ਕਿਹਾ- ਰਾਜਨੀਤਕ ਆਗੂਆਂ ਵਲੋਂ ਡਿਪਟੀ ਕਮਿਸ਼ਨਰ ਦੇ ਸਤਿਕਾਰਤ ਅਹੁਦੇ ਦੇ ਅਕਸ ਨੂੰ ਪਹੁੰਚਾਈ ਠੇਸ
ਗੁਰਦਾਸਪੁਰ,1 ਅਕਤੂਬਰ 2024 (ਦੀ ਪੰਜਾਬ ਵਾਇਰ)। ਅੱਜ ਦਫ਼ਤਰ ਡਿਪਟੀ ਕਮਿਸ਼ਨਰ, ਗੁਰਦਾਸਪੁਰ ਵਿਖੇ ਰਾਜਨੀਤਕ ਆਗੂਆਂ ਵਲੋਂ ਜੋ ਹੰਗਾਮਾ ਕੀਤਾ ਗਿਆ ਹੈ ਅਤੇ ਭੱਦੀ ਸ਼ਬਦਾਵਲੀ ਵਰਤੀ ਗਈ ਹੈ, ਇਸ ਘਟਨਾ ਦੀ ਡੀ.ਸੀ.ਦਫ਼ਤਰ ਯੂਨੀਅਨ ਗੁਰਦਾਸਪੁਰ ਦੀ ਜਿਲ੍ਹਾ ਬਾਡੀ ਵਲੋਂ ਮੀਟਿੰਗ ਕਰਕੇ ਵਿਚਾਰ ਕੀਤਾ ਗਿਆ ਅਤੇ ਮਤਾ ਪਾਸ ਕੀਤਾ ਗਿਆ ਹੈ ਕਿ ਅੱਜ ਜੋ ਘਟਣਾਕ੍ਰਮ ਦਫ਼ਤਰ ਡਿਪਟੀ ਕਮਿਸ਼ਨਰ, ਗੁਰਦਾਸਪੁਰ ਵਿਖੇ ਵਾਪਰਿਆ, ਉਹ ਬਹੁਤ ਹੀ ਨਿੰਦਨਯੋਗ ਹੈ ਅਤੇ ਜਿਲਾ ਡੀ.ਸੀ.ਦਫ਼ਤਰ ਯੂਨੀਅਨ ਗੁਰਦਾਸਪੁਰ ਇਸ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਇਸ ਮੌਕੇ ਗੱਲ ਕਰਦਿਆਂ ਡੀ.ਸੀ.ਦਫ਼ਤਰ ਯੂਨੀਅਨ ਗੁਰਦਾਸਪੁਰ ਦੇ ਪ੍ਰਧਾਨ ਲਖਵਿੰਦਰ ਸਿੰਘ ਗੋਰਾਇਆ, ਚੇਅਰਮੈਨ ਸੁਰਿੰਦਰ ਸਿੰਘ, ਜਨਰਲ ਸਕੱਤਰ ਸਰਬਜੀਤ ਸਿੰਘ ਮੁਲਤਾਨੀ, ਵਾਈਸ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਮੁੱਖ ਸਲਾਹਕਾਰ ਗੁਰਨਾਮ ਸਿੰਘ ਨੇ ਕਿਹਾ ਕਿ ਡੀ.ਸੀ.ਦਫ਼ਤਰ ਯੂਨੀਅਨ ਗੁਰਦਾਸਪੁਰ ਮਾਨਯੋਗ ਡਿਪਟੀ ਕਮਿਸ਼ਨਰ, ਗੁਰਦਾਸਪੁਰ ਨੂੰ ਵਿਸ਼ਵਾਸ ਦਵਾਉਂਦੀ ਹੈ ਕਿ ਯੂਨੀਅਨ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ।
ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ, ਇੱਕ ਬਹੁਤ ਹੀ ਸਤਿਕਾਰਯੋਗ ਅਤੇ ਪ੍ਰਸ਼ਾਸਨਿਕ ਅਹੁਦਾ ਹੈ ਅਤੇ ਹਰ ਇੱਕ ਨੂੰ ਇਸ ਅਹੁਦੇ ਦਾ ਮਾਣ ਰੱਖਣਾ ਚਾਹੀਦਾ ਹੈ। ਰਾਜਨੀਤਕ ਆਗੂਆਂ ਵਲੋਂ ਅਜਿਹਾ ਕਰਨ ਕਰਕੇ ਇਸ ਆਸਾਮੀ ਦੀ ਮਰਿਆਦਾ ਦੇ ਅਕਸ ਨੂੰ ਠੇਸ ਪਹੁੰਚੀ ਹੈ। ਮਾਨਯੋਗ ਡਿਪਟੀ ਕਮਿਸ਼ਨਰ, ਗੁਰਦਾਸਪੁਰ ਸ੍ਰੀ ਉਮਾ ਸ਼ੰਕਰ ਗੁਪਤਾ, ਆਈ.ਏ.ਐੱਸ, ਬਹੁਤ ਤਨਦੇਹੀ ਨਾਲ ਜਿਲੇ ਦੀ ਸੇਵਾ ਕਰ ਰਹੇ ਹਨ। ਜੇਕਰ ਭਵਿੱਖ ਵਿੱਚ ਇਨ੍ਹਾਂ ਰਾਜਨੀਤਕ ਆਗੂਆਂ ਵਲੋਂ ਮੁੜ ਕੋਈ ਅਜਿਹੀ ਘਟਣਾ ਕੀਤੀ ਗਈ ਤਾਂ ਡੀ.ਸੀ. ਦਫ਼ਤਰ ਕਰਮਚਾਰੀ ਯੂਨੀਅਨ, ਪੰਜਾਬ ਵਲੋਂ ਇਸ ਸਬੰਧੀ ਕੋਈ ਵੱਡਾ ਐਕਸ਼ਨ ਦੇਣ ਲਈ ਮਜਬੂਰ ਹੋਵੇਗੀ ਅਤੇ ਇਸ ਦੀ ਸਾਰੀ ਜਿੰਮੇਵਾਰੀ ਉਨ੍ਹਾਂ ਰਾਜਨਿਤਕ ਆਗੂਆਂ ਦੀ ਹੋਵੇਗੀ।