Close

Recent Posts

ਪੰਜਾਬ ਮੁੱਖ ਖ਼ਬਰ

ਕਿਸਾਨ ਅੰਦੋਲਨ ਦਾ ਬਦਲਾ ਲੈਣਾ ਚਾਹੁੰਦੀ ਹੈ ਕੇਂਦਰ ਸਰਕਾਰ : ਕੰਗ

ਕਿਸਾਨ ਅੰਦੋਲਨ ਦਾ ਬਦਲਾ ਲੈਣਾ ਚਾਹੁੰਦੀ ਹੈ ਕੇਂਦਰ ਸਰਕਾਰ : ਕੰਗ
  • PublishedOctober 29, 2024

ਭਾਜਪਾ ਜਾਣਬੁੱਝ ਕੇ ਨਵੇ ਤਰੀਕੇ ਕੱਢਦੀ ਰਹਿੰਦੀ ਹੈ ਪੰਜਾਬ ਨੂੰ ਗੋਡਿਆਂ ਤੇ ਲਿਆਉਣ ਲਈ : ਕੰਗ

ਚਾਹੁੰਦੀ ਕੀ ਹੈ ਭਾਜਪਾ, ਕਿ ਮੁੱਖ ਮੰਤਰੀ ਗੋਦਾਮ ਖਾਲੀ ਕਰਵਾਉਣ ਲਈ ਪ੍ਰਧਾਨ ਮੰਤਰੀ ਦੇ ਪੈਰ ਫੜ ਲੈਣ?  – ਮਲਵਿੰਦਰ ਕੰਗ  

ਪੰਜਾਬ ਸਰਕਾਰ ਮਾਰਚ ਤੋਂ ਐਫਸੀਆਈ ਨੂੰ ਲਿਫਟਿੰਗ ਲਈ ਪੱਤਰ ਲਿਖ ਰਹੀ ਸੀ, ਪਰ ਕੇਂਦਰ ਸਰਕਾਰ 9 ਮਹੀਨਿਆਂ ਤੋਂ ਕੁੰਭਕਰਨ ਵਾਂਗ ਸੁੱਤੀ ਰਹੀ – ਕੰਗ 

44000 ਕਰੋੜ ਸੀਸੀਐਲ ਜੋ ਆਰਬੀਆਈ ਹਰ ਸਾਲ ਜਾਰੀ ਕਰਦਾ ਹੈ, ਉਸਨੂੰ ਵੀ ਭਾਜਪਾ ਇਹਸਾਨ ਵਜੋਂ ਦਿਖਾ ਰਹੀ ਹੈ: ਕੰਗ

ਚੰਡੀਗੜ੍ਹ, 29 ਅਕਤੂਬਰ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ ਨੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਵਿੱਚ ਆ ਰਹੀਆਂ ਦਿੱਕਤਾਂ ਨੂੰ ਲੈ ਕੇ ਇੱਕ ਵਾਰ ਫਿਰ ਭਾਜਪਾ ਅਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਭਾਰਤ ਸਰਕਾਰ ਦੇ ਖੁਰਾਕ ਸਪਲਾਈ ਮੰਤਰਾਲੇ ਦੀ ਇਹ ਰੁਟੀਨ ਪ੍ਰਕਿਰਿਆ ਹੈ ਕਿ ਐਫਸੀਆਈ ਹਰ ਸਾਲ ਮੰਡੀਆਂ ਵਿੱਚ ਅਨਾਜ ਆਉਣ ਤੋਂ ਪਹਿਲਾਂ ਆਪਣੇ ਗੁਦਾਮਾਂ ਵਿੱਚੋਂ ਪੁਰਾਣਾ ਅਨਾਜ ਚੁੱਕ ਲੈਂਦੀ ਹੈ ਤਾਂ ਜੋ ਅਨਾਜ ਦੀ ਢੋਆ-ਢੁਆਈ ਲਈ ਥਾਂ ਖਾਲੀ ਰਹੇ।  ਇਹ ਕੰਮ ਸਿਰਫ਼ ਇੱਕ-ਦੋ ਸਾਲਾਂ ਤੋਂ ਨਹੀਂ ਚੱਲ ਰਿਹਾ, ਸਗੋਂ ਦਹਾਕਿਆਂ ਤੋਂ ਇਹੀ ਸਿਲਸਿਲਾ ਚੱਲ ਰਿਹਾ ਹੈ।

ਮੰਗਲਵਾਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦਫਤਰ ਵਿਖੇ ‘ਆਪ’ ਆਗੂ ਜਗਦੀਪ ਸਿੰਘ ਕਾਕਾ ਬਰਾੜ ਅਤੇ ਸ਼ਮਿੰਦਰ ਖੀਂਡਾ ਦੇ ਨਾਲ ਮੀਡੀਆ ਨੂੰ ਸੰਬੋਧਨ ਕਰਦਿਆਂ ਕੰਗ ਨੇ ਕਿਹਾ ਕਿ ਇਸ ਵਾਰ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਲਈ ਜਾਣਬੁੱਝ ਕੇ ਗੁਦਾਮ ਖਾਲੀ ਨਹੀਂ ਕਰਵਾਏ।  ਹੁਣ ਜਦੋਂ ਵਿਵਾਦ ਵਧ ਗਿਆ ਹੈ ਅਤੇ ਕੇਂਦਰ ਸਰਕਾਰ ਫਸਦੀ ਜਾ ਰਹੀ ਹੈ ਤਾਂ ਇਹ ਆਪਣੇ ਮੰਤਰੀ ਰਵਨੀਤ ਬਿੱਟੂ ਰਾਹੀਂ ਝੂਠ ਬੋਲ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।  ਭਾਜਪਾ ਨੇ ਜਾਣਬੁੱਝ ਕੇ ਇਹ ਵਿਵਾਦ ਖੜ੍ਹਾ ਕੀਤਾ ਹੈ।

ਕੰਗ ਨੇ ਸਵਾਲ ਕਰਦਿਆਂ ਕਿਹਾ ਕਿ ਭਾਜਪਾ ਆਗੂ ਕਹਿ ਰਹੇ ਹਨ ਕਿ ਮੁੱਖ ਮੰਤਰੀ ਖੁਦ ਦਿੱਲੀ ਜਾ ਕੇ ਮਾਮਲਾ ਹੱਲ ਕਿਉਂ ਨਹੀਂ ਕਰ ਰਹੇ, ਕੀ ਭਾਜਪਾ ਚਾਹੁੰਦੀ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਗੋਦਾਮ ਖਾਲੀ ਕਰਵਾਉਣ ਲਈ ਪ੍ਰਧਾਨ ਮੰਤਰੀ ਦੇ ਪੈਰ ਫੜੇ?  ਜੇਕਰ ਉਹ ਇਹੀ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਖੁੱਲ੍ਹ ਕੇ ਕਹਿਣਾ ਚਾਹੀਦਾ ਹੈ ਕਿ ਜਦੋਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਦੇ ਪੈਰ ਫੜ ਕੇ ਬੇਨਤੀ ਕਰਨਗੇ ਤਾਂ ਹੀ ਮਾਮਲਾ ਹੱਲ ਹੋਵੇਗਾ।

ਕੰਗ ਨੇ ਕਿਹਾ ਕਿ ਮਾਰਚ ਮਹੀਨੇ ਤੋਂ ਪੰਜਾਬ ਦਾ ਖੁਰਾਕ ਸਪਲਾਈ ਵਿਭਾਗ ਐਫਸੀਆਈ ਅਤੇ ਕੇਂਦਰੀ ਮੰਤਰਾਲੇ ਨੂੰ ਪੱਤਰ ਲਿਖ ਰਿਹਾ ਸੀ ਅਨਾਜ ਖਾਲੀ ਕਰਨ ਦੀ ਅਪੀਲ ਕਰ ਰਿਹਾ ਸੀ, ਪਰ ਕੇਂਦਰ ਸਰਕਾਰ 9 ਮਹੀਨੇ ਕੁੰਭਕਰਨ ਵਾਂਗ ਸੁੱਤੀ ਰਹੀ। ਮਿਤੀਆਂ ਦੇ ਨਾਲ ਕੰਗ ਨੇ ਦਸਿਆ ਕਿ ਪੰਜਾਬ ਦੇ ਖੁਰਾਕ ਸਪਲਾਈ ਵਿਭਾਗ ਨੇ ਪਹਿਲਾਂ 5 ਮਾਰਚ, ਫਿਰ 11 ਮਾਰਚ, 13 ਮਾਰਚ, 19 ਮਾਰਚ ਅਤੇ 22 ਮਾਰਚ ਨੂੰ ਐਫਸੀਆਈ ਨੂੰ ਪੱਤਰ ਲਿਖਿਆ ਸੀ। ਜੂਨ ਵਿੱਚ ਦੋ ਵਾਰ 14 ਤੇ 27 ਤਰੀਕ ਨੂੰ ਪੱਤਰ ਲਿਖੀਆ। 3 ਸਤੰਬਰ ਨੂੰ ਵੀ ਲਿਖਿਆ ਸੀ। 

ਅਧਿਕਾਰੀਆਂ ਵਿਚਾਲੇ ਹੋਏ ਪੱਤਰ ਵਿਹਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ 25 ਸਤੰਬਰ ਨੂੰ ਫੋਨ ‘ਤੇ ਗੱਲ ਕੀਤੀ ਅਤੇ 30 ਸਤੰਬਰ ਨੂੰ ਦਿੱਲੀ ‘ਚ ਉਨ੍ਹਾਂ ਨਾਲ ਮੁਲਾਕਾਤ ਕੀਤੀ।  ਇਸ ਤੋਂ ਬਾਅਦ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਨਾਲ ਵੀ ਮੁਲਾਕਾਤ ਕੀਤੀ। ਹੁਣ ਭਾਜਪਾ ਵਾਲੇ ਦੱਸਣ ਕਿ ਉਹ ਹੋਰ ਕਿਸ ਨੂੰ ਮਿਲਣ।

ਕੰਗ ਨੇ ਕਿਹਾ ਕਿ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਅਕਤੂਬਰ ਵਿੱਚ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਅਕਤੂਬਰ ਵਿੱਚ 20 ਲੱਖ ਮੀਟ੍ਰਿਕ ਟਨ ਦੀ ਨਿਕਾਸੀ ਕੀਤੀ ਜਾਵੇਗੀ, ਜਦਕਿ ਕੁੱਲ 185 ਲੱਖ ਮੀਟ੍ਰਿਕ ਟਨ ਫਸਲ ਮੰਡੀਆਂ ਵਿੱਚ ਆਉਣੀ ਹੈ।  ਸਵਾਲ ਇਹ ਹੈ ਕਿ ਉਹ ਸਮੇਂ ਸਿਰ ਖਾਲੀ ਕਿਉਂ ਨਹੀਂ ਹੋਏ?  ਕੰਗ ਨੇ ਕਿਹਾ ਕਿ ਭਾਜਪਾ ਆਗੂ 44,000 ਕਰੋੜ ਰੁਪਏ ਦਾ ਸੀਸੀਐਲ ਜੋ ਆਰਬੀਆਈ ਵੱਲੋਂ ਹਰ ਸਾਲ ਝੋਨਾ ਖਰੀਦਣ ਲਈ ਜਾਰੀ ਕੀਤਾ ਜਾਂਦਾ ਹੈ, ਉਸ ਨੂੰ ਵੀ ਭਾਜਪਾ ਵਾਲੇ ਇਹਸਾਨ ਵਜੋਂ ਦਿਖਾ ਰਹੇ ਹਨ।

ਕੰਗ ਨੇ ਕਿਹਾ ਕਿ ਅਸਲ ਵਿੱਚ ਕੇਂਦਰ ਸਰਕਾਰ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਦੋਂ ਕਿ ਪੰਜਾਬ ਸਰਕਾਰ ਦੀ ਖਰੀਦ ਅਤੇ ਰੱਖ-ਰਖਾਅ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।  ਇਸ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੈ।  ਦਰਅਸਲ, ਭਾਜਪਾ ਨੇ ਅਜਿਹਾ ਜਾਣਬੁੱਝ ਕੇ ਬਦਲਾ ਲੈਣ ਅਤੇ ਪੰਜਾਬ ਦੇ ਕਿਸਾਨਾਂ ਅਤੇ ਕਮਿਸ਼ਨ ਏਜੰਟਾਂ ਨੂੰ ਪ੍ਰੇਸ਼ਾਨ ਕਰਨ ਲਈ ਕੀਤਾ ਹੈ।  ਇਹ ਉਸ ਦਾ ਪੰਜਾਬ ਪ੍ਰਤੀ ਮਤਰੇਈ ਮਾਂ ਵਾਲਾ ਵਤੀਰਾ ਦਰਸਾਉਂਦਾ ਹੈ।

ਕੰਗ ਨੇ 28 ਅਕਤੂਬਰ ਨੂੰ 5 ਲੱਖ ਮੀਟ੍ਰਿਕ ਟਨ ਅਨਾਜ ਦੀ ਲਿਫਟਿੰਗ ਕਰਨ ਲਈ ਪੰਜਾਬ ਸਰਕਾਰ ਅਤੇ ਰਾਜ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਜਿੰਨੀ ਮਰਜ਼ੀ ਮੁਸ਼ਕਲਾਂ ਖੜ੍ਹੀ ਕਰ ਲਵੇ ਪਰ ਪੰਜਾਬ ਸਰਕਾਰ ਆਪਣੇ ਕਿਸਾਨਾਂ, ਕਮਿਸ਼ਨ ਏਜੰਟਾਂ ਅਤੇ ਸ਼ੈਲਰ ਮਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨ ਦੇਵੇਗੀ। ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹਾਂ।

Written By
The Punjab Wire