ਗੁਰਦਾਸਪੁਰ

ਜ਼ਿਮਨੀ ਚੋਣ, ਡੇਰਾ ਬਾਬਾ ਨਾਨਕ-2024 :ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਮਾ ਸ਼ੰਕਰ ਗੁਪਤਾ ਵਲੋਂ ਸਮੂਹ ਰਾਜਸੀ ਪਾਰਟੀਆਂ ਨਾਲ ਮੀਟਿੰਗ

ਜ਼ਿਮਨੀ ਚੋਣ, ਡੇਰਾ ਬਾਬਾ ਨਾਨਕ-2024 :ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਮਾ ਸ਼ੰਕਰ ਗੁਪਤਾ ਵਲੋਂ ਸਮੂਹ ਰਾਜਸੀ ਪਾਰਟੀਆਂ ਨਾਲ ਮੀਟਿੰਗ
  • PublishedOctober 16, 2024

ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕਰਨ ਦੀ ਕੀਤੀ  ਅਪੀਲ

ਜਿਮਨੀ ਚੋਣ, ਡੇਰਾ ਬਾਬਾ ਨਾਨਕ ਪੂਰੀ ਤਰ੍ਹਾਂ ਆਜ਼ਾਦ, ਸ਼ਾਂਤਮਈ ਤੇ ਨਿਰਪੱਖ ਮਹੌਲ ’ਚ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇਗੀ – ਜ਼ਿਲ੍ਹਾ ਚੋਣ ਅਧਿਕਾਰੀ

ਪੱਤਰਕਾਰ ਭਾਈਚਾਰੇ ਨਾਲ ਕੀਤੀ ਪਰੈੱਸ ਕਾਨਫਰੰਸ

ਗੁਰਦਾਸਪੁਰ, 16 ਅਕਤੂਬਰ 2024 (ਦੀ ਪੰਜਾਬ ਵਾਇਰ)। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਜਿਮਨੀ ਚੋਣ, ਡੇਰਾ ਬਾਬਾ ਨਾਨਕ ਦੇ ਮੱਦੇਨਜ਼ਰ ਲੱਗੇ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕਰਨ ਅਤੇ ਸਮੁੱਚੇ ਚੋਣ ਅਮਲ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਆਪਣਾ ਪੂਰਾ ਸਹਿਯੋਗ ਦੇਣ।

ਜ਼ਿਲ੍ਹਾ ਚੋਣ ਅਧਿਕਾਰੀ ਵਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਹਾਲ ਵਿਖੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮਾਣਯੋਗ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਉਣ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸੁਰਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ), ਗੁਰਦਾਸਪੁਰ, ਮਨਜਿੰਦਰ ਸਿੰਘ, ਚੋਣ ਤਹਿਸੀਲਦਾਰ, ਆਮ ਆਦਮੀ ਪਾਰਟੀ ਤੋਂ ਸ਼ਮਸ਼ੇਰ ਸਿੰਘ ਅਤੇ  ਹੀਤੇਸ਼ ਮਹਾਜ਼ਨ, ਕਾਂਗਰਸ ਪਾਰਟੀ ਤੋਂ ਗੁਰਵਿੰਦਰ ਪਾਲ ਅਤੇ ਦਵਿੰਦਰ ਸਿੰਘ, ਮੇਘ ਦਰਸ਼ਨ ਪਾਰਟੀ ਤੋਂ ਸੰਤੋਸ਼ ਕੁਮਾਰੀ ਅਤੇ ਐਮਈਡੀਪੀ ਤੋਂ ਸੁਭਾਸ਼ ਚੰਦਰ ਮੌਜੂਦ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ, ਸ੍ਰੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਮਾਣਯੋਗ ਭਾਰਤ ਚੋਣ ਕਮਿਸ਼ਨ ਵਲੋਂ ਬੀਤੇ ਕੱਲ੍ਹ ਜ਼ਿਮਨੀ ਚੋਣ, ਡੇਰਾ ਬਾਬਾ ਨਾਨਕ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਚੋਣਾਂ ਦੇ ਐਲਾਨ ਤੋਂ ਬਾਅਦ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ, ਜੋ ਚੋਣ ਪ੍ਰੀਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ। ਉਨ੍ਹਾਂ ਆਮ ਜਨਤਾ, ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ  ਕਿ ਚੋਣਾਂ ਨੂੰ ਅਮਨ-ਸ਼ਾਂਤੀ ਅਤੇ ਪਾਰਦਰਸ਼ੀ ਬਣਾਉਣ ਲਈ ਸਮੁੱਚੇ ਜ਼ਿਲ੍ਹੇ ਵਿਚ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਮਨੀ ਚੋਣ ਦੇ ਪ੍ਰਕਿਰਿਆ ਦੀ ਨਿਗਰਾਨੀ ਲਈ ਫਲਾਈਂਗ ਸੁਕੈਡ, ਫਲਾਈਂਗ ਸੁਕੈਡ, ਸਟੈਟਿਕ ਸਰਵੀਲੈਂਸ ਟੀਮਾਂ, ਵੀਡੀਓ ਸਰਵੀਲੈਂਸ ਟੀਮਾਂ, ਅਕਾਊਂਟਿੰਗ ਟੀਮਾਂ, ਵੀਡੀਓ ਵਿਊਵਿੰਗ ਟੀਮਾਂ, ਲੀਕਰ ਮੋਨੀਟਰਿੰਗ ਟੀਮਾਂ, ਡਰੱਗ ਕੰਟਰੋਲ ਟੀਮਾਂ, ਅਸਿਸਟੈਂਟ ਐਕਸਪੈਂਡੀਚਰ ਅਬਜ਼ਰਵਰ ਅਤੇ ਜ਼ਿਲ੍ਹਾ ਪੱਧਰ ’ਤੇ ਮੀਡੀਆ ਮੋਨੀਟਰਿੰਗ ਅਤੇ ਸਰਟੀਫਿਕੇਸ਼ਨ ਕਮੇਟੀ (ਐੱਮ.ਸੀ.ਐੱਮ.ਸੀ.) ਦਾ ਗਠਨ ਕਰ ਦਿੱਤਾ ਗਿਆ ਹੈ। ਇਹ ਟੀਮਾਂ ਜਿਮਨੀ ਚੋਣ  ਨਾਲ ਸਬੰਧਤ ਦਿਨ-ਰਾਤ 24 ਘੰਟੇ ਕੰਮ ਕਰਨਗੀਆਂ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਖ਼ਰਚੇ ਦੀ ਹੱਦ 28 ਲੱਖ ਤੋਂ ਵਧਾ ਕੇ 40 ਲੱਖ  ਰੁਪਏ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਵੱਲੋਂ ਆਪਣੇ ਸਾਰੇ ਚੋਣ ਖ਼ਰਚੇ ਨੂੰ ਖ਼ਰਚਾ ਰਜਿਸਟਰ ਵਿੱਚ ਦਰਜ ਕੀਤਾ ਜਾਵੇਗਾ ਅਤੇ ਇਸਦੇ ਨਾਲ ਹੀ ਚੋਣ ਦਫ਼ਤਰ ਵੱਲੋਂ ਵੀ ਉਮੀਦਵਾਰ ਦੇ ਕਰਚੇ ਦਾ ਹਿਸਾਬ ਰੱਖਣ ਲਈ ਸ਼ੈਡੋ ਖ਼ਰਚਾ ਰਜਿਸਟਰ ਲਗਾਇਆ ਜਾਵੇਗਾ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਸਮੂਹ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਚੋਣ ਪ੍ਰਚਾਰ ਲਈ ਵਰਤੀ ਗਈ ਸਰਕਾਰੀ ਪ੍ਰਾਪਰਟੀ ਉੱਪਰ ਇਸ਼ਤਿਹਾਰ/ਪੇਂਟਿੰਗ ਨੂੰ ਤੁਰੰਤ ਹਟਾਇਆ ਜਾਵੇ।  ਉਨ੍ਹਾਂ ਕਿਹਾ ਕਿ ਕੋਈ ਵੀ ਰਾਜਨੀਤਕ ਪਾਰਟੀ ਜਾਂ ਉਮੀਦਵਾਰ ਜਾਂ ਉਸ ਦੇ ਵਰਕਰਾਂ ਨੂੰ ਕਿਸੇ ਵਿਅਕਤੀ ਦੀ ਆਗਿਆ ਬਿਨਾਂ ਉਸ ਦੀ ਜ਼ਮੀਨ, ਇਮਾਰਤ ਜਾਂ ਕੰਧ ਉੱਤੇ ਝੰਡੇ, ਬੈਨਰ, ਨੋਟਿਸ ਚਿਪਕਾਉਣਾ, ਨਾਹਰੇ ਆਦਿ ਲਿਖਣ ਦੀ ਆਗਿਆ ਨਹੀਂ ਹੋਵੇਗੀ। ਕੋਈ ਵੀ ਮੰਤਰੀ/ਰਾਜਸੀ ਲੀਡਰ ਚੋਣਾਂ ਦੇ ਕੰਮਾਂ/ਪ੍ਰਚਾਰ ਲਈ ਸਰਕਾਰੀ ਗੱਡੀਆਂ/ਮਸ਼ੀਨਰੀ ਦੀ ਵਰਤੋਂ ਨਹੀਂ ਕਰੇਗਾ ਅਤੇ ਨਾ ਹੀ ਸਰਕਾਰੀ ਕਰਮਚਾਰੀਆਂ ਨੂੰ ਚੋਣਾਂ ਦੇ ਦੌਰਾਨ ਰੈਲੀ ਆਦਿ ਲਈ ਵਰਤਿਆ ਜਾਵੇਗਾ।  ਉਨ੍ਹਾਂ ਕਿਹਾ ਕਿ ਕਿਸੇ ਵੀ ਪਾਰਟੀ/ਨੇਤਾ ਨੂੰ ਸਰਕਾਰੀ ਰੈਸਟ ਹਾਊਸਾਂ ਅਤੇ ਹੋਰ ਸਰਕਾਰੀ ਰਿਹਾਇਸ਼ਾਂ ਨੂੰ ਵਰਤਣ ਜਾਂ ਮੀਟਿੰਗ ਆਦਿ ਕਰਨ ਦੀ ਆਗਿਆ ਨਹੀਂ ਹੋਵੇਗੀ ।

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜਸੀ ਪਾਰਟੀਆਂ/ਉਮੀਦਵਾਰਾਂ ਵੱਲੋਂ ਜਿਮਨੀ ਚੋਣ ਦੌਰਾਨ ਅਖ਼ਬਾਰਾਂ, ਟੀ.ਵੀ.ਚੈਨਲਾਂ, ਸੋਸ਼ਲ ਮੀਡੀਆ ’ਤੇ ਲੱਗਣ ਵਾਲੇ ਇਸ਼ਤਿਹਾਰ ਤੇ ਪੇਡ ਨਿਊਜ਼ ਨੂੰ ਬਾਰੀਕੀ ਨਾਲ ਵਾਚਣ ਲਈ ਜ਼ਿਲ੍ਹਾ ਪੱਧਰ ’ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ, ਬਲਾਕ-ਏ, ਕਮਰਾ ਨੰਬਰ 314 ਵਿਖੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਗੁਰਦਾਸਪੁਰ ਦੀ ਨਿਗਰਾਨੀ ਹੇਠ ਮੀਡੀਆ ਸਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ, ਜਿਸ ਵਿਚ ਲਗਾਤਾਰ ਪਾਰਟੀ/ਉਮੀਦਵਾਰਾਂ ਵੱਲੋਂ ਛਪਵਾਏ ਜਾਣ ਵਾਲੇ ਪ੍ਰਿੰਟ, ਇਲੈੱਕਟ੍ਰਾਨਿਕ ਤੇ ਸੋਸ਼ਲ ਮੀਡੀਆ ਵਿਚ ਦਿੱਤੇ ਜਾਂਦੇ ਇਸ਼ਤਿਹਾਰਾਂ ਤੇ ਸ਼ੱਕੀ ਪੇਡ ਨਿਊਜ਼ ਦਾ ਨਿਰੀਖਣ ਕੀਤਾ ਜਾਵੇਗਾ। ਐਮ.ਸੀ.ਐਮ.ਸੀ ਵੱਲੋਂ ਰੋਜ਼ਾਨਾ ਛਪਣ ਵਾਲੇ ਇਸ਼ਤਿਹਾਰਾਂ ਦਾ ਉਮੀਦਵਾਰ ਵਾਈਜ਼ ਰਿਕਾਰਡ ਮੈਨਟੇਨ ਕੀਤਾ ਜਾਵੇਗਾ ਅਤੇ ਇਸ਼ਤਿਹਾਰ ਦਾ ਖਰਚਾ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰ ਨੂੰ ਭੇਜਿਆ ਜਾ ਰਿਹਾ ਹੈ, ਤਾਂ ਜੋ ਖਰਚਾ ਕਮੇਟੀ ਜ਼ਰੀਏ ਸਬੰਧਿਤ ਉਮੀਦਵਾਰ ਦੇ ਚੋਣ ਖ਼ਰਚੇ ਵਿੱਚ ਇਸ਼ਤਿਹਾਰਬਾਜ਼ੀ ਦਾ ਖਰਚਾ ਜੋੜਿਆ ਜਾ ਸਕੇ। ਇਸ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਨੂੰ ਇੰਨ-ਬਿੰਨ ਲਾਗੂ ਕੀਤਾ ਜਾਵੇਗਾ ਅਤੇ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।

ਉਨ੍ਹਾਂ ਦੱਸਿਆ ਕਿ ਜਿਮਨੀ ਚੋਣ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਕਰਨ ਲਈ ਪੁਲਿਸ ਵਿਭਾਗ ਵਲੋਂ ਵੀ ਲੋੜੀਦੇ ਪਰਬੰਧ ਕੀਤੇ ਗਏ ਹਨ।

ਪੱਤਰਕਾਰ ਸਾਥੀਆਂ ਨਾਲ ਕੀਤੀ ਪਰੈੱਸ ਕਾਨਫਰੰਸ  :

ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ, ਉਮਾ ਸ਼ੰਕਰ ਗੁਪਤਾ ਨੇ ਜਿਮਨੀ ਚੋਣ ਡੇਰਾ ਬਾਬਾ ਨਾਨਕ ਦੇ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 18 ਅਕਤੂਬਰ (ਸ਼ੁੱਕਰਵਾਰ) ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 25 ਅਕਤੂਬਰ (ਸ਼ੁੱਕਰਵਾਰ) ਹੋਵੇਗੀ ਅਤੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਅਕਤੂਬਰ (ਸੋਮਵਾਰ) ਨੂੰ ਕੀਤੀ ਜਾਵੇਗੀ ਜਦਕਿ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਅੰਤਿਮ ਮਿਤੀ 30 ਅਕਤੂਬਰ (ਬੁੱਧਵਾਰ) ਹੈ।

ਉਨ੍ਹਾਂ ਦੱਸਿਆ ਕਿ 13 ਨਵੰਬਰ (ਬੁੱਧਵਾਰ) ਨੂੰ ਵੋਟਾਂ ਪੈਣਗੀਆਂ ਅਤੇ 23 ਨਵੰਬਰ (ਸ਼ਨਿਚਰਵਾਰ) ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਨਤੀਜਾ ਐਲਾਨਿਆ ਜਾਵੇਗਾ।  ਚੋਣ ਜ਼ਾਬਤਾ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ 25 ਨਵੰਬਰ, 2024 (ਸੋਮਵਾਰ) ਤੱਕ ਲਾਗੂ ਰਹੇਗਾ।

ਉਨ੍ਹਾਂ ਦੱਸਿਆ ਕਿ 10-ਡੇਰਾ ਬਾਬਾ ਨਾਨਕ ਵਿੱਚ ਕੁੱਲ ਵੋਟਰ 1 ਲੱਖ 93 ਹਜ਼ਾਰ 268 ਹਨ। ਜਿਨ੍ਹਾਂ ਵਿੱਚ 101780 ਮਰਦ, 91481 ਔਰਤਾਂ, 7 ਕਿੰਨਰ, 6974 ਨੌਜਵਾਨ (18-19), 1354 ਦਿਵਿਆਂਗ ਵੋਟਰ, 26 ਪਰਵਾਸੀ ਭਾਰਤੀ ਅਤੇ 1864 ਸੀਨੀਅਰ ਸਿਟੀਜਨ/85 ਪਲੱਸ ਵੋਟਰ ਹਨ। ਸਰਵਿਸ ਵੋਟਰਾਂ ਦੀ ਗਿਣਤੀ 2330 ਹੈ। ਹਲਕੇ ਵਿੱਚ 193 ਪੋਲਿੰਗ ਲੋਕੇਸ਼ਨਾਂ ਤੇ ਕੁਲ 241 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਪੋਲਿੰਗ ਸਟੇਸ਼ਨਾਂ ਵਿੱਚ ਵੀਲ ਚੇਅਰ, ਪੀਣ ਵਾਲਾ ਪਾਣੀ, ਰਿਂਮ, ਬਿਜਲੀ, ਹੈਲਪ ਡੈਸਕ ਆਦਿ ਦੇ ਪਰਬੰਧ ਕੀਤੇ ਗਏ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਜਿਮਨੀ ਚੋਣ ਨੂੰ ਆਜ਼ਾਦ, ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਅਤੇ ਚੋਣਾਂ ਦੌਰਾਨ ਕਿਸੇ ਵੀ ਕਿਸਮ ਦੀ ਚੋਣ ਜ਼ਾਬਤੇ ਦੀ ਉਲੰਘਣਾ ਨੂੰ ਰੋਕਣ ਲਈ ਚੋਣ ਕਮਿਸ਼ਨ ਦੀਆਂ ਦੀਆਂ ਹਦਾਇਤਾਂ ਦੀ ਇੰਨਬਿਨ ਪਾਲਣਾ ਕੀਤੀ ਜਾਵੇਗੀ।

Written By
The Punjab Wire