ਗੁਰਦਾਸਪੁਰ, 24 ਅਕਤੂਬਰ 2024 (ਦੀ ਪੰਜਾਬ ਵਾਇਰ)। ਸੰਯੁਕਤ ਕਿਸਾਨ ਮੋਰਚਾ ਜ਼ਿਲਾ ਗੁਰਦਾਸਪੁਰ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਇੱਕ ਮੀਟਿੰਗ ਰਾਜ ਗੁਰਵਿੰਦਰ ਸਿੰਘ ਲਾਡੀ ਘੁਮਾਣ ਦੀ ਪ੍ਰਧਾਨਗੀ ਹੇਠ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਗੁਰਦਾਸਪੁਰ ਵਿਖੇ ਹੋਈ। ਮੀਟਿੰਗ ਵਿੱਚ ਐਸਕੇਐਮ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਝੋਨੇ ਦੀ ਖਰੀਦ ਸ਼ੁਰੂ ਕਰਾਉਣ ਅਤੇ ਕਿਸਾਨਾਂ ਨੂੰ ਖੱਜਲ ਖਵਾਰੀ ਅਤੇ ਲੁੱਟ ਤੋਂ ਬਚਾਉਣ ਲਈ 25 ਅਕਤੂਬਰ ਨੂੰ ਗੁਰਦਾਸਪੁਰ ਦੇ ਬਬਰੀ ਚੌਕ ਵਿਖੇ 11 ਵਜੇ ਤੋਂ ਤਿੰਨ ਵਜੇ ਤੀਕ ਹਾਈਵੇ ਜਾਮ ਰੱਖਿਆ ਜਾਵੇਗਾ।
ਇਸ ਮੌਕੇ ਬੋਲਦਿਆਂ ਸਤਬੀਰ ਸਿੰਘ ਸੁਲਤਾਨੀ, ਹਰਜੀਤ ਸਿੰਘ ਕਾਹਲੋ, ਮੱਖਣ ਸਿੰਘ ਕੁਹਾੜ, ਤ੍ਰਲੋਕ ਸਿੰਘ ਬਹਿਰਾਮਪੁਰ, ਗੁਰਵਿੰਦਰ ਸਿੰਘ ਜੀਵਨ ਚੱਕ, ਅਸ਼ਵਨੀ ਕੁਮਾਰ ਲਖਣ ਕਲਾਂ ,ਮੱਖਣ ਸਿੰਘ ਤਿੱਬੜ, ਪਲਵਿੰਦਰ ਸਿੰਘ, ਗੁਰਦੀਪ ਸਿੰਘ ਮੁਸਤਫਾਾਬਾਦ, ਬਰਿੰਦਰ ਸਿੰਘ ਲਾਡੀ ਸ਼ਾਹ ਘਰਾਲਾ, ਅਜੀਤ ਸਿੰਘ ਹੁੰਦਲ, ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਬਲਜੀਤ ਸਿੰਘ ਕਲਾਨੌਰ, ਕਪੂਰ ਸਿੰਘ ਘੁੰਮਣ ਆਦਿ ਨੇ ਆਪਣੇ ਵਿਚਾਰ ਰੱਖੇ।
ਬੁਲਾਰਿਆਂ ਨੇ ਆਖਿਆ ਕਿ ਕੇਂਦਰ ਦੀ ਭਾਜਪਾ ਦੀ ਮੋਦੀ ਸਰਕਾਰ ਜਾਣ ਬੁਝ ਕੇ ਪੰਜਾਬ ਦੇ ਕਿਸਾਨਾਂ ਨੂੰ ਖਰਾਬ ਕਰ ਰਹੀ ਹੈ। ਉਹ ਦਿੱਲੀ ਦੇ ਮੋਰਚਿਆਂ ਦੌਰਾਨ ਕਾਲੇ ਕਾਨੂੰਨ ਰੱਦ ਕਰਾਉਣ ਦਾ ਬਦਲਾ ਲੈਣਾ ਚਾਹੁੰਦੀ ਹੈ। ਅਸਲ ਵਿੱਚ ਕੇਂਦਰ ਸਰਕਾਰ ਫਿਰ ਤੋਂ ਅਸਿੱਧੇ ਢੰਗ ਨਾਲ ਕਾਲੇ ਕਾਨੂੰਨ ਲਾਗੂ ਕਰਨ ਹਿਤ ਅਤੇ ਮੰਡੀ ਢਾਂਚਾ ਤਬਾਹ ਕਰਕੇ ਕਿਸਾਨਾਂ ਨੂੰ ਕਾਰਪੋਰੇਟ ਘਰਾਣਿਆਂ ਹਵਾਲੇ ਕਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਅਸਲ ਵਿੱਚ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਅਧੀਨ ਕੰਮ ਕਰ ਰਹੀ ਹੈ ਅਤੇ ਕਿਸਾਨਾਂ ਤੋਂ ਜਮੀਨ ਖੋਹ ਕੇ ਉਹਨਾਂ ਨੂੰ ਮਜ਼ਦੂਰ ਬਣਾਉਣਾ ਚਾਹ ਰਹੀ ਹੈ। ਆਗੂਆਂ ਕਿਹਾ ਕਿ ਕਿਸਾਨ ਮੰਡੀਆ ਵਿੱਚ ਰੁਲ ਰਿਹਾ ਹੈ ।17% ਤੱਕ ਨਮੀ ਵਾਲਾ ਝੋਨਾ ਵੀ 1900-2000 ਦੇ ਕਰੀਬ ਖਰੀਦਿਆ ਜਾ ਰਿਹਾ ਹੈ। ਕਈ ਮੰਡੀਆਂ ਵਿੱਚ ਇੱਕ ਕਵਿੰਟਲ ਪਿੱਛੇ ਪੰਜ ਤੋਂ 10 ਕਿਲੋ ਦਾ ਕੱਟ ਲਾਇਆ ਜਾ ਰਿਹਾ ਹੈ। ਨਮੀ ਚੈੱਕ ਕਰਨ ਵਾਲੀਆਂ ਮਸ਼ੀਨਾਂ ਦੀ ਵੀ ਬਹੁਤੇ ਥਾਈ ਵੱਧ ਨਮੀ ਦਸਾਉਣ ਦੀਆਂ ਸ਼ਕਾਇਤਾਂ ਮਿਲ ਰਹੀਆਂ ਹਨ।
ਉਧਰ ਕੇਂਦਰ ਸਰਕਾਰ ਵਿਰੁੱਧ ਕਾਰਵਾਈ ਕਰਨ ਲਈ ਪੰਜਾਬ ਦੀ ਆਪ ਦੀ ਭਗਵੰਤ ਸਿੰਘ ਮਾਨ ਸਰਕਾਰ ਕੇਂਦਰ ਵਿਰੁੱਧ ਲੜਾਈ ਦੇਣ ਅਤੇ ਅਗਾਊਂ ਢੁਕਵੇ ਪ੍ਰਬੰਧ ਕਰਨ ਵਿੱਚ ਬੁਰੀ ਤਰ੍ਹਾਂ ਫੇਲ ਹੋਈ ਹੈ। ਇਸ ਸਭ ਕੁਝ ਲਈ ਕੇਂਦਰ ਅਤੇ ਪੰਜਾਬ ਦੀ ਸਰਕਾਰ ਨੂੰ ਕਿਸਾਨ ਕਦੇ ਵੀ ਮੁਆਫ ਨਹੀਂ ਕਰਨਗੇ। ਆਗੂਆਂ ਨੇ ਯਾਤਰੀਆਂ ਤੋਂ ਮੁਆਫੀ ਮੰਗਦੇ ਹੋਏ ਬੇਨਤੀ ਕੀਤੀ ਕਿ ਉਹ 11 ਤੋਂ 3 ਵਜੇ ਤੱਕ ਆਪਣੇ ਰੂਟ ਬਦਲ ਕੇ ਸਫਰ ਕਰਨ।
ਅਗੂਆਂ ਦੱਸਿਆ ਕਿ ਇਸ ਤੋਂ ਬਾਅਦ 29 ਅਕਤੂਬਰ ਨੂੰ ਡੀਸੀ ਦਫਤਰ ਦਾ ਜਬਰਦਸਤ ਘਿਰਾਓ ਕੀਤਾ ਜਾਵੇਗਾ,ਜਿਸਦੀ ਜੁਮੇਵਾਰੀ
ਝੋਨਾ ਖੀ੍ਦਣ ਵਿੱਚ ਫੇਲ ਹੋ ਗਏ ਜਿਲ੍ਹਾ ਪ੍ਸ਼ਾਸ਼ਨ ਦੀ ਹੋਵੇਗੀ । ਜੇ ਫੇਰ ਵੀ ਝੋਨੇ ਦੀ ਬਕਾਇਦਾ ਖਰੀਦ ਠੀਕ ਕੀਮਤ ਤੇ ਨਾ ਸ਼ੁਰੂ ਹੋਈ ਤਾਂ ਅੱਗੋਂ ਬਹੁਤ ਵੱਡੇ ਐਕਸ਼ਨ ਉਲੀਕੇ ਜਾਣਗੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਕਿਸਾਨਾਂ ਨੂੰ ਖਰਾਬ ਕਰਨ ਅਤੇ ਉਹਨਾਂ ਦੀ ਲੁੱਟ ਕਰਨ ਤੇ ਕੇਂਦਰ ਤੇ ਸੂਬਾ ਸਰਕਾਰ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਸਿੰਘ ਥਾਣੇਵਾਲ ਸੋਨੂ ਸ਼ਾਹ ਘਰਾਲਾ ਬਲਬੀਰ ਸਿੰਘ ਮਾੜੇ ਜਰਨੈਲ ਸਿੰਘ ਮੰਗਲ ਸਿੰਘ ਅਟਾਰੀ ਅਤੇ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।