Close

Recent Posts

ਪੰਜਾਬ

ਮਾਨ ਸਰਕਾਰ ਨੇ ਬਿਨਾਂ ਰਿਸ਼ਵਤ ਜਾਂ ਸਿਫਾਰਿਸ਼ ਦੇ 45 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ- ਆਪ 

ਮਾਨ ਸਰਕਾਰ ਨੇ ਬਿਨਾਂ ਰਿਸ਼ਵਤ ਜਾਂ ਸਿਫਾਰਿਸ਼ ਦੇ 45 ਹਜ਼ਾਰ ਨੌਜਵਾਨਾਂ ਨੂੰ ਦਿੱਤੀਆਂ ਸਰਕਾਰੀ ਨੌਕਰੀਆਂ- ਆਪ 
  • PublishedSeptember 27, 2024

ਸਾਂਸਦ ਮਲਵਿੰਦਰ ਕੰਗ ਨੇ ਗਿਣਾਏ ਅੰਕੜੇ, ਕਿਹਾ- ਭਗਵੰਤ ਮਾਨ ਨੇ ਰਿਸ਼ਵਤਖੋਰੀ ਤੇ ਸਿਆਸੀ ਸਿਫਾਰਿਸ਼ਾਂ ਦੀ ਰਵਾਇਤ ਖਤਮ ਕੀਤੀ

ਵੱਡੀ ਗਿਣਤੀ ਵਿਚ ਸਰਕਾਰੀ ਨੌਕਰੀਆਂ ਦੇਣ ਕਾਰਨ ਵਿਦੇਸ਼ ਜਾਣ ਵਾਲੇ ਨੌਜਵਾਨਾਂ ਦੀ ਗਿਣਤੀ ਘਟੀ ਹੈ, ਪਹਿਲਾਂ ਰੁਜ਼ਗਾਰ ਦੀ ਘਾਟ ਕਾਰਨ ਉਹ ਵਿਦੇਸ਼ ਜਾਣ ਲਈ ਮਜਬੂਰ ਸਨ – ਕੰਗ

ਚੰਡੀਗੜ੍ਹ, 27 ਸਤੰਬਰ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ (ਆਪ) ਨੇ ਵੱਡੀ ਗਿਣਤੀ ਵਿੱਚ ਸਰਕਾਰੀ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ। ‘ਆਪ’ ਦੇ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਢਾਈ ਸਾਲਾਂ ਵਿੱਚ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਸ਼ੁੱਕਰਵਾਰ ਨੂੰ ਚੰਡੀਗੜ੍ਹ ਪਾਰਟੀ ਦਫ਼ਤਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਮਲਵਿੰਦਰ ਕੰਗ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਲੋਕਾਂ ਨੂੰ ਸਰਕਾਰੀ ਨੌਕਰੀਆਂ ਲੈਣ ਲਈ ਲੱਖਾਂ ਰੁਪਏ ਬਤੌਰ ਰਿਸ਼ਵਤ ਦੇਣੀ ਪੈਂਦੀ ਸੀ ਅਤੇ ਜ਼ਿਆਦਾਤਰ ਸਰਕਾਰੀ ਨੌਕਰੀਆਂ ਸਿਆਸਤਦਾਨਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਹੀ ਮਿਲਦੀ ਸੀ । ਫਿਰ ਰੁਜ਼ਗਾਰ ਨਾ ਮਿਲਣ ਕਾਰਨ ਨੌਜਵਾਨਾਂ ਨੂੰ ਵਿਦੇਸ਼ ਜਾਣ ਲਈ ਮਜਬੂਰ ਹੋਣਾ ਪੈਂਦਾ ਸੀ। 

 ਮਾਨ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ ਰਿਸ਼ਵਤਖੋਰੀ ਅਤੇ ਸਿਆਸੀ ਸਿਫ਼ਾਰਸ਼ਾਂ ਦੀ ਰਵਾਇਤ ਖ਼ਤਮ ਕਰ ਦਿੱਤੀ ਹੈ।  ਸਾਡੀ ਸਰਕਾਰ ਨੇ 45708 ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਆਸੀ ਸਿਫ਼ਾਰਸ਼ ਅਤੇ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ।

ਕੰਗ ਨੇ ਨੌਕਰੀਆਂ ਦੇ ਅੰਕੜੇ ਗਿਣਾਉਂਦਿਆਂ ਦੱਸਿਆ ਕਿ ਸਰਕਾਰ ਨੇ ਲੋਕਲ ਬਾਡੀ ਵਿਭਾਗ ਵਿੱਚ 4870, ਬਿਜਲੀ ਵਿਭਾਗ ਵਿੱਚ 4953, ਖੇਤੀਬਾੜੀ ਵਿਭਾਗ ਵਿੱਚ 692, ਪਸ਼ੂ ਪਾਲਣ ਵਿਭਾਗ ਵਿੱਚ 700, ਸਹਿਕਾਰਤਾ ਵਿਭਾਗ ਵਿੱਚ 1234, ਸਿਹਤ ਵਿਭਾਗ ਵਿੱਚ 1369, ਜੇਲ੍ਹ ਵਿੱਚ 909, ਲੋਕ ਨਿਰਮਾਣ ਵਿਭਾਗ ਵਿੱਚ 564, ਮਾਲ ਵਿਭਾਗ ਵਿੱਚ 2220 ਅਤੇ ਜਲ ਸਰੋਤ ਵਿਭਾਗ ਵਿੱਚ 1779 ਸਮੇਤ ਕਈ ਹੋਰ ਵਿਭਾਗਾਂ ਵਿੱਚ ਸੈਂਕੜੇ ਨੋਕਰੀਆਂ ਕੱਡੀਆਂ। 24 ਸਤੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਹਤ ਵਿਭਾਗ ਲਈ 586 ਨਿਯੁਕਤੀ ਪੱਤਰ ਵੰਡੇ।

ਕੰਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਲੋਕ ਸਾਡੇ ਕੰਮਾਂ ਚੋਂ ਸਭ ਤੋਂ ਵੱਧ ਤਾਰੀਫ਼ ਸਰਕਾਰੀ ਨੌਕਰੀਆਂ ਦੇਣ ਲਈ ਕਰ ਰਹੇ ਸਨ ਕਿਉਂਕਿ ਹਰ ਕਿਸੇ ਦੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਨੌਕਰੀ ਮਿਲੀ ਸੀ।  ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਚੰਗੀ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਾ ‘ਆਪ’ ਸਰਕਾਰ ਦੀ ਮੁੱਖ ਤਰਜੀਹ ਹੈ ਅਤੇ ਸਾਨੂੰ ਖੁਸ਼ੀ ਹੈ ਕਿ ਸਾਡੇ ਮੁੱਖ ਮੰਤਰੀ ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਲਗਾਤਾਰ ਉਪਰਾਲੇ ਕਰ ਰਹੇ ਹਨ।

Written By
The Punjab Wire