵਿੱਚ ਸੁਧਾਰ ਆਦਿ ਨੂੰ ਹੱਲ ਕਰਨਾ ਚਾਹੀਦਾ ਹੈ।

ਗਰਗ ਨੇ ਵੋਟਰਾਂ ਨੂੰ ਅਜਿਹੀਆਂ ਵੰਡ ਪਾਉਣ ਵਾਲੀਆਂ ਅਤੇ ਭ੍ਰਿਸ਼ਟ ਪ੍ਰਥਾਵਾਂ ਨੂੰ ਨਕਾਰਦਿਆਂ ਆਉਣ ਵਾਲੀਆਂ ਚੋਣਾਂ ਵਿੱਚ ਆਪਣੀ ਜ਼ਮੀਰ ਨਾਲ ਵੋਟ ਪਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੋ ਪੈਸੇ ਪੇਸ਼ ਕੀਤੇ ਜਾ ਰਹੇ ਹਨ, ਉਹ ਤੁਹਾਡੇ ਆਪਣੇ ਪੈਸੇ ਹਨ, ਜੋ ਤੁਹਾਡੇ ਵੱਲੋਂ ਅਦਾ ਕੀਤੇ ਟੈਕਸਾਂ ਵਿੱਚੋਂ ਚੋਰੀ ਕੀਤੇ ਗਏ ਹਨ। ਹੁਣ ਇਸ ਨੂੰ ਸਿਆਸੀ ਲਾਹੇ ਲਈ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਜਿਹੀਆਂ ਕੋਝੀਆਂ ਚਾਲਾਂ ਤੋਂ ਉੱਪਰ ਉੱਠ ਕੇ ਅਜਿਹੀ ਪਾਰਟੀ ਨੂੰ ਵੋਟ ਪਾਈਏ ਜੋ ਸੱਚਮੁੱਚ ਲੋਕਾਂ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਦੀ ਹੋਵੇ।

ਇਹ ਜਨਤਾ ਦਾ ਹੀ ਪੈਸਾ ਹੈ ਜੋ ਸੱਤਾ ਵਿਚ ਰਹਿੰਦਿਆਂ ਉਨ੍ਹਾਂ ਨੇ ਲੁੱਟਿਆ, ਹੁਣ ਵੋਟਾਂ ਖ਼ਰੀਦਣ ਲਈ ਵਰਤ ਰਹੇ ਹਨ: ਪਵਨ ਕੁਮਾਰ ਟੀਨੂੰ

ਆਮ ਆਦਮੀ ਪਾਰਟੀ ਦੇ ਆਗੂ ਅਤੇ ਸੀਨੀਅਰ ਬੁਲਾਰੇ ਪਵਨ ਕੁਮਾਰ ਟੀਨੂੰ ਨੇ ਵੀ ਰਾਜਾ ਵੜਿੰਗ ਦੀ ਸਖ਼ਤ ਨਿਖੇਧੀ ਕਰਦਿਆਂ ਅਜਿਹੀਆਂ ਕੋਝੀਆਂ ਚਾਲਾਂ ਦੀ ਅਨੈਤਿਕਤਾ ਨੂੰ ਉਜਾਗਰ ਕੀਤਾ। ਟੀਨੂੰ ਨੇ ਕਿਹਾ ਕਿ ਇਹ ਲੋਕਾਂ ਦਾ ਹੀ ਪੈਸਾ ਹੈ ਜਿਸ ਨੂੰ ਇਨ੍ਹਾਂ ਸਿਆਸਤਦਾਨਾਂ ਨੇ ਸੱਤਾ ‘ਚ ਰਹਿੰਦਿਆਂ ਲੁੱਟਿਆ ਅਤੇ ਹੁਣ ਉਹ ਇਸ ਦੀ ਵਰਤੋਂ ਵੋਟਾਂ ਖ਼ਰੀਦਣ ਲਈ ਕਰ ਰਹੇ ਹਨ। 

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਪ੍ਰਥਾਵਾਂ ਸਿਆਸੀ ਪ੍ਰਕਿਰਿਆ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦੀ ਹਨ ਅਤੇ ਭ੍ਰਿਸ਼ਟਾਚਾਰ ਨੂੰ ਅੱਗੇ ਵਧਾਉਂਦੀਆਂ ਹਨ।  ਇਹ ਕਾਂਗਰਸ ਦੀ ਸੱਤਾ ਵਿੱਚ ਆਪਣੀ ਪਕੜ ਬਣਾਈ ਰੱਖਣ ਦੀ ਕੋਝੀ ਕੋਸ਼ਿਸ਼ ਹੈ ਪਰ ਪੰਜਾਬ ਦੇ ਲੋਕ ਹੁਣ ਅਜਿਹੀਆਂ ਚਾਲਾਂ ‘ਚ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸ਼ਾਸਨ ਵਿੱਚ ਪਾਰਦਰਸ਼ਤਾ, ਜਵਾਬਦੇਹੀ ਅਤੇ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਫ਼ਰਜ਼ੀ ਪੇਸ਼ਕਸ਼ਾਂ ਨੂੰ ਰੱਦ ਕਰਨ ਅਤੇ ਅਜਿਹੀ ਪਾਰਟੀ ਦਾ ਸਮਰਥਨ ਕਰਨ ਜੋ ਅਸਲ ਵਿੱਚ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਕੰਮ ਕਰ ਰਹੀ ਹੈ।

Written By
The Punjab Wire