ਗੁਰਦਾਸਪੁਰ

ਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ ਦੇ ਬੱਚਿਆਂ ਅਤੇ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ

ਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ ਦੇ ਬੱਚਿਆਂ ਅਤੇ ਬਿਰਧ ਆਸ਼ਰਮ ਵਿਖੇ ਬਜ਼ੁਰਗਾਂ ਨਾਲ ਮਨਾਇਆ ਦੀਵਾਲੀ ਦਾ ਤਿਉਹਾਰ
  • PublishedOctober 31, 2024

ਗੁਰਦਾਸਪੁਰ, 31 ਅਕਤੂਬਰ 2024 (ਦੀ ਪੰਜਾਬ ਵਾਇਰ )। ਸ੍ਰੀ ਉਮਾ ਸ਼ੰਕਰ ਗੁਪਤਾ, ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਅੱਜ ਚਿਲਡਰਨ ਹੋਮ ਦੇ ਬੱਚਿਆਂ ਅਤੇ ਬਿਰਧ ਆਸ਼ਰਮ ਵਿਖੇ ਰਹਿ ਰਹੇ ਬਜ਼ੁਰਗਾਂ ਨਾਲ ਮਿਲ ਕੇ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ ਤੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡਿਪਟੀ ਕਮਿਸ਼ਨਰ ਦੀ ਧਰਮਪਤਨੀ ਸ੍ਰੀਮਤੀ ਸ਼ਿਵਾ ਗੁਪਤਾ, ਚੇਅਰਪਰਸਨ, ਰੈੱਡ ਕਰਾਸ ਹਸਪਤਾਲ ਭਲਾਈ ਸ਼ਾਖਾ ਗੁਰਦਾਸਪੁਰ, ਰਾਜੀਵ ਠਾਕੁਰ, ਸੈਕਰਟਰੀ ਰੈੱਡ ਕਰਾਸ, ਚਿਲਡਰਨ ਹੋਮ ਦੇ ਸੁਪਰਡੈਂਟ ਮੈਡਮ ਸੰਦੀਪ ਕੋਰ ਅਤੇ ਬਿਰਧ ਆਸ਼ਰਮ ਦੇ ਇੰਚਾਰਜ ਮੈਡਮ ਅਰਪਨਾ ਵੀ ਮੋਜੂਦ ਸਨ।

ਡਿਪਟੀ ਕਮਿਸ਼ਨਰ ਨੇ ਬੱਚਿਆਂ ਤੇ ਬਜ਼ੁਰਗਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬੱਚੇ ਅਤੇ ਬਜ਼ੁਰਗ ਆਪਣੇ ਆਪ ਨੂੰ ਕਦੀ ਇਕੱਲਾ ਮਹਿਸੂਸ ਨਾ ਕਰਨ ਕਿਉਂਕਿ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਹਮੇਸ਼ਾਂ ਉਨ੍ਹਾਂ ਦੇ ਨਾਲ ਹੈ।

ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪਰਵਰਿਸ਼ ਕਰਨਾ ਅਤੇ ਬਜ਼ੁਰਗਾਂ ਦੀ ਸੰਭਾਲ ਕਰਨਾ ਸਾਡੀ ਸਾਰਿਆਂ ਦੀ ਸਮਾਜਿਕ, ਨੈਤਿਕ ਅਤੇ ਕਾਨੂੰਨੀ ਜ਼ਿੰਮੇਵਾਰੀ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਿਲਡਰਨ ਹੋਮ ਵਿੱਚ ਬੱਚਿਆਂ ਦੀ ਦੇਖਭਾਲ, ਪੜ੍ਹਾਈ ਸਮੇਤ ਹਰ ਸਹੂਲਤ ਦਾ ਖਿਆਲ ਰੱਖਿਆ ਜਾ ਰਿਹਾ ਹੈ। ਇਸ ਮੌਕੇ ਚਿਲਡਰਨ ਹੋਮ ਦੇ ਬੱਚਿਆਂ ਵਲੋਂ ਦੀਪਾਵਲੀ ਲਈ ਖੁਦ ਦੀਵੇ ਬਣਾ ਕੇ ਤਿਆਰ ਕੀਤੇ ਸਨ। ਡਿਪਟੀ ਕਮਿਸ਼ਨਰ ਨੇ ਬੱਚਿਆਂ ਦੀ ਕਲਾਕਾਰੀ ਤੇ ਮਿਹਨਤ ਤੋਂ ਖੁਸ਼ ਹੋ ਕੇ ਸਾਰੇ ਦੀਵੇ ਖਰੀਦ ਲਏ ਤੇ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਉਨ੍ਹਾਂ ਚਿਲਡਰਨ ਹੋਮ ਦੇ ਬੱਚਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ।

ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਅੱਜ ਬੱਚਿਆਂ ਨਾਲ ਦੀਵਾਲੀ ਦਾ ਤਿਉਹਾਰ ਮਨਾ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਹੈ ਅਤੇ ਉਹ ਦੀਵਾਲੀ ਸਮਾਗਮ ਲਈ ਚਿਲਡਨ ਹੋਮ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦੇ ਹਨ।

ਉਪਰੰਤ ਡਿਪਟੀ ਕਮਿਸ਼ਨਰ ਨੇ ਬਿਰਧ ਆਸ਼ਰਮ, ਜੀਵਨਵਾਲ ਬੱਬਰੀ ਵਿਖੇ ਬਜ਼ੁਰਗਾਂ ਨਾਲ ਦੀਵਾਲੀ ਮਨਾਈ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਬਿਰਧ ਆਸ਼ਰਮ ਦੇ ਪ੍ਰਬੰਧਕਾਂ ਨੂੰ ਕਿਹਾ ਕਿ ਉਹ ਬਜ਼ੁਰਗਾਂ ਦੀ ਸੰਭਾਲ ਵਿੱਚ ਕਿਸੇ ਕਿਸਮ ਦੀ ਕੋਈ ਕਮੀ ਨਾ ਆਉਣ ਦੇਣ।

ਉਨ੍ਹਾਂ ਕਿਹਾ ਕਿ ਦੀਵਾਲੀ, ਖੁਸ਼ੀਆਂ ਦਾ ਤਿਉਹਾਰ ਹੈ ਅਤੇ ਉਹ ਅਰਦਾਸ ਕਰਦੇ ਹਨ ਕਿ ਇਹ ਦੀਵਾਲੀ ਹਰ ਇੱਕ ਦੀ ਜ਼ਿੰਦਗੀ ਵਿੱਚ ਖੁਸ਼ੀਆਂ-ਖੇੜੇ ਤੇ ਖੁਸ਼ਹਾਲੀ ਲੈ ਕੇ ਆਵੇ।

ਇਸ ਮੌਕੇ ਉਨ੍ਹਾਂ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਨੂੰ ਦੀਵਾਲੀ ਦੇ ਤੋਹਫ਼ੇ ਦਿੱਤੇ ਗਏ।

Written By
The Punjab Wire