ਪੰਜਾਬ ਮੁੱਖ ਖ਼ਬਰ

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਜਾਰੀ; 18 ਹੋਰ ਵਿਰੁੱਧ ਮਾਮਲਾ ਦਰਜ

ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਵਿਰੁੱਧ ਕਾਰਵਾਈ ਜਾਰੀ; 18 ਹੋਰ ਵਿਰੁੱਧ ਮਾਮਲਾ ਦਰਜ
  • PublishedOctober 13, 2024

18 ਹੋਰ ਐੱਫ.ਆਈ.ਆਰਜ਼. ਦਰਜ ਕਰਨ ਨਾਲ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚੀ

ਪੰਜਾਬ ਪੁਲਿਸ ਨੌਜਵਾਨਾਂ ਨੂੰ ਗੈਰ-ਕਾਨੂੰਨੀ ਟਰੈਵਲ ਏਜੰਟਾਂ ਤੋਂ ਬਚਾਉਣ ਲਈ ਵਚਨਬੱਧ

ਅਜਿਹੇ ਟਰੈਵਲ ਏਜੰਟ ਲੋੜੀਂਦੇ ਲਾਇਸੈਂਸ ਤੋਂ ਬਿਨਾਂ ਨੌਜਵਾਨਾਂ ਨੂੰ ਵਿਦੇਸ਼ੀ ਨੌਕਰੀਆਂ ਲਈ ਲੁਭਾਉਣ ਵਾਸਤੇ ਸੋਸ਼ਲ ਮੀਡੀਆ ਦੀ ਕਰ ਰਹੇ ਸਨ ਵਰਤੋਂ: ਏਡੀਜੀਪੀ ਐਨਆਰਆਈ ਮਾਮਲੇ

ਏਡੀਜੀਪੀ ਪ੍ਰਵੀਨ ਕੇ. ਸਿਨਹਾ ਨੇ ਲੋਕਾਂ ਨੂੰ ਸਿਰਫ਼ ਵੈਧ ਭਰਤੀ ਏਜੰਟ (ਆਰਏ) ਲਾਇਸੈਂਸ ਵਾਲੀਆਂ ਏਜੰਸੀਆਂ ਨਾਲ ਸੰਪਰਕ ਕਰਨ ਦੀ ਦਿੱਤੀ ਸਲਾਹ

ਚੰਡੀਗੜ੍ਹ, 13 ਅਕਤੂਬਰ 2024 (ਦੀ ਪੰਜਾਬ ਵਾਇਰ)। ਵਿਦੇਸ਼ਾਂ ਵਿੱਚ ਵੱਸਣ ਦੇ ਚਾਹਵਾਨ ਨੌਜਵਾਨਾਂ ਦੀ ਸੁਰੱਖਿਆ ਲਈ ਗੈਰ-ਕਾਨੂੰਨੀ ਟਰੈਵਲ ਏਜੰਟਾਂ ਵਿਰੁੱਧ ਕਾਰਵਾਈ ਨੂੰ ਜਾਰੀ ਰੱਖਦਿਆਂ ਪੰਜਾਬ ਪੁਲਿਸ ਦੇ ਐਨ.ਆਰ.ਆਈ. ਮਾਮਲੇ ਵਿੰਗ ਅਤੇ ਸਾਈਬਰ ਕ੍ਰਾਈਮ ਵਿੰਗ ਵੱਲੋਂ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ ਨਾਲ ਤਾਲਮੇਲ ਕਰਕੇ ਸੂਬੇ ਵਿੱਚ 18 ਹੋਰ ਟਰੈਵਲ ਏਜੰਸੀਆਂ ਵਿਰੁੱਧ ਗੈਰ-ਕਾਨੂੰਨੀ ਢੰਗ ਨਾਲ ਸੋਸ਼ਲ ਮੀਡੀਆ ‘ਤੇ ਰੋਜ਼ਗਾਰ ਸਬੰਧੀ ਇਸ਼ਤਿਹਾਰ ਦੇਣ ਬਾਰੇ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਕਾਰਵਾਈ ਅਗਸਤ, 2024 ਦੇ ਮਹੀਨੇ ਵਿੱਚ ਅਜਿਹੀਆਂ 25 ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੇ ਖਿਲਾਫ ਘੱਟੋ-ਘੱਟ 20 ਐੱਫ.ਆਈ.ਆਰਜ਼. ਦਰਜ ਕਰਨ ਉਪਰੰਤ ਅਮਲ ਵਿੱਚ ਲਿਆਂਦੀ ਗਈ। ਹੁਣ ਤੱਕ ਦਰਜ ਕੀਤੇ ਮਾਮਲਿਆਂ ਵਿੱਚ ਗੈਰ-ਕਾਨੂੰਨੀ ਟਰੈਵਲ ਏਜੰਸੀਆਂ ਦੀ ਗਿਣਤੀ 43 ਤੱਕ ਪਹੁੰਚ ਗਈ ਹੈ।

ਜ਼ਿਕਰਯੋਗ ਹੈ ਕਿ ਪ੍ਰੋਟੈਕਟੋਰੇਟ ਆਫ਼ ਇਮੀਗ੍ਰੈਂਟਸ ਨੇ ਅਜਿਹੀਆਂ ਟਰੈਵਲ ਏਜੰਸੀਆਂ ਵੱਲੋਂ ਵਿਦੇਸ਼ਾਂ ਵਿੱਚ ਨੌਕਰੀਆਂ ਲਈ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਦਿੱਤੇ ਜਾਂਦੇ ਇਸ਼ਤਿਹਾਰਾਂ ਸਬੰਧੀ ਗੰਭੀਰ ਨੋਟਿਸ ਲਿਆ ਹੈ।

ਏਡੀਜੀਪੀ ਐਨਆਰਆਈ ਮਾਮਲੇ ਪ੍ਰਵੀਨ ਕੇ ਸਿਨਹਾ ਨੇ ਐਤਵਾਰ ਨੂੰ ਦੱਸਿਆ ਕਿ ਇਹ ਟਰੈਵਲ ਏਜੰਸੀਆਂ ਬਿਨਾਂ ਲੋੜੀਂਦੇ ਲਾਇਸੈਂਸ ਅਤੇ ਇਜਾਜ਼ਤਾਂ ਦੇ ਇੰਸਟਾਗ੍ਰਾਮ ਅਤੇ ਫੇਸਬੁੱਕ ‘ਤੇ ਵਿਦੇਸ਼ਾਂ ਵਿੱਚ ਨੌਕਰੀਆਂ ਬਾਰੇ ਇਸ਼ਤਿਹਾਰ ਦੇ ਰਹੀਆਂ ਸਨ।

ਉਹਨਾਂ ਅੱਗੇ ਦੱਸਿਆ ਕਿ ਆਨਲਾਈਨ ਪਲੇਟਫਾਰਮਾਂ ਦੀ ਜਾਂਚ ਕੀਤੀ ਗਈ, ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਗੁਪਤ ਤੌਰ ‘ਤੇ ਤਸਦੀਕ ਕੀਤੀ ਗਈ ਅਤੇ ਉਨ੍ਹਾਂ ਵਿਰੁੱਧ ਐਫ.ਆਈ.ਆਰਜ਼ ਦਰਜ ਕੀਤੀਆਂ ਗਈਆਂ। ਸੂਬੇ ਦੇ ਵੱਖ-ਵੱਖ ਐਨ.ਆਰ.ਆਈ ਥਾਣਿਆਂ ਵਿੱਚ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ 24/25 ਤਹਿਤ ਕੁੱਲ 18 ਨਵੀਆਂ ਐਫਆਈਆਰ ਦਰਜ ਕੀਤੀਆਂ ਗਈਆਂ ਹਨ, ਜਿਸ ਵਿੱਚ ਅੰਮ੍ਰਿਤਸਰ, ਐਸ.ਏ.ਐਸ. ਨਗਰ, ਲੁਧਿਆਣਾ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਦਰਜ ਕੀਤੀਆਂ 18 ਨਵੀਆਂ ਐਫ.ਆਈ.ਆਰਜ਼ ਵਿੱਚੋਂ ਸਤੰਬਰ ਮਹੀਨੇ ਵਿੱਚ 6 ਅਤੇ ਅਕਤੂਬਰ ਵਿੱਚ 12 ਐਫਆਈਆਰਜ਼ ਦਰਜ ਕੀਤੀਆਂ ਗਈਆਂ ਸਨ।

ਏਡੀਜੀਪੀ ਨੇ ਕਿਹਾ ਕਿ ਅਗਸਤ ਅਤੇ ਸਤੰਬਰ 2024 ਦੇ ਮਹੀਨਿਆਂ ਵਿੱਚ ਦਰਜ ਕੀਤੀਆਂ ਇਨ੍ਹਾਂ 26 ਐਫ.ਆਈ.ਆਰਜ਼ ਵਿੱਚ ਕੁੱਲ 34 ਮੁਲਜ਼ਮਾਂ ਵਿੱਚੋਂ 25 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਮੁਲਜ਼ਮ ਟਰੈਵਲ ਏਜੰਟਾਂ ਨੂੰ ਨੋਟਿਸ ਭੇਜੇ ਜਾ ਰਹੇ ਹਨ।

ਏਡੀਜੀਪੀ ਪ੍ਰਵੀਨ ਸਿਨਹਾ ਨੇ ਨਾਗਰਿਕਾਂ ਨੂੰ ਸਾਵਧਾਨ ਰਹਿਣ ਅਤੇ ਟ੍ਰੈਵਲ ਏਜੰਟਾਂ ਨੂੰ ਦਸਤਾਵੇਜ਼ ਅਤੇ ਪੈਸੇ ਸੌਂਪਣ ਤੋਂ ਪਹਿਲਾਂ ਉਨ੍ਹਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਲਈ ਕਿਹਾ। ਉਹਨਾਂ ਨੇ ਸਲਾਹ ਦਿੱਤੀ ਕਿ ਸਿਰਫ਼ ਉਹਨਾਂ ਏਜੰਸੀਆਂ ਨਾਲ ਸੰਪਰਕ ਕੀਤਾ ਜਾਵੇ ਜਿਹਨਾਂ ਕੋਲ ਇਮੀਗ੍ਰੇਸ਼ਨ ਐਕਟ, 1983 ਤਹਿਤ ਇੱਕ ਵੈਧ ਭਰਤੀ ਏਜੰਟ (ਆਰ.ਏ.) ਲਾਇਸੈਂਸ ਹੋਵੇ ਅਤੇ ਉਕਤ ਐਕਟ ਤਹਿਤ ਜਾਰੀ ਏਜੰਸੀ ਦੇ ਲਾਇਸੈਂਸ ਨਾਲ ਸੰਪਰਕ ਕੀਤਾ ਜਾਵੇ। ਉਹਨਾਂ ਅੱਗੇ ਕਿਹਾ ਕਿ ਟਰੈਵਲ ਏਜੰਟਾਂ ਨਾਲ ਸੰਪਰਕ ਕਰਦੇ ਸਮੇਂ ਉਹਨਾਂ ਦੀ ਜਾਂਚ ਕਰਨ ਉਪਰੰਤ ਹੀ ਉਹਨਾਂ ‘ਤੇ ਭਰੋਸਾ ਕੀਤਾ ਜਾਵੇ।

Written By
The Punjab Wire