ਜ਼ਿਲ੍ਹਾ ਪ੍ਰਸ਼ਾਸਨ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇਣ ਲਈ ਪੂਰਾ ਸਹਿਯੋਗ ਕਰ ਰਿਹਾ ਹੈ-ਡਿਪਟੀ ਕਮਿਸ਼ਨਰ ਗੁਰਦਾਸਪੁਰ
ਡਿਪਟੀ ਕਮਿਸ਼ਨਰ ਵੱਲੋਂ ਚਾਹਲ ਕਲਾਂ ਅਤੇ ਨੱਤ ਦੇ ਕਿਸਾਨਾਂ ਨੂੰ ਮਿਲਕੇ ਪਰਾਲੀ ਨਾ ਸਾੜਨ ਦੀ ਅਪੀਲ
ਪਰਾਲੀ ਨਾ ਸਾੜਨ ਵਾਲੇ 13 ਅਗਾਂਹਵਧੂ ਕਿਸਾਨ ‘ਵਾਤਾਵਰਣ ਦੇ ਰਖਵਾਲੇ’ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ
ਗੁਰਦਾਸਪੁਰ, 27 ਸਤੰਬਰ 2024 (ਦੀ ਪੰਜਾਬ ਵਾਇਰ )। ਜਿਲ੍ਹਾ ਪ੍ਰਸ਼ਾਸਨ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੇਣ ਲਈ ਪੂਰਨ ਸਹਿਯੋਗ ਕਰ ਰਿਹਾ ਹੈ, ਇਸ ਲਈ ਕਿਸਾਨ ਵੀ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਲਈ ਅੱਗੇ ਆਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ, ਉਮਾ ਸ਼ੰਕਰ ਗੁਪਤਾ ਵੱਲੋਂ ਅੱਜ ਬਟਾਲਾ ਬਲਾਕ ਦੇ ਦੋ ਪਿੰਡਾਂ ਚਾਹਲ ਕਲਾਂ ਤੇ ਨੱਤ ਦੇ ਕਿਸਾਨਾਂ ਨੂੰ ਮਿਲਣ ਮੌਕੇ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸੁਰਿੰਦਰ ਸਿੰਘ, ਐਸ.ਡੀ.ਐਮ.ਵਿਕਰਮਜੀਤ ਸਿੰਘ, ਅਭਿਸ਼ੇਕ ਵਰਮਾ ਨਾਇਬ ਤਹਿਸੀਲਦਾਰ,ਸੁਰਿੰਦਰਪਾਲ ਮੁੱਖ ਖੇਤੀਬਾੜੀ ਅਫਸਰ, ਡਾ. ਬਲਜਿੰਦਰ ਸਿੰਘ ਭੁੱਲਰ ਖੇਤੀਬਾੜੀ ਅਫਸਰ (ਟ੍ਰੇਨਿੰਗ), ਪਰਮਵੀਰ ਸਿੰਘ ਕਾਹਲੋਂ ਏਡੀਓ ਅਤੇ ਪਿੰਡਾਂ ਦੇ ਕਿਸਾਨ ਆਦਿ ਹਾਜ਼ਰ ਸਨ।
ਇਸ ਮੌਕੇ ਕਿਸਾਨਾਂ ਨਾਲ ਗੱਲ਼ਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲ਼ੋ ਪਰਾਲੀ ਦੀ ਸੰਭਾਲ ਲਈ ਲੋੜੀਂਦੀ ਮਸ਼ੀਨਰੀ ਉਪਲੱਬਧ ਕਰਵਾਈ ਗਈ ਹੈ। ਪਰ ਫਿਰ ਵੀ ਕੁਝ ਕੁ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਅਤੇ ਅੱਜ ਉਨ੍ਹਾਂ ਦਾ ਇੱਥੇ ਆਉਣ ਦਾ ਇਹੀ ਮਕਸਦ ਹੈ ਕਿ ਇਨ੍ਹਾ ਕਿਸਾਨਾਂ ਨੂੰ ਮਿਲ ਕੇ, ਕਿਸਾਨਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣ ਤੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਜ਼ਿਲ੍ਹੇ ਵਿੱਚ ਅਗਾਂਹਵਧੂ ਕਿਸਾਨ ਵੀ ਹਨ, ਜੋ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਨਹੀਂ ਲਗਾ ਰਹੇ ਤੇ ਅਗਲੀ ਫਸਲ ਦੀ ਬਿਜਾਈ ਕਰ ਰਹੇ ਹਨ। ਉਨ੍ਹਾਂ ਕਿਹਾ ਜਿਲ੍ਹਾ ਪ੍ਰਸ਼ਾਸਨ ਵਲੋਂ ਅਜਿਹੇ ਕਿਸਾਨਾਂ ਨੂੰ ‘ਵਾਤਾਵਰਣ ਦੇ ਰਖਵਾਲੇ’ ਪ੍ਰਸ਼ੰਸਾ ਪੱਤਰ ਨਾਲ ਨਿਵਾਜਿਆ ਜਾ ਰਿਹਾ ਹੈ ਅਤੇ ਸਰਕਾਰੀ ਦਫਤਰਾਂ ਵਿੱਚ ਅਜਿਹੇ ਅਗਾਂਹਵਧੂ ਕਿਸਾਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਹੱਲ ਕਰਨ ਨੂੰ ਯਕੀਨੀ ਬਣਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਵਲੋਂ 13 ਅਗਾਂਹਵਧੂ ਕਿਸਾਨਾਂ ਨੂੰ ‘ਵਾਤਾਵਰਣ ਦੇ ਰਖਵਾਲੇ’ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ। ਸਿਹਤ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ, ਖਾਸਕਰਕੇ ਫੇਫੜਿਆਂ ਨੂੰ ਬਹੁਤ ਨੁਕਸਾਨ ਪਹੁੰਚਦਾ ਹੈ। ਕਈ ਹਾਨੀਕਾਰਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਹੈ। ਮਿੱਤਰ ਕੀੜੇ ਮਰਦੇ ਹਨ। ਸੜਕੀ ਹਾਦਸੇ ਵਾਪਰਨ ਨਾਲ ਜਾਨੀ ਨੁਕਸਾਨ ਹੁੰਦੇ ਹਨ।
ਉਨ੍ਹਾਂ ਕਿਸਾਨਾ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੁਹਾਡੇ ਨਾਲ ਖੜਾ ਹੈ, ਇਸ ਲਈ ਪਰਾਲੀ ਨਾ ਸਾੜੀ ਜਾਵੇ। ਉਨ੍ਹਾ ਦੱਸਿਆ ਕਿ ਪਰਾਲੀ ਦੀ ਸੰਭਾਲ ਲਈ ਜ਼ਿਲ੍ਹੇ ਵਿੱਚ ਲੋੜੀਂਦੀ ਮਸ਼ੀਨਰੀ ਉਪਲੱਬਧ ਹੈ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਸੁਸਾਇਟੀਆਂ ਤੇ ਪੰਚਾਇਤਾਂ ਕੋਲੋ ਉਪਲੱਬਧ ਮਸ਼ੀਨਰੀ ਦਾ ਰੋਸਟਰ ਬਣਾਉਣ ਅਤੇ ਕਿਸਾਨਾਂ ਖਾਸ ਕਰਕੇ ਛੋਟੇ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਪਹਿਲ ਦੇ ਅਧਾਰ ਤੇ ਮੁਹੱਈਆ ਕਰਵਾਈ ਜਾਵੇ।
ਇਸ ਮੌਕੇ ਏ.ਡੀ.ਸੀ ( ਜ) ਸੁਰਿੰਦਰ ਸਿੰਘ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਜਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ-ਪਿੰਡ ਜਾ ਕੇ ਕਿਸਾਨਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ। ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣ ਕੇ ਹੱਲ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਲੋੜੀਦੀਂ ਖੇਤੀ ਮਸ਼ੀਨਰੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਲਈ ਕਿਸਾਨ ਵੀਰ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਅਤੇ ਪਰਾਲੀ ਨੂੰ ਅੱਗ ਨਾ ਲਾਉਣ।
ਇਸ ਮੌਕੇ ਅਗਾਂਹਵਧੂ ਕਿਸਾਨ ਹਰਦੀਪ ਸਿੰਘ ਵਲੋਂ ਪਿੱੱਛਲੇ ਕਰੀਬ ਪੰਜ ਸਾਲਾਂ ਤੋਂ ਪਰਾਲੀ ਨਹੀਂ ਸਾੜੀ ਜਾ ਰਹੀ ਹੈ। ਉਨ੍ਹਾਂ ਵਲੋਂ ਪਰਾਲੀ ਸਾੜਨ ਦੇ ਨੁਕਸਾਨਾਂ ਅਤੇ ਪਰਾਲੀ ਨਾ ਸਾੜਨ ਦੇ ਫਾਇਦਿਆਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਦੋਵਾਂ ਪਿੰਡਾਂ ਦੇ ਮੋਹਤਬਰ/ਕਿਸਾਨਾਂ ਵੱਲੋਂ ਪ੍ਰਣ ਲਿਆ ਗਿਆ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣ ਗਏ ਅਤੇ ਪ੍ਰਸ਼ਾਸਨ ਨਾਲ ਪੁਰਾ ਸਹਿਯੋਗ ਕਰਨਗੇ।