ਪੰਜਾਬ

ਵਿਜੀਲੈਂਸ ਵੱਲੋਂ ਬਾਰਦਾਨੇ ਵਿੱਚ ਹੇਰਾਫੇਰੀ ਨੂੰ ਲੁਕਾਉਣ ਲਈ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਫੂਡ ਸਪਲਾਈ ਇੰਸਪੈਕਟਰ ਕਾਬੂ

ਵਿਜੀਲੈਂਸ ਵੱਲੋਂ ਬਾਰਦਾਨੇ ਵਿੱਚ ਹੇਰਾਫੇਰੀ ਨੂੰ ਲੁਕਾਉਣ ਲਈ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਫੂਡ ਸਪਲਾਈ ਇੰਸਪੈਕਟਰ ਕਾਬੂ
  • PublishedOctober 25, 2024

ਚੰਡੀਗੜ੍ਹ, 25 ਅਕਤੂਬਰ 2024 (ਦੀ ਪੰਜਾਬ ਵਾਇਰ)। ਸੂਬੇ ਵਿੱਚ ਭ੍ਰਿਸ਼ਟਾਚਾਰ ਖਿਲਾਫ਼ ਵਿੱਢੀ ਮੁਹਿੰਮ ਤਹਿਤ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਖੁਰਾਕ ਤੇ ਸਿਵਲ ਸਪਲਾਈ ਇੰਸਪੈਕਟਰ ਵਿਨੋਦ ਖੋਸਲਾ ਨੂੰ ਕਾਬੂ ਕੀਤਾ ਹੈ। ਦੱਸਣਯੋਗ ਹੈ ਕਿ ਉਕਤ ਮੁਲਜ਼ਮ ਉੱਤੇ ਸਰਕਾਰੀ ਬਾਰਦਾਨੇ ‘ਚ ਹੇਰਾਫੇਰੀ ਨੂੰ ਛਪਾਉਣ ਲਈ ਬਟਾਲਾ ਵਿੱਚ ਇੱਕ ਗੋਦਾਮ ਨੂੰ ਅੱਗ ਲਾਉਣ ਦਾ ਦੋਸ਼ ਹੈ।

ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰਤ ਬੁਲਾਰੇ ਨੇ ਦੱਸਿਆ ਕਿ ਉਕਤ ਇੰਸਪੈਕਟਰ ਨੂੰ 2017 ਦੀ ਵਿਜੀਲੈਂਸ ਜਾਂਚ ਨੰਬਰ 3 ਦੀ ਤਸਦੀਕ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਸਤੰਬਰ 2016 ਵਿੱਚ ਫੂਡ ਸਪਲਾਈ ਸੈਂਟਰ, ਬਟਾਲਾ ਦੇ ਗੋਦਾਮ ਨੰਬਰ 5 ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਸੀ ਅਤੇ ਇਸ ਕੇਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਇਸ ਗੋਦਾਮ ਦਾ ਕੰਮ ਦੇਖ ਰਹੇ ਇੰਸਪੈਕਟਰ ਨੇ ਸਰਕਾਰੀ ਬਾਰਦਾਨੇ ਵਿੱਚ ਕੀਤੀ ਗਈ ਹੇਰਾਫੇਰੀ ਨੂੰ ਲੁਕਾਉਣ ਲਈ ਜਾਣਬੁੱਝ ਕੇ ਗੋਦਾਮ ਨੂੰ ਅੱਗ ਲਗਾ ਦਿੱਤੀ ਸੀ, ਜਿਸ ਨਾਲ ਸਰਕਾਰੀ ਖ਼ਜ਼ਾਨੇ ਦਾ ਨੁਕਸਾਨ ਹੋਇਆ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੇ ਥਾਣੇ ਵਿੱਚ ਆਈ.ਪੀ.ਸੀ. ਦੀ ਧਾਰਾ 408 ਅਤੇ 435, ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀ ਧਾਰਾ 13(1)(ਏ) ਅਤੇ 13(2) ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਦੀ ਰੋਕਥਾਮ ਬਾਰੇ ਕਾਨੂੰਨ 1984 ਦੀ ਧਾਰਾ 4 ਤਹਿਤ ਐਫ.ਆਈ.ਆਰ ਨੰ. 48 ਅਧੀਨ ਕੇਸ ਦਰਜ ਕੀਤਾ ਹੈ।

Written By
The Punjab Wire