Close

Recent Posts

ਗੁਰਦਾਸਪੁਰ ਮੁੱਖ ਖ਼ਬਰ ਵਿਸ਼ੇਸ਼

ਜੱਦ ਸੂਝਬੂਝ ਅਤੇ ਦੂਰਅੰਦੇਸ਼ੀ ਨਾਲ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਗਾਏ ਇੱਕ ਤੀਰ ਨਾਲ ਕਈ ਨਿਸ਼ਾਨੇ: ਸੁੰਦਰਤਾ ਨੂੰ ਲੱਗਾ ਚੰਦ, ਹਾਦਸਿਆਂ ਤੇ ਪਵੇਗੀ ਠੱਲ

ਜੱਦ ਸੂਝਬੂਝ ਅਤੇ ਦੂਰਅੰਦੇਸ਼ੀ ਨਾਲ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਲਗਾਏ ਇੱਕ ਤੀਰ ਨਾਲ ਕਈ ਨਿਸ਼ਾਨੇ: ਸੁੰਦਰਤਾ ਨੂੰ ਲੱਗਾ ਚੰਦ, ਹਾਦਸਿਆਂ ਤੇ ਪਵੇਗੀ ਠੱਲ
  • PublishedAugust 15, 2024

1971 ਦੀ ਭਾਰਤ-ਪਾਕਿਸਤਾਨ ਜੰਗ ਦਾ ਜੇਤੂ ਟੈਂਕ ਬੱਬਰੀ ਚੌਂਕ ਗੁਰਦਾਸਪੁਰ ਵਿਖੇ ਸਥਾਪਤ ਹੋਣ ਨਾਲ ਨੌਜਵਾਨਾਂ ਨੂੰ ਮਿਲੇਗੀ ਪ੍ਰੇਰਣਾ

ਗੁਰਦਾਸਪੁਰ, 15 ਅਗਸਤ 2024 (ਮੰਨਣ ਸੈਣੀ )। ਇੱਕ ਚੰਗਾ ਅਤੇ ਦੂਰਅੰਦੇਸ਼ੀ ਪ੍ਰਸ਼ਾਸਨ ਉਹ ਹੁੰਦਾ ਹੈ ਜੋ ਨਾ ਸਿਰਫ਼ ਮੌਜੂਦਾ ਸਮੱਸਿਆਵਾਂ ਦਾ ਹੱਲ ਕਰਦਾ ਹੈ ਸਗੋਂ ਭਵਿੱਖ ਦੀਆਂ ਚੁਣੌਤੀਆਂ ਨੂੰ ਧਿਆਨ ਵਿੱਚ ਰੱਖ ਕੇ ਨੀਤੀਆਂ ਅਤੇ ਯੋਜਨਾਵਾਂ ਵੀ ਬਣਾਉਂਦਾ ਹੈ। ਅਜੌਕਾ ਹੀ ਇਕ ਕਾਰਜ ਜ਼ਿਲ੍ਹਾਂ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨੇਪੜ੍ਹੇ ਚਾੜ੍ਹਦੇ ਹੋਏ ਇੱਕ ਤੀਰ ਨਾਲ ਕਈ ਨਿਸ਼ਾਨੇ ਲਗਾਏ ਗਏ। ਹਾਦਸਿਆਂ ਤੇ ਲਗਾਮ ਲਗਾਉਣ, ਮੁੱਖ ਚੌਂਕ ਨੂੰ ਆਕਰਸ਼ਕ ਬਣਾਉਣ ਅਤੇ ਨੌਜਵਾਨਾਂ ਨੂੰ ਪ੍ਰੇਰਣਾ ਦੇਣ ਸਦਕਾ ਉਲੀਕਿਆ ਗਏ ਇਸ ਕਾਰਜ ਤਹਿਤ ਬੱਬਰੀ ਬਾਈਪਾਸ ਚੌਂਕ ਵਿੱਚ 1971 ਦੀ ਭਾਰਤ ਪਾਕਿਸਤਾਨ ਜੰਗ ਦਾ ਜੇਤੂ ਟੈਂਕ ਸਧਾਪਿਤ ਕੀਤਾ ਗਿਆ ਹੈ । ਜਿਸ ਨੂੰ ਬੀਤੇ ਦਿਨ੍ਹੀਂ ਆਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਲੋਕਾਂ ਦੇ ਸਪੁਰੱਦ ਕੀਤਾ ਗਿਆ ਹੈ।

ਅਜ਼ਾਦੀ ਦਿਵਸ ਦੀ ਪੂਰਵ ਸੰਧਿਆ ਮੌਕੇ ਬੱਬਰੀ ਬਾਈਪਾਸ, ਗੁਰਦਾਸਪੁਰ ਵਿਖੇ ‘ਜਿੱਤ ਦੀ ਨਿਸ਼ਾਨੀ’ ਵਜੋਂ ਭਾਰਤੀ ਫ਼ੌਜ ਦੇ 1971 ਦੀ ਜੰਗ ਦੇ ਜੇਤੂ ਟੈਂਕ ਨੂੰ ਸਥਾਪਿਤ ਕੀਤਾ ਗਿਆ ਹੈ। ਗੁਰਦਾਸਪੁਰ ਦੇ ਸਾਬਕਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵੱਲੋਂ ਉਲਿਕੇ ਗਏ ਇਸ ਪ੍ਰੋਗ੍ਰਾਮ ਨੂੰ ਮੌਜੂਦਾ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਸਮੇਂ ਸਿਰ ਚੜ੍ਹਵਾ ਕੇ ਸਥਾਪਿਤ ਕਰਵਾਇਆ ਗਿਆ। ਜਿਸ ਨਾਲ ਹੁਣ ਆਉਣ ਵਾਲੇ ਸਮੇਂ ਅੰਦਰ ਇਸ ਚੌਂਕ ਵਿੱਚ ਅਣਸੁਖਾਵੇ ਹਾਦਸਿਆ ਤੇ ਲਗਾਮ ਲੱਗਣ ਦੇ ਨਾਲ ਨਾਲ ਨੌਜਵਾਨਾਂ ਨੂੰ ਪ੍ਰੇਰਣਾ ਮਿਲਣ ਅਤੇ ਸੁੰਦਰਤਾ ਨੂੰ ਚਾਰ ਚੰਨ ਲੱਗ ਗਏ ਹਨ।

ਦੱਸਣਯੋਗ ਹੈ ਕਿ ਇਸ ਬੱਬਰੀ ਬਾਈਪਾਸ ਚੌਂਕ ਅੰਦਰ ਆਏ ਦਿਨ ਮੌੜ ਤਿੱਖਾ ਹੋਣ ਕਾਰਨ ਸੜ੍ਹਕ ਦੁਰਘਟਨਾਵਾਂ ਵਾਪਰਦੀਆਂ ਰਹਿੰਦਿਆਂ ਸਨ। ਇਸ ਚੌਰੱਸਤਾਂ ਚੌਂਕ ਅੰਦਰ ਤੇਜ਼ ਗੱਡੀਆਂ ਦੀ ਰਫ਼ਤਾਰ ਨੇ ਨਾ ਜਾਣੇ ਕਿੰਨੇ ਕੂ ਘਰਾਂ ਦੇ ਦੀਵੇਂ ਬੁਝਾਏ ਸਨ। ਜਿਸ ਤੇ ਹੁਣ ਨੱਥ ਪੈਣ ਦੀ ਉਮੀਦ ਜਾਗੀ ਹੈ। ਚੌਂਕ ਦੀ ਸੁੰਦਰਤਾ ਨਾਲ ਅਗਾਮੀ ਸਮੇਂ ਵਿੱਚ ਲੋਕਾਂ ਅੰਦਰ ਸੈਲਫ਼ੀ ਲੈਣ ਦਾ ਕ੍ਰੇਜ ਵੀ ਵੇਖਿਆ ਜਾਣਾ ਲਾਜਮੀ ਹੈ ਪਰ ਇਹ ਖ਼ਤਰਨਾਕ ਸਾਬਿਤ ਹੋ ਸਕਦਾ ਹੈ।

ਜੇਤੂ ਟੈਂਕ ਦੀ ਸਥਾਪਤੀ ਕਰਨ ਮੌਕੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਵੱਲੋਂ ਦੱਸਿਆ ਗਿਆ ਕਿ ਇਸ ਇਤਿਹਾਸਕ ਟੀ-55 ਟੈਂਕ ਦਾ ਨਿਰਮਾਣ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਰੂਸ ਦੁਆਰਾ ਕੀਤਾ ਗਿਆ ਸੀ। ਇਸ ਲੜਾਕੂ ਟੈਂਕ ਨੂੰ 1966 ਵਿੱਚ ਭਾਰਤ ਦੀਆਂ ਆਰਮਡ ਯੂਨਿਟਾਂ ਵਿੱਚ ਸ਼ਾਮਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਿਨ-ਰਾਤ ਲੜਨ ਦੀ ਤਾਕਤ ਰੱਖਣ ਵਾਲੇ ਇਸ ਟੈਂਕ ਨੇ 1971 ਦੇ ਭਾਰਤ-ਪਾਕਿਸਤਾਨ ਯੁੱਧ ਦੇ ਦੌਰਾਨ ਨੈਨੋਕੋਟ, ਬਸੰਤਰ ਅਤੇ ਗ਼ਰੀਬਪੁਰ ਦੀਆਂ ਲੜਾਈਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਪਾਕਿਸਤਾਨੀ ਸੈਨਾ ਨੂੰ ਹਾਰ ਦਿੱਤੀ। ਆਪਣੀਆਂ ਖ਼ੂਬੀਆਂ ਕਾਰਨ ਟੀ-55 ਟੈਂਕ ਭਾਰਤੀ ਸੈਨਾ ਵਿੱਚ ਸਾਲ 2011 ਤੱਕ ਸੇਵਾ ਵਿੱਚ ਰਿਹਾ। ਉਨ੍ਹਾਂ ਦੱਸਿਆ ਕਿ ਸੈਂਟਰਲ ਆਰਮਡ ਫੋਰਸਿਜ਼ ਵਹੀਕਲ ਡੀਪੂ, ਪੂਨੇ ਵੱਲੋਂ ਇਸ ਟੈਂਕ ਨੂੰ ‘ਵਾਰ ਟਰਾਫ਼ੀ’ ਦੇ ਰੂਪ ਵਿੱਚ ਜਿੱਤ ਦੀ ਨਿਸ਼ਾਨੀ ਵਜੋਂ ਸਨਮਾਨ ਸਹਿਤ ਗੁਰਦਾਸਪੁਰ ਨੂੰ ਭੇਂਟ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜ਼ਿਲ੍ਹਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਇਸ ਸਮਾਰਕ ਦੀ ਦੇਖ-ਰੇਖ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਤ ਦੀ ਨਿਸ਼ਾਨੀ ਦਾ ਪ੍ਰਤੀਕ ਇਹ ਟੈਂਕ ਨੌਜਵਾਨਾਂ ਨੂੰ ਜਿੱਥੇ ਆਪਣੇ ਦੇਸ਼ ਦੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਾਵੇਗਾ ਓਥੇ ਨੌਜਵਾਨ ਇਸ ਜਿੱਤ ਦੀ ਨਿਸ਼ਾਨੀ ਤੋਂ ਪ੍ਰੇਰਨਾ ਵੀ ਲੈਣਗੇ। ਉਨ੍ਹਾਂ ਕਿਹਾ ਕਿ ਅਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਦੇਸ਼ ਦੇ ਸ਼ਹੀਦਾਂ ਨੂੰ ਕੋਟੀ-ਕੋਟੀ ਪ੍ਰਨਾਮ ਕਰਦਾ ਹੈ।

ਇਸ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤੀ ਫ਼ੌਜ ਦਾ ਇਹ ਜੇਤੂ ਟੈਂਕ ਗੁਰਦਾਸਪੁਰ ਦੇ ਅਹਿਮ ਚੌਂਕ ਵਿੱਚ ਸਥਾਪਤ ਹੋਣ ਨਾਲ ਜਿੱਥੇ ਸ਼ਹਿਰ ਦੀ ਸ਼ਾਨ ਵਧੀ ਹੈ ਓਥੇ ਇਹ ਸਾਡੀ ਨੌਜਵਾਨੀ ਲਈ ਪ੍ਰੇਰਨਾ ਸਰੋਤ ਵੀ ਬਣੇਗਾ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਸੈਨਿਕਾਂ ਨੇ ਕਿਵੇਂ ਦੁਸ਼ਮਣਾਂ ਉੱਪਰ ਫ਼ਤਿਹ ਹਾਸਲ ਕੀਤੀ ਹੈ ਇਹ ਟੈਂਕ ਇਸ ਦੀ ਗਵਾਹੀ ਭਰਦਾ ਰਹੇਗਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਨੂੰ ਇਸ ਕਾਰਜ ਲਈ ਮੁਬਾਰਕਬਾਦ ਦਿੱਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸੁਭਾਸ਼ ਚੰਦਰ, ਐੱਸ.ਡੀ.ਐੱਮ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ਵਨੀ ਅਰੋੜਾ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਸ. ਹਰਜੋਤ ਸਿੰਘ, ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਕੱਤਰ ਪ੍ਰੋ. ਰਾਜ ਕੁਮਾਰ ਸ਼ਰਮਾ, ਸੁੱਚਾ ਸਿੰਘ ਮੁਲਤਾਨੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire