ਪੰਜਾਬ

ਡੀ.ਜੀ.ਪੀ. ਗੌਰਵ ਯਾਦਵ ਨੇ ‘ਨਾਈਟ ਡੌਮੀਨੇਸ਼ਨ’ ਤਹਿਤ ਪੰਜਾਬ ਭਰ ’ਚ ਨਾਕਿਆਂ, ਥਾਣਿਆਂ ਦੀ ਕੀਤੀ ਜਾਂਚ

ਡੀ.ਜੀ.ਪੀ. ਗੌਰਵ ਯਾਦਵ ਨੇ ‘ਨਾਈਟ ਡੌਮੀਨੇਸ਼ਨ’ ਤਹਿਤ ਪੰਜਾਬ ਭਰ ’ਚ ਨਾਕਿਆਂ, ਥਾਣਿਆਂ ਦੀ ਕੀਤੀ ਜਾਂਚ
  • PublishedOctober 19, 2024

ਪੰਜਾਬ ਪੁਲਿਸ , ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਕਾਨੂੰਨ ਵਿਵਸਥਾ ਲਾਗੂ ਕਰਨ ਅਤੇ ਭਾਈਚਾਰਕ ਸਾਂਝਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧ

ਡੀ.ਜੀ.ਪੀ. ਗੌਰਵ ਯਾਦਵ ਨੇ ਵਿਸ਼ੇਸ਼ ਨਾਕਿਆਂ ਦੇ ਕੰਮ-ਕਾਜ ਦਾ ਲਿਆ ਜਾਇਜ਼ਾ ਅਤੇ ਜ਼ਮੀਨੀ ਪੱਧਰ ’ਤੇ ਪੁਲਿਸ ਕਾਰਜਾਂ ਦਾ ਕੀਤਾ ਨਿਰੀਖਣ

ਡੀ.ਜੀ.ਪੀ. ਗੌਰਵ ਯਾਦਵ ਨੇ ਸਿੱਧੀ ਫੀਡਬੈਕ ਲੈਣ ਲਈ ਨਾਗਰਿਕਾਂ ਨਾਲ ਕੀਤੀ ਗੱਲਬਾਤ ; ਤਸੱਲੀ ਪ੍ਰਗਟਾਈ ਕਿ ਵਧੀ ਹੋਈ ਸੁਰੱਖਿਆ ਨਾਲ ਜਨਤਾ ਸੁਰੱਖਿਅਤ ਮਹਿਸੂਸ ਕਰ ਰਹੀ ਹੈ

ਵਧੀ ਹੋਈ ਸੁਰੱਖਿਆ ਅਤੇ ਪ੍ਰਭਾਵੀ ਕਾਨੂੰਨ –ਵਿਵਸਥਾ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਵਾਹਨ ਚੈਕਿੰਗ ਰਹੇਗੀ ਜਾਰੀ : ਡੀ.ਜੀ.ਪੀ. ਗੌਰਵ ਯਾਦਵ

ਸੀਪੀਐਸ/ਐਸਐਸਪੀਐਸ ਨੂੰ ਸਟਰੀਟ ਕ੍ਰਾਈਮਜ਼ ਨੂੰ ਪੇਸ਼ੇਵਰਾਨਾ ਢੰਗ ਨਾਲ ਨਜਿੱਠਣ ਅਤੇ ਅਜਿਹੇ ਮਾਮਲਿਆਂ ਵਿੱਚ ਤੁਰੰਤ ਐਫਆਈਆਰ ਦਰਜ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼

ਚੰਡੀਗੜ੍ਹ, 19 ਅਕਤੂਬਰ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਾਨੂੰਨ –ਵਿਵਸਥਾ ਲਾਗੂ ਕਰਨ ਅਤੇ ਭਾਈਚਾਰਕ ਸਾਂਝ ਨੂੰ ਬਿਹਤਰ ਬਣਾਉਣ ਦੇ ਮਕਸਦ ਨਾਲ ਪੁਲਿਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਨੂੰ ਤੜਕਸਾਰ ‘ਨਾਈਟ ਡੌਮੀਨੇਸ਼ਨ ’ ਤਹਿਤ ਸੂਬੇ ਦੇ ਚਾਰ ਜ਼ਿਲਿ੍ਹਆਂ ਦਾ ਅਚਨਚੇਤ ਦੌਰਾ ਕਰਦਿਆਂ, ਵੱਖ-ਵੱਖ ਨਾਕਿਆਂ ਅਤੇ ਪੁਲਿਸ ਥਾਣਿਆਂ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਅਤੇ ਨਾਗਰਿਕਾਂ ਨਾਲ ਸਿੱਧੇ ਤੌਰ ’ਤੇ ਰਾਬਤਾ ਕੀਤਾ।

ਰਾਤ ਦੇ ਸਮੇਂ ਐਸ.ਏ.ਐਸ.ਨਗਰ, ਲੁਧਿਆਣਾ, ਖੰਨਾ, ਅਤੇ ਫਤਹਿਗੜ੍ਹ ਸਾਹਿਬ ਜ਼ਿਲਿ੍ਹਆਂ ਦੇ ਅਚਨਚੇਤ ਦੌਰੇ ਦਾ ਉਦੇਸ਼ ਨਾਈਟ ਡੌਮੀਨੇਸ਼ਨ ਅਪ੍ਰੇਸ਼ਨਾਂ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਕਰਨ ਤੋਂ ਇਲਾਵਾ ਵਿਸ਼ੇਸ਼ ਚੌਕੀਆਂ ਦੇ ਕੰਮਕਾਜ ਦੀ ਸਮੀਖਿਆ ਅਤੇ ਜ਼ਮੀਨੀ ਪੁਲਿਸ ਦੇ ਕੰਮ ਦੀ ਨਿਗਰਾਨੀ ਕਰਨਾ ਸੀ।

ਆਪਣੇ ਦੌਰੇ ਦੌਰਾਨ, ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਤੇ ਲੋਕਾਂ ਦਰਮਿਆਨ ਤਜ਼ਰਬਿਆਂ ਬਾਰੇ ਸਿੱਧੀ ਫੀਡਬੈਕ ਲੈਣ ਲਈ ਨਾਗਰਿਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ , ‘‘ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਪੁਲੀਸ ਦੀ ਵਧੀ ਹੋਈ ਮੌਜੂਦਗੀ ਨਾਲ ਜਨਤਾ ਸੁਰੱਖਿਅਤ ਮਹਿਸੂਸ ਕਰ ਰਹੀ ਹੈ। ਸਾਡਾ ਟੀਚਾ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਪੂਰਨ ਪਾਰਦਰਸ਼ੀ ਅਤੇ ਜਵਾਬਦੇਹ ਪੁਲਿਸਿੰਗ ਰਾਹੀਂ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨਾ ਹੈ’’।

ਵਿਸ਼ੇਸ਼ ਨਾਕਿਆਂ ਦੇ ਕੰਮਕਾਜ ਦੀ ਸਮੀਖਿਆ ਕਰਦਿਆਂ, ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਉੱਚੇ ਪੇਸ਼ੇਵਰਾਨਾ ਮਿਆਰ ਬਰਕਰਾਰ ਰੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ,‘‘ਇਹ ਵਿਸ਼ੇਸ਼ ਵਾਹਨ ਚੈਕਿੰਗ ਵਧੀ ਹੋਈ ਸੁਰੱਖਿਆ ਅਤੇ ਪ੍ਰਭਾਵਸ਼ਾਲੀ ਕਾਨੂੰਨ –ਵਿਵਸਥਾ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਇਉਂ ਹੀ ਜਾਰੀ ਰਹੇਗੀ’’।

ਸਟਰੀਟ ਕ੍ਰਾਈਮ ਨੂੰ ਰੋਕਣ ਅਤੇ ਸੂਬੇ ਚੋਂ ਨਸ਼ਿਆਂ ਦਾ ਸਫ਼ਾਇਆ ਕਰਨ ਨੂੰ ਪੰਜਾਬ ਪੁਲਿਸ ਦੀ ਪ੍ਰਮੁੱਖ ਤਰਜੀਹ ਗਰਦਾਨਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਹਾਲ ਹੀ ਵਿੱਚ ਪੁਲਿਸ ਕਮਿਸ਼ਨਰਾਂ (ਸੀਪੀਜ਼) ਅਤੇ ਸੀਨੀਅਰ ਪੁਲਿਸ ਕਪਤਾਨਾਂ (ਐਸਐਸਪੀਜ਼) ਨੂੰ ਅਜਿਹੇ ਅਪਰਾਧਾਂ ਨਾਲ ਪੇਸ਼ੇਵਰਾਨਾ ਢੰਗ ਨਾਲ ਨਜਿੱਠਣ ਅਤੇ ਤੁਰੰਤ ਐਫ.ਆਈ. ਆਰ. ਦਰਜ ਕਰਨ ਨੂੰ ਯਕੀਨੀ ਬਣਾਉਣ ਲਈ ਹਦਾਇਤ ਕੀਤੀ ਗਈ ਹੈ। ਅਜਿਹੇ ਮਾਮਲਿਆਂ ਵਿੱਚ ਪੰਜਾਬ ਪੁਲਿਸ ਸਨੈਚਿੰਗ ਪੁਆਇੰਟਾਂ ਸਮੇਤ ਅਪਰਾਧ ਦੇ ਹੌਟਸਪੌਟਸ ਦੀ ਸ਼ਨਾਖਤ ਕਰ ਰਹੀ ਹੈ, ਤਾਂ ਜੋ ਇਨ੍ਹਾਂ ਅਪਰਾਧਾਂ ਨੂੰ ਰੋਕਣ ਲਈ ਪੁਲਿਸ ਗਸ਼ਤ ਨੂੰ ਪੁਨਰਗਠਿਤ ਕੀਤਾ ਜਾ ਸਕੇ।

ਡੀਜੀਪੀ ਨੇ ਪੰਜਾਬ ਪੁਲਿਸ ਦੇ ਉਦੇਸ਼ ਦੀ ਪੁਸ਼ਟੀ ਕਰਦੇ ਹੋਏ ਕਿਹਾ, “ਪਿਛਲੇ ਕੁਝ ਹਫ਼ਤਿਆਂ ਤੋਂ ਪੁਲਿਸ ਅਤੇ ਲੋਕਾਂ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਮੱਦੇਨਜ਼ਰ, ਮੈਂ ਪੁਲਿਸ ਥਾਣਿਆਂ ਦਾ ਸਰਗਰਮੀ ਨਾਲ ਦੌਰਾ ਕਰ ਰਿਹਾ ਹਾਂ, ਫੋਰਸ ਨਾਲ ਗੱਲਬਾਤ ਕਰ ਰਿਹਾ ਹਾਂ, ਅਤੇ ਪੁਲਿਸ ਦੇ ਮਨੋਬਲ ਨੂੰ ਹੁਲਾਰਾ ਦੇਣ ਅਤੇ ਜਨਤਕ ਮੀਟਿੰਗਾਂ ਕਰ ਰਿਹਾ ਹਾਂ।” ਇਸ ਦੇ ਨਾਲ ਹੀ ਡੀ.ਜੀ.ਪੀ. ਪੰਜਾਬ ਨੇ ਸੂਬੇ ਦੇ ਲੋਕਾਂ ਨੂੰ ਸਰਗਰਮ ਪੁਲਿਸਿੰਗ ਪ੍ਰਦਾਨ ਕਰਨ ਦੀ ਵਚਨਬੱਧਤਾ ਵੀ ਦੁਹਰਾਈ।

ਇਸ ਦੌਰਾਨ, ਡੀਜੀਪੀ ਨੇ ਜ਼ਮੀਨੀ ਪੱਧਰ ’ਤੇ ‘ਵਾਹਨ ਅਤੇ ਪੀਏਆਈਐਸ (ਪੰਜਾਬ ਏਆਈ ਸਿਸਟਮ) ਵਰਗੀਆਂ ਐਪਸ ਦੀ ਪ੍ਰਭਾਵਸ਼ੀਲਤਾ ਦਾ ਮੁਲਾਂਕਣ ਵੀ ਕੀਤਾ।

Written By
The Punjab Wire