ਗੁਰਦਾਸਪੁਰ ਪੰਜਾਬ

ਦੀਵਾਲੀ ‘ਤੇ ਵੀ ਡਟੇ ਅਧਿਕਾਰੀ: ਗੁਰਦਾਸਪੁਰ ‘ਚ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਸ਼ਾਸਨ ਦੀ ਸਖ਼ਤ ਮੁਹਿੰਮ

ਦੀਵਾਲੀ ‘ਤੇ ਵੀ ਡਟੇ ਅਧਿਕਾਰੀ: ਗੁਰਦਾਸਪੁਰ ‘ਚ ਪਰਾਲੀ ਸਾੜਨ ਤੋਂ ਰੋਕਣ ਲਈ ਪ੍ਰਸ਼ਾਸਨ ਦੀ ਸਖ਼ਤ ਮੁਹਿੰਮ
  • PublishedOctober 31, 2024

ਗੁਰਦਾਸਪੁਰ, 30 ਅਕਤੂਬਰ 2024 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਗੁਰਦਾਸਪੁਰ ਉਮਾ ਸ਼ੰਕਰ ਗੁਪਤਾ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਰਾਲੀ ਸਾੜਨ ਰੋਕਣ ਲਈ ਜ਼ਮੀਨੀ ਪੱਧਰ ‘ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਸਿਵਲ ਤੇ ਪੁਲਿਸ ਵਿਭਾਗ ਦੀਆਂ ਸਾਂਝੀਆਂ ਟੀਮਾਂ ਫੀਲਡ ਵਿੱਚ ਮੁਹਿੰਮ ਚਲਾ ਰਹੀਆਂ ਹਨ, ਅਤੇ ਦੀਵਾਲੀ ਵਾਲੇ ਦਿਨ ਵੀ ਅਧਿਕਾਰੀ ਅਤੇ ਫਲਾਇੰਗ ਸਕੈਅਡ ਟੀਮਾਂ ਫੀਲਡ ਵਿੱਚ ਮੌਜੂਦ ਰਹੀਆਂ।

ਤੁਰੰਤ ਕਾਰਵਾਈ ਨਾਲ ਅੱਗ ਬੁਝਾਈ

ਐਸਡੀਐਮ ਗੁਰਦਾਸਪੁਰ, ਕਰਮਜੀਤ ਸਿੰਘ ਨੇ ਦੱਸਿਆ ਕਿ ਬੱਬਰੀ ਅਤੇ ਆਲੇ-ਦੁਆਲੇ ਦੇ ਕਈ ਪਿੰਡਾਂ ਵਿੱਚ ਖੇਤਾਂ ਨੂੰ ਲੱਗੀ ਅੱਗ ਨੂੰ ਮੌਕੇ ‘ਤੇ ਪਹੁੰਚ ਕੇ ਬੁਝਾਇਆ ਗਿਆ। ਪਿੰਡ ਮੁਰਾਦਪੁਰ, ਧੰਨ ਦਿਓ, ਬਹਿਲੋਲਪੁਰ, ਮੁਸਤਫਾਪੁਰ, ਦਬੁਰਜੀ ਅਤੇ ਧਾਰੀਵਾਲ ਵਿੱਚ ਵੀ ਅਜਿਹੇ ਘਟਨਾਵਾਂ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ ਗਈ।

ਮਸ਼ੀਨਰੀ ਦੀ ਵਰਤੋਂ ਲਈ ਪ੍ਰੇਰਨਾ

ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਕਿਸਾਨਾਂ ਨੂੰ ਸਮਝਾਉਣ ਲਈ ਨੋਡਲ ਅਧਿਕਾਰੀ ਨਿਯੁਕਤ ਕੀਤੇ ਗਏ ਹਨ ਜੋ ਪਰਾਲੀ ਸਾੜਨ ਦੇ ਨੁਕਸਾਨ ਬਾਰੇ ਜਾਣਕਾਰੀ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਮਸ਼ੀਨਰੀ ਦੀ ਵਰਤੋਂ ਲਈ ਪ੍ਰੇਰਿਤ ਕਰ ਰਹੇ ਹਨ। ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਮਸ਼ੀਨਰੀ ਦੀ ਵਰਤੋਂ ਅਤੇ ਪਰਾਲੀ ਪ੍ਰਬੰਧਨ ਦੇ ਹੱਲ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।

ਕਿਸਾਨਾਂ ਲਈ ਹੈਲਪਲਾਈਨ ਤੇ ਮਦਦ

ਕਿਸਾਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਪਰਾਲੀ ਪ੍ਰਬੰਧਨ ਵਿੱਚ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਨੇੜਲੇ ਖੇਤੀਬਾੜੀ ਵਿਭਾਗ ਜਾਂ ਐਸ.ਡੀ.ਐਮ ਦਫ਼ਤਰ ਵਿੱਚ ਸੰਪਰਕ ਕਰ ਸਕਦੇ ਹਨ ਜਾਂ 1800-180-1852 ਹੈਲਪਲਾਈਨ ਨੰਬਰ ‘ਤੇ ਮਦਦ ਲਈ ਕਾਲ ਕਰ ਸਕਦੇ ਹਨ।

Written By
The Punjab Wire