ਪੰਜਾਬ

ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਿਰਵਿਘਨ ਚੱਲ ਰਹੀ ਹੈ ਝੋਨੇ ਦੀ ਚੁਕਾਈ: ਲਾਲ ਚੰਦ ਕਟਾਰੂਚੱਕ

ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਨਿਰਵਿਘਨ ਚੱਲ ਰਹੀ ਹੈ ਝੋਨੇ ਦੀ ਚੁਕਾਈ: ਲਾਲ ਚੰਦ ਕਟਾਰੂਚੱਕ
  • PublishedOctober 23, 2024

ਪਹਿਲਾਂ ਹੀ ਖਰੀਦਿਆ ਜਾ ਚੁੱਕਾ ਹੈ 90 ਫੀਸਦੀ ਝੋਨਾ

ਅਣਵਿਕਿਆ ਝੋਨਾ ਇੱਕ ਦਿਨ ਦੀ ਆਮਦ ਤੋਂ ਵੀ ਘੱਟ

ਲਗਭਗ 5,683 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਕੀਤੇ ਗਏ ਟਰਾਂਸਫਰ

ਚੰਡੀਗੜ੍ਹ, 23 ਅਕਤੂਬਰ 2024 (ਦੀ ਪੰਜਾਬ ਵਾਇਰ)। ਮੌਜੂਦਾ ਸਾਉਣੀ ਮੰਡੀਕਰਨ ਸੀਜ਼ਨ 2024-25 ਬਾਬਤ ਝੋਨੇ ਦੇ ਭੰਡਾਰਨ ਅਤੇ ਮਿਲਿੰਗ ਲਈ 50 ਫੀਸਦੀ ਤੋਂ ਵੱਧ ਚੌਲ ਮਿੱਲਾਂ ਅਲਾਟ ਹੋਣ ਦੇ ਨਾਲ, ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਚੁਕਾਈ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ, ਜਿਸ ਨਾਲ ਹੁਣ ਤੱਕ ਕੁੱਲ 10 ਲੱਖ ਮੀਟਰਕ ਟਨ (266 ਲੱਖ ਬੋਰੀਆਂ) ਝੋਨੇ ਦੀ ਚੁਕਾਈ ਹੋ ਚੁੱਕੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਅਲਾਟਮੈਂਟ ਅਤੇ ਮਿਲਿੰਗ ਲਈ ਕੁਝ ਚੌਲ ਮਿੱਲਰ ਗਰੁੱਪਾਂ ਦੀ ਅਣਗਿਹਲੀ ਕਾਰਨ ਸ਼ੁਰੂਆਤੀ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਪਰ ਹੁਣ ਸੂਬੇ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਚੁਕਾਈ ਪ੍ਰਕਿਰਿਆ ਤੇਜ਼ ਹੋ ਗਈ ਹੈ। ਸੂਬੇ ਵਿੱਚ ਅੱਜ ਇੱਕੋ ਦਿਨ ਵਿੱਚ 2 ਲੱਖ ਮੀਟਰਿਕ ਟਨ ਤੋਂ ਵੱਧ ਝੋਨੇ ਦੀ ਚੁਕਾਈ ਕੀਤੀ ਗਈ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਦੀਆਂ ਕੁੱਲ 5000 ਚੌਲ ਮਿੱਲਾਂ ਵਿੱਚੋਂ 3,120 ਮਿੱਲਾਂ ਨੇ ਪਹਿਲਾਂ ਹੀ ਅਲਾਟਮੈਂਟ ਲਈ ਅਪਲਾਈ ਕੀਤਾ ਹੋਇਆ ਹੈ, ਜਿਨ੍ਹਾਂ ਵਿੱਚੋਂ 2522 ਚੌਲ ਮਿੱਲਾਂ ਅਲਾਟ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ 100 ਹੋਰ ਮਿੱਲਾਂ ਦੀ ਅਲਾਟਮੈਂਟ, ਜੋ ਕਿ ਪ੍ਰਕਿਰਿਆ ਅਧੀਨ ਹੈ, ਅੱਜ ਸ਼ਾਮ ਤੱਕ ਮੁਕੰਮਲ ਕਰ ਲਈ ਜਾਵੇਗੀ। ਉਹਨਾਂ ਅੱਗੇ ਦੱਸਿਆ ਕਿ ਲਗਭਗ 1550 ਚੌਲ ਮਿੱਲਾਂ ਵੱਲੋਂ ਖਰੀਦੇ ਜਾ ਰਹੇ ਝੋਨੇ ਦੇ ਭੰਡਾਰਨ ਅਤੇ ਮਿਲਿੰਗ ਲਈ ਸਟੇਟ ਏਜੰਸੀਆਂ ਨਾਲ ਸਮਝੌਤੇ ਕੀਤੇ ਗਏ ਹਨ, ਜਦਕਿ ਲਗਭਗ 150 ਪ੍ਰਕਿਰਿਆ ਅਧੀਨ ਹਨ।

ਉਨ੍ਹਾਂ ਕਿਹਾ ਕਿ ਨਿਰਵਿਘਨ ਖਰੀਦ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ ਅਤੇ ਕਿਸਾਨਾਂ ਨੂੰ ਆਪਣੀ ਉਪਜ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ।

ਸ੍ਰੀ ਕਟਾਰੂਚੱਕ ਨੇ ਦੱਸਿਆ ਕਿ ਸੂਬੇ ਭਰ ਦੀਆਂ ਮੰਡੀਆਂ ਵਿੱਚ ਅੱਜ ਤੱਕ ਕੁੱਲ 38 ਲੱਖ ਮੀਟਰਕ ਟਨ ਝੋਨੇ ਦੀ ਆਮਦ ਹੋਈ, ਜਿਸ ਵਿੱਚੋਂ 34.5 ਲੱਖ ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਹਨਾਂ ਅੱਗੇ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਲਗਭਗ 4.5 ਲੱਖ ਮੀਟ੍ਰਿਕ ਟਨ ਪ੍ਰਤੀ ਦਿਨ ਤੱਕ ਪਹੁੰਚ ਗਈ ਹੈ, ਅਤੇ ਰਾਜ ਵਿਚ ਝੋਨੇ ਦੀ ਰੋਜ਼ਾਨਾ ਖਰੀਦ ਦੀ ਔਸਤ ਵੀ 4.5 ਲੱਖ ਮੀਟ੍ਰਿਕ ਟਨ ਪ੍ਰਤੀ ਦਿਨ ਹੈ।

ਮੰਤਰੀ ਨੇ ਦੱਸਿਆ ਕਿ ਮੌਜੂਦਾ ਸਮੇਂ, ਸੂਬੇ ਵਿੱਚ ਅਣਵਿਕਿਆ ਝੋਨਾ ਇੱਕ ਦਿਨ ਦੀ ਆਮਦ ਤੋਂ ਵੀ ਘੱਟ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸੂਬੇ ਭਰ ਵਿੱਚ ਬਾਰਦਾਨਾ, ਲੇਬਰ ਅਤੇ ਆਵਾਜਾਈ ਸਮੇਤ ਸਾਰੇ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ।

ਘੱਟੋ ਘੱਟ ਸਮਰਥਨ ਮੁੱਲ ਦੇ ਭੁਗਤਾਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਲਗਭਗ 5,683 ਕਰੋੜ ਰੁਪਏ ਪਹਿਲਾਂ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਟਰਾਂਸਫਰ ਕੀਤੇ ਜਾ ਚੁੱਕੇ ਹਨ।

ਕਿਸਾਨਾਂ ਦੀ ਸਖ਼ਤ ਮਿਹਨਤ ਨਾਲ ਪੈਦਾ ਹੋਏ ਹਰ ਅਨਾਜ ਨੂੰ ਖਰੀਦਣ ਲਈ ਸੂਬੇ ਸਰਕਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਭਰੋਸਾ ਦਿੱਤਾ ਕਿ ਝੋਨੇ ਦੀ ਚੁਕਾਈ ਜਲਦੀ ਹੀ 4 ਲੱਖ ਮੀਟਰਕ ਟਨ ਪ੍ਰਤੀ ਦਿਨ ਤੱਕ ਪਹੁੰਚ ਜਾਵੇਗੀ।

Written By
The Punjab Wire