ਪੰਜਾਬ

ਪੰਜਾਬ ਦੇ ਪਿੰਡ ਹੰਸਾਲੀ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2024 ਐਵਾਰਡ

ਪੰਜਾਬ ਦੇ ਪਿੰਡ ਹੰਸਾਲੀ ਨੇ ਜਿੱਤਿਆ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2024 ਐਵਾਰਡ
  • PublishedSeptember 27, 2024

ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਾਸੋਂ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅੰਮ੍ਰਿਤ ਸਿੰਘ ਅਤੇ ਪਵੇਲ ਗਿੱਲ ਨੇ ਨਵੀਂ ਦਿੱਲੀ ਵਿਖੇ ਹਾਸਿਲ ਕੀਤਾ ਐਵਾਰਡ

ਚੰਡੀਗੜ੍ਹ/ ਨਵੀਂ ਦਿੱਲੀ, 27 ਸਤੰਬਰ 2024 (ਦੀ ਪੰਜਾਬ ਵਾਇਰ)। ਕੌਮੀ ਪੱਧਰ ’ਤੇ ਫਾਰਮ ਟੂਰਿਜ਼ਿਮ ਖੇਤਰ ਵਿੱਚ ਆਪਣੀ ਮੁੜ ਸਫਲਤਾ ਦਰਜ ਕਰਵਾਉਂਦਿਆਂ ਪੰਜਾਬ ਨੇ ਅੱਜ ਇਥੇ ਬੈਸਟ ਟੂਰਿਜ਼ਮ ਵਿਲੇਜ਼ ਆਫ਼ ਇੰਡੀਆ 2024 ਐਵਾਰਡ ਹਾਸਲ ਕੀਤਾ ਹੈ।
ਇਹ ਅਹਿਮ ਐਵਾਰਡ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਅੰਮ੍ਰਿਤ ਸਿੰਘ , ਪਿੰਡ ਹੰਸਾਲੀ ਦੇ ਪ੍ਰਤੀਨਿਧ ਪਵੇਲ ਗਿੱਲ ਅਤੇ ਮੈਨੇਜਰ ਆਂਕੜਾ ਸ਼ੀਤਲ ਬਹਿਲ ਵੱਲੋਂ ਕੇਂਦਰੀ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਸਕੱਤਰ ਵੀ. ਵਿਦਿਆਵਤੀ ਪਾਸੋਂ ਇਥੇ ਵਿਗਿਆਨ ਭਵਨ ਵਿਖੇ ਵਿਸ਼ਵ ਟੂਰਿਜ਼ਮ ਦਿਵਸ ਮੌਕੇ ਕਰਵਾਏ ਗਏ ਸਮਾਗਸ ਦੌਰਾਨ ਪ੍ਰਾਪਤ ਕੀਤਾ। ਇਸ ਸਮਾਗਮ ਦਾ ਉਦਘਾਟਨ ਉੱਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਵੱਲੋਂ ਕੀਤਾ ਗਿਆ।

ਖੇਤੀਬਾੜੀ ਸੈਰ-ਸਪਾਟਾ ਖੇਤਰ ਦੇ ਇਸ ਵੱਕਾਰੀ ਐਵਾਰਡ ਲਈ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਹੰਸਾਲੀ ਨੂੰ ਕੌਮੀ ਪੱਧਰ ’ਤੇ ਇਹ ਐਵਾਰਡ ਜਿੱਤਣ ਵਾਲੇ ਪਿੰਡਾਂ ਵਿਚ ਸ਼ੁਮਾਰ ਕੀਤਾ ਗਿਆ ਹੈ।

ਹੰਸਾਲੀ ਆਰਗੈਨਿਕ ਫ਼ਾਰਮ ਦੇ ਮਾਲਕ ਸ਼੍ਰੀ ਸੁਖਚੈਨ ਸਿੰਘ ਗਿੱਲ ਅਤੇ ਉਹਨਾਂ ਦੇ ਪੁੱਤਰ ਪਵੇਲ ਗਿੱਲ ਦੇ ਮੁਸੱਲਸਲ ਯਤਨਾਂ ਅਤੇ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੀ ਸੁਹਿਰਦ ਅਗਵਾਈ ਅਤੇ ਸਹਿਯੋਗ ਸਦਕਾ ਇਹ ਪਿੰਡ ਐਗਰੋ ਅਧਾਰਤ ਟੂਰਿਜ਼ਮ ਦਾ ਮਿਸਾਲੀ ਪੇਂਡੂ ਸਥਾਨ ਬਣ ਚੁੱਕਿਆ ਹੈ।

ਸ਼੍ਰੀਮਤੀ ਅਮ੍ਰਿਤ ਸਿੰਘ ਨੇ ਦੱਸਿਆ ਕਿ ਇਹ ਪਿੰਡ ਔਰਗੈਨਿਕ ਫਾਰਮਿੰਗ ਦੇ ਇੱਕ ਧੁਰੇ ਵੱਜੋਂ ਵਿਕਸਿਤ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਸੈਲਾਨੀ ਇਥੇ ਪੰਜਾਬੀ ਰਿਵਾਇਤੀ ਖਾਣੇ ਦੇ ਨਾਲ-ਨਾਲ ਖੇਤੀ-ਬਾੜੀ ਨਾਲ ਸੰਬੰਧਿਤ ਗਤੀਵਿਧੀਆਂ, ਪੇਂਡੂ ਸੱਭਿਆਚਾਰ ਦੀ ਝਲਕ ਅਤੇ ਮੋਹ ਭਿਜੀ ਆਓ ਭਗਤ ਦਾ ਅਨੰਦ ਮਾਣ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪੰਜਾਬ ਦੇ ਵੱਖ-ਵੱਖ ਇਤਿਹਾਸਿਕ ਸਮਾਰਕਾਂ ਅਤੇ ਵੱਖ-ਵੱਖ ਸੈਰ-ਸਪਾਟਾ ਸਥਾਨਾਂ ਵਿਖੇ ਵੱਖ-ਵੱਖ ਗਤਿਵਿਧੀਆਂ ਕਰਵਾ ਕੇ ਵਿਸ਼ਵ ਟੂਰਿਜ਼ਮ ਦਿਵਸ ਮਨਾਇਆ ਜਾ ਰਿਹਾ ਹੈ।

ਇੱਥੇ ਜਿਕਰਯੋਗ ਹੈ ਕਿ ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਨਵਾਂ ਪਿੰਡ ਸਰਦਾਰਾਂ ਨੇ ਲੰਘੇ ਵਰ੍ਹੇ ਬੈਸਟ ਟੂਰਿਜ਼ਮ ਵਿਲੇਜ ਆਫ ਇੰਡੀਆ 2023 ਅਵਾਰਡ ਹਾਸਿਲ ਕੀਤਾ ਸੀ।

ਡਾਇਰੈਕਟਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸੈਰ-ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਦੀ ਯੋਗ ਅਗਵਾਈ ਹੇਠ ਪੰਜਾਬ ਕੌਮੀ ਪੱਧਰ ਤੇ ਸੈਰ-ਸਪਾਟਾ ਖਾਸ ਕਰ ਫ਼ਾਰਮ ਟੂਰਿਜ਼ਮ ਦੇ ਖੇਤਰ ਵਿਚ ਮੋਹਰੀ ਸੂਬਾ ਬਣਨ ਦੇ ਆਪਣੇ ਟੀਚੇ ਵੱਲ ਵਧ ਰਿਹਾ ਹੈ।

Written By
The Punjab Wire