ਪੰਜਾਬ

ਸਤਕਾਰ ਕੌਰ ਦੀ ਗ੍ਰਿਫਤਾਰੀ ਨੇ ਪੰਜਾਬ ਦੇ ਡਰੱਗ ਸੰਕਟ ਵਿੱਚ ਵਿਰੋਧੀ ਧਿਰ ਦੀ ਡੂੰਘੀ ਸ਼ਮੂਲੀਅਤ ਨੂੰ ਕੀਤਾ ਉਜਾਗਰ: ਆਪ

ਸਤਕਾਰ ਕੌਰ ਦੀ ਗ੍ਰਿਫਤਾਰੀ ਨੇ ਪੰਜਾਬ ਦੇ ਡਰੱਗ ਸੰਕਟ ਵਿੱਚ ਵਿਰੋਧੀ ਧਿਰ ਦੀ ਡੂੰਘੀ ਸ਼ਮੂਲੀਅਤ ਨੂੰ ਕੀਤਾ ਉਜਾਗਰ: ਆਪ
  • PublishedOctober 23, 2024

ਨੀਲ ਗਰਗ ਨੇ ਨਸ਼ਾ ਤਸਕਰਾਂ ਦੀ ਸਰਪ੍ਰਸਤੀ (ਸਮਰਥਨ) ਕਰਨ ਅਤੇ ਸਾਡੇ ਨੌਜਵਾਨਾਂ ਨੂੰ ਤਬਾਹ ਕਰਨ ਲਈ ਕਾਂਗਰਸ ਅਤੇ ਭਾਜਪਾ ਦੀ ਕੀਤੀ ਨਿੰਦਾ

ਦੋਸ਼ ਲਾਉਣ ਦੀ ਬਜਾਏ ਹੁਣ ਜਵਾਬਦੇਹੀ ਦਾ ਸਮਾਂ: ਨੀਲ ਗਰਗ ਨੇ ਕਾਂਗਰਸ, ਭਾਜਪਾ ਅਤੇ ਅਕਾਲੀ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ, 23 ਅਕਤੂਬਰ 2024 (ਦੀ ਪੰਜਾਬ ਵਾਇਰ)। ਫਿਰੋਜ਼ਪੁਰ ਦਿਹਾਤੀ ਤੋਂ ਸਾਬਕਾ ਕਾਂਗਰਸੀ ਵਿਧਾਇਕ ਸਤਕਾਰ ਕੌਰ ਦੀ ਨਸ਼ਿਆਂ ਦੇ ਕੇਸ ਵਿੱਚ ਗ੍ਰਿਫ਼ਤਾਰੀ ’ਤੇ ਪ੍ਰਤੀਕਰਮ ਦਿੰਦਿਆਂ ‘ਆਪ’ ਨੇ ਕਿਹਾ ਕਿ ਇਹ ਪਾਰਟੀਆਂ ਨਸ਼ਿਆਂ ਦੇ ਤਸਕਰਾਂ ਨਾਲ ਕਿੰਨੀ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ, ਇਸ ਦੀ ਇੱਕ ਹੋਰ ਉਦਾਹਰਣ ਸਾਹਮਣੇ ਆਈ ਹੈ। ਸਤਕਾਰ ਕੌਰ ਇਸ ਸਮੇਂ ਭਾਜਪਾ ਵਿੱਚ ਹਨ, ਇਸ ਲਈ ‘ਆਪ’ ਨੇ ਇਸ ਮਾਮਲੇ ’ਤੇ ਭਾਜਪਾ ਤੋਂ ਉਸ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।

ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ‘ਆਪ’ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਪੰਜਾਬ ਵਿੱਚ ਨਸ਼ਿਆਂ ਦੀ ਤਸਕਰੀ ਨੂੰ ਲਗਾਤਾਰ ਜਾਰੀ ਰੱਖਣ ਵਿੱਚ ਵਿਰੋਧੀ ਪਾਰਟੀਆਂ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੀ ਭੂਮਿਕਾ ਦੀ ਨਿਖੇਧੀ ਕੀਤੀ। ਉਨ੍ਹਾਂ ਜ਼ੋਰ ਦੇ ਕੇ ਕਿਹਾ, “ਨਸ਼ੇ ਦੀ ਤਸਕਰੀ ਦੀਆਂ ਜੜ੍ਹਾਂ ਪੰਜਾਬ ਵਿੱਚ ਡੂੰਘੀਆਂ ਹੋ ਗਈਆਂ ਹਨ ਅਤੇ ਇਹ ਪਾਰਟੀਆਂ ਨਸ਼ਿਆਂ ਕਾਰਨ ਹੋਣ ਵਾਲੀ ਤਬਾਹੀ ਵੱਲ ਅੱਖਾਂ ਬੰਦ ਕਰ ਚੁੱਕੀਆਂ ਹਨ।”

ਗਰਗ ਨੇ ਸਾਬਕਾ ਵਿਧਾਇਕ ਸਤਕਾਰ ਕੌਰ ਦੀ ਹਾਲ ਹੀ ਵਿੱਚ ਹੋਈ ਗ੍ਰਿਫਤਾਰੀ ਨੂੰ ਨਸ਼ੀਲੇ ਪਦਾਰਥਾਂ ਦੇ ਸੌਦਿਆਂ ਨਾਲ ਜੋੜਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਰਾਜਨੀਤਿਕ ਸ਼ਖਸੀਅਤਾਂ ਨੇ ਇਤਿਹਾਸਕ ਤੌਰ ‘ਤੇ ਨਸ਼ਾ ਤਸਕਰਾਂ ਨੂੰ ਪਨਾਹ ਦਿੱਤੀ ਹੈ, ਜਿਸ ਕਾਰਨ ਸੂਬੇ ਵਿੱਚ ਨਸ਼ਿਆਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕਮਜ਼ੋਰ ਹੋ ਰਹਿਆਂ ਹਨ । “ਇਹ ਸਿਰਫ਼ ਇੱਕ ਸਿਆਸੀ ਮੁੱਦਾ ਨਹੀਂ ਹੈ; ਇਹ ਸਾਡੇ ਨੌਜਵਾਨਾਂ ਦੇ ਭਵਿੱਖ ਬਾਰੇ ਵੀ ਹੈ।

ਉਨ੍ਹਾਂ ਨੇ ਲੋਕ ਭਲਾਈ ਦੇ ਬਜਾਏ ਸਿਆਸੀ ਲਾਹਾ ਲੈਣ ਨੂੰ ਪਹਿਲ ਦੇਣ ਲਈ ਵਿਰੋਧੀ ਧਿਰ ਦੀ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਉਹ ਨਸ਼ਿਆਂ ਦੇ ਸੰਕਟ ਨੂੰ ਹੱਲ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ। ਗਰਗ ਨੇ ਕਿਹਾ, ” ਹੁਣ ਸਮਾਂ ਆ ਗਿਆ ਹੈ ਕਿ ਇਹ ਪਾਰਟੀਆਂ ਆਪਣੀ ਦੋਸ਼ ਲਾਉਣ ਦੇ ਖੇਡ ਨੂੰ ਬੰਦ ਕਰਨ ਅਤੇ ਆਪਣੀਆਂ ਪਿਛਲੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਲੈਣ।”

ਗਰਗ ਨੇ ਨਸ਼ਾ ਛੁਡਾਊ ਅਤੇ ਮੁੜ ਵਸੇਬੇ ਨੂੰ ਪਹਿਲ ਦੇਣ ਵਾਲੀ ‘ਆਪ’ ਸਰਕਾਰ ਵੱਲੋਂ ਚੁੱਕੇ ਗਏ ਸਰਗਰਮ ਕਦਮਾਂ ਅਤੇ ਨਸ਼ੇ ਦੀ ਸਪਲਾਈ ਚੇਨ ਨੂੰ ਖਤਮ ਕਰਨ ਦੀ ਕੋਸ਼ਿਸ਼ ਨੂੰ ਸਵੀਕਾਰਿਆ। ਉਨ੍ਹਾਂ ਕਿਹਾ “ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣ ਲਈ ਅਣਥੱਕ ਮਿਹਨਤ ਕੀਤੀ ਹੈ, ਜਦੋਂ ਕਿ ਵਿਰੋਧੀ ਧਿਰ ਚੁੱਪ ਹੈ।

Written By
The Punjab Wire