ਪੰਜਾਬ

ਪਿੰਡ ਜੰਡਾਲੀ ਖੁਰਦ ਦੇ ਰਘਬੀਰ ਅਤੇ ਜਸਵੀਰ ਭਰਾ ਪਰਾਲੀ ਦਾ ਨਿਪਟਾਰਾ ਖੇਤਾਂ ‘ਚ ਹੀ ਕਰਕੇ ਹੋਰਨਾਂ ਕਿਸਾਨਾਂ ਲਈ ਬਣੇ ਪ੍ਰੇਰਨਾ ਸਰੋਤ 

ਪਿੰਡ ਜੰਡਾਲੀ ਖੁਰਦ ਦੇ ਰਘਬੀਰ ਅਤੇ ਜਸਵੀਰ ਭਰਾ ਪਰਾਲੀ ਦਾ ਨਿਪਟਾਰਾ ਖੇਤਾਂ ‘ਚ ਹੀ ਕਰਕੇ ਹੋਰਨਾਂ ਕਿਸਾਨਾਂ ਲਈ ਬਣੇ ਪ੍ਰੇਰਨਾ ਸਰੋਤ 
  • PublishedOctober 11, 2024

ਪਰਾਲੀ ਨੂੰ ਬਿਨਾਂ ਅੱਗ ਲਗਾਏ ਆਲੂਆਂ ਦੀ ਕਾਸ਼ਤ ਲਈ ਖੇਤ ਨੂੰ ਕਰ ਰਹੇ ਨੇ ਤਿਆਰ

ਪਿਛਲੇ ਸਾਲ 20 ਏਕੜ ਜਮੀਨ ਵਿੱਚੋਂ ਪਰਾਲੀ ਤੋਂ ਤਿਆਰ ਕਰਵਾਈਆਂ ਸਨ ਗੱਠਾਂ

ਐਸ.ਡੀ.ਐਮ.ਹਰਬੰਸ ਸਿੰਘ ਨੇ ਪਰਾਲੀ ਦਾ ਨਿਪਟਾਰਾ ਖੇਤਾਂ ‘ਚ ਕਰਨ ਵਾਲੇ ਕਿਸਾਨ ਭਰਾਵਾਂ ਦੀ ਕੀਤੀ ਹੋਂਸਲਾ ਅਫ਼ਜਾਈ

ਅਹਿਮਦਗੜ੍ਹ/ਮਾਲੇਰਕੋਟਲਾ 11 ਅਕਤੂਬਰ 2024 (ਦੀ ਪੰਜਾਬ ਵਾਇਰ)। ਵਧਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਕਿਸਾਨਾਂ ਵੱਲੋਂ ਵੀ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਮਾਲੇਰਕੋਟਲਾ ਜ਼ਿਲ੍ਹੇ ਦੀ ਸਬ ਡਵੀਜਨ ਅਹਿਮਦਗੜ੍ਹ ਦੇ ਪਿੰਡ ਜੰਡਾਲੀ ਖੁਰਦ (ਮਲਕਪੁਰ) ਵਿਖੇ ਰਹਿਣ ਵਾਲੇ ਭਰਾ ਰਘਬੀਰ ਸਿੰਘ ਅਤੇ ਜਸਵੀਰ ਸਿੰਘ ਪਰਾਲੀ ਦਾ ਨਿਪਟਾਰਾ ਖੇਤਾਂ ‘ਚ ਹੀ ਕਰਕੇ ਬਿਨਾਂ ਅੱਗ ਲਗਾਏ ਆਲੂਆਂ ਦੀ ਕਾਸਤ ਲਈ ਖੇਤ ਤਿਆਰ ਕਰਕੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਦਾ ਸਰੋਤ ਬਣ ਰਹੇ ਹਨ । ਜਿਕਰਯੋਗ ਹੈ ਕਿ ਇਨ੍ਹਾਂ ਭਰਾਵਾਂ ਨੇ ਪਿਛਲੇ ਸਾਲ ਕਰੀਬ 20 ਏਕੜ ਜ਼ਮੀਨ ਵਿੱਚ ਪਰਾਲੀ ਦੀਆਂ ਗੱਠਾਂ ਬਣਾ ਕੇ ਪਰਾਲੀ ਦਾ ਯੋਗ ਪ੍ਰਬੰਧ ਕਰਕੇ ਅਗਲੀ ਫਸ਼ਲ ਲਈ ਖੇਤ ਨੂੰ ਤਿਆਰ ਕੀਤਾ ਸੀ । ਵਾਤਾਵਰਣ ਨੂੰ ਦੂਸ਼ਿਤ ਨਾ ਕਰਕੇ ਸਕੂਨ ਮਹਿਸੂਸ ਕੀਤਾ ਸੀ ।

ਅਗਾਂਹਵਧੂ ਕਿਸਾਨ ਭਰਾਂ ਆਪਣੀ 50 ਏਕੜ ਜਮੀਨ ਵਿੱਚ ਪਰਾਲੀ ਨੂੰ ਅੱਗ ਨਾ ਲਗਾ ਕੇ ਹੋਰਨਾ ਕਿਸਾਨਾਂ ਲਈ ਰਾਹ ਦਸੇਰਾ ਬਣ ਰਹੇ ਹਨ । ਕਿਸਾਨ ਵੱਲੋਂ ਕੀਤੇ ਜਾ ਰਹੇ ਵਾਤਾਵਰਣ ਪੱਖੀ ਕੰਮ ਦੀ ਸ਼ਲਾਘਾ ਕਰਨ ਲਈ ਜ਼ਿਲ੍ਹੇ ਦੇ ਐਸ.ਡੀ.ਐਮ.ਹਰਬੰਸ ਸਿੰਘ ਵਿਸ਼ੇਸ਼ ਤੌਰ ’ਤੇ ਕਿਸਾਨ ਦੇ ਖੇਤਾਂ ਵਿੱਚ ਪਹੁੰਚੇ ਅਤੇ ਕਿਸਾਨ ਵੱਲੋਂ ਕੀਤੇ ਜਾ ਰਹੇ ਕੰਮ ਲਈ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਹਾਜ਼ਰ ਹੋਰ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ।

ਆਪਣੇ ਤਜਰਬੇ ਸਾਂਝੇ ਕਰਦਿਆਂ ਕਿਸਾਨ ਰਘਬੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ ‘ਚ ਹੀ ਮਿਲਾ ਕੇ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕੰਬਾਈਨ ਨਾਲ ਕਟਾਈ ਕਰਨ ਉਪਰੰਤ ਮਲਚਰ,ਰੋਟਾਵੇਟਰ,ਪਲਾਓ ਆਦਿ ਦੀ ਵਰਤੋਂ ਕਰਕੇ ਆਲੂ ਦੀ ਕਾਸਤ ਲਈ ਖੇਤ ਨੂੰ ਤਿਆਰ ਕਰਕੇ ਆਲੂ ਦੀ ਬਿਜਾਈ ਕਰਨਗੇ । ਆਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ ‘ਚ ਹੀ ਮਿਲਾਉਣ ਸਦਕਾ ਜ਼ਮੀਨ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਤੇ ਉਪਜਾਊ ਸ਼ਕਤੀ ਵਧਣ ਦੇ ਨਾਲ ਨਾਲ ਖਾਦਾਂ ਦੀ ਵਰਤੋਂ ਵੀ ਪਹਿਲਾਂ ਨਾਲੋਂ ਘੱਟੀ ਹੈ ।ਉਨ੍ਹਾਂ ਦੱਸਿਆ ਕਿ ਫ਼ਸਲਾਂ ਦਾ ਝਾੜ ਵਧਣ ਸਮੇਤ ਫ਼ਸਲ ਦੀ ਕੁਆਲਿਟੀ ਤੇ ਰੰਗਤ ਵਿੱਚ ਵੀ ਫਰਕ ਪਿਆ ਹੈ ਤੇ ਜ਼ਮੀਨ ਵਿੱਚ ਪੋਲਾਪਣ ਆਉਣ ਨਾਲ ਜ਼ਮੀਨ ਦਾ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ ਤੇ ਹੁਣ ਖੇਤਾਂ ‘ਚ ਨਦੀਨ ਵੀ ਨਹੀਂ ਪੈਦਾ ਹੁੰਦੇ।

ਅਗਾਂਹਵਧੂ ਕਿਸਾਨ ਰਘਬੀਰ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਖੇਤੀ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਸਾਨੂੰ ਸਾਰਿਆ ਨੂੰ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਰੀ ਨਾਲ ਜਿਥੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੋਵੇਗਾ।

Written By
The Punjab Wire