ਪੰਜਾਬ

ਜਿੱਥੇ ਚਾਹ ਉੱਥੇ ਰਾਹ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਯਤਨਾਂ ਸਦਕਾ ਥੈਲੇਸੀਮੀਆ ਦੇ ਮਰੀਜ਼ਾ ਨੂੰ ਹੁਣ ਬਲੱਡ ਫਿਲਟਰ ਲਈ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ

ਜਿੱਥੇ ਚਾਹ ਉੱਥੇ ਰਾਹ : ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਯਤਨਾਂ ਸਦਕਾ ਥੈਲੇਸੀਮੀਆ ਦੇ ਮਰੀਜ਼ਾ ਨੂੰ ਹੁਣ ਬਲੱਡ ਫਿਲਟਰ ਲਈ ਨਹੀਂ ਹੋਣਾ ਪਵੇਗਾ ਪ੍ਰੇਸ਼ਾਨ
  • PublishedAugust 6, 2024

ਸਰਕਾਰੀ ਹਸਪਤਾਲ ’ਚ ਥੈਲੇਸੀਮੀਆ ਦੇ 40 ਬੱਚਿਆਂ ਦੇ ਇਲਾਜ ਲਈ ਰਹੇਗੀ ਅਸਾਨੀ : ਡਾ. ਸੀਮਾ ਗਰਗ

ਹੁਸ਼ਿਆਰਪੁਰ, 6 ਅਗਸਤ 2024 (ਦੀ ਪੰਜਾਬ ਵਾਇਰ)। ਜਿੱਥੇ ਚਾਹ ਉੱਥੇ ਰਾਹ, ਇਸ ਕਹਾਵਤ ਤੇ ਖ਼ਰੇ ਉੱਤਰੇ ਹਨ ਹੁਸ਼ਿਆਰਪੁਰ ਦੀ ਡਿਪਟੀ ਕਮਿਸ਼ਨਰ ਕੋਮਲ ਮਿੱਤਲ। ਜਿੰਨਾਂ ਦੇ ਯਤਨਾਂ ਸਦਕਾ ਥੈਲੇਸੀਮੀਆ ਦੇ ਮਰੀਜ਼ਾਂ ਨੂੰ ਹੁਣ ਬਲੱਡ ਫਿਲਟਰ ਦੇ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਯਤਨਾਂ ਸਦਕਾ ਲੁਧਿਆਣਾ ਬੈਵਰੇਜਸ ਬਾਟਲਿੰਗ ਪਲਾਂਟ ਦੀ ਬ੍ਰਾਂਚ ਮਿੰਟ ਮੇਡ, ਊਨਾ ਰੋਡ ਹੁਸ਼ਿਆਰਪੁਰ ਦੇ ਨੁਮਾਇੰਦਿਆਂ ਵੱਲੋਂ 20 ਲੱਖ ਰੁਪਏ ਦੇ ਕਰੀਬ ਦੀ ਲਾਗਤ ਨਾਲ ਜਰਮਨੀ ਮੇਡ 500 ਫਿਲਟਰ ਸਿਹਤ ਵਿਭਾਗ ਨੂੰ ਭੇਟ ਕੀਤੇ ਗਏ। ਡੀਸੀ ਮਿੱਤਲ ਨੇ ਲੁਧਿਆਣਾ ਬੈਵਰੇਜਸ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਇਸ ਕੋਸ਼ਿਸ਼ ਨਾਲ ਥੈਲੇਸੀਮੀਆ ਪੀੜਤ ਬੱਚਿਆਂ ਦੇ ਇਲਾਜ ਵਿਚ ਅਸਾਨੀ ਰਹੇਗੀ।

ਇਸ ਮੌਕੇ ਆਰ.ਬੀ.ਐਸ ਦੇ ਇੰਚਾਰਜ-ਕਮ-ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਸੀਮਾ ਗਰਗ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਬਲੱਡ ਚੜ੍ਹਾਉਣ ਦੇ ਸਮੇਂ ਬੈੱਡ ਸਾਈਡ ਕੰਪੋਨੈਂਟ ਫਿਲਟਰ ਦੀ ਲੋੜ ਪੈਂਦੀ ਹੈ। ਇਹ ਫਿਲਟਰ ਬੱਚਿਆਂ ਨੂੰ ਚੜ੍ਹਾਏ ਗਏ ਖੂਨ ਰਾਹੀਂ ਸਫ਼ੈਦ ਬਲੱਡ ਸੈਲਾਂ ਨੂੰ ਵੱਧ ਮਾਤਰਾ ਵਿਚ ਸਰੀਰ ਵਿਚ ਦਾਖ਼ਲ ਹੋਣ ਤੋਂ ਰੋਕਦਾ ਹੈ। ਪਰ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਤੌਰ ’ਤੇ ਇਹ ਫਿਲਟਰ ਉਪਲਬੱਧ ਨਹੀਂ ਹੈ। ਪੀੜਤ ਬੱਚਿਆਂ ਦੇ ਮਾਤਾ-ਪਿਤਾ ਲਈ ਇਨ੍ਹਾਂ ਫਿਲਟਰਾਂ, ਜਿਨ੍ਹਾਂ ਦੀ ਕੀਮਤ ਕਾਫੀ ਵੱਧ ਹੈ, ਦਾ ਖਰਚ ਚੁੱਕਣਾ ਮੁਸ਼ਕਿਲ ਹੈ। ਫਿਲਟਰਾਂ ਦੀ ਕਮੀ ਦੇ ਕਾਰਨ ਮਜ਼ਬੂਰੀ ਵਿਚ ਪੀੜਤਾਂ ਨੂੰ ਪੀ.ਜੀ.ਆਈ ਜਾਂ ਮੈਡੀਕਲ ਕਾਲਜਾਂ ਵੱਲ ਰੈਫਰ ਕਰਨਾ ਪੈਂਦਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਵੱਲੋਂ ਇਹ ਯਤਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਮਈ 2024 ਵਿਚ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ ਤਹਿਤ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਚ ਏਅਰ ਕੰਡੀਸ਼ਨਡ ਥੈਲੇਸੀਮੀਆ ਵਾਰਡ ਦਾ ਉਦਘਾਟਨ ਕੀਤਾ ਗਿਆ ਸੀ।

ਡਿਪਟੀ ਕਮਿਸ਼ਨਰ ਵੱਲੋਂ ਇਹ ਫਿਲਟਰ ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਸੀਮਾ ਗਰਗ ਨੂੰ ਦਿੱਤਾ ਗਿਆ। ਇਨ੍ਹਾਂ ਫਿਲਟਰਾਂ ਨੂੰ ਸਰਕਾਰੀ ਹਸਪਤਾਲ ਵਿਚ ਪਹੁੰਚਾ ਦਿੱਤਾ ਗਿਆ ਹੈ। ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡੁਮਾਣਾ ਅਤੇ ਡਾ. ਸੀਮਾ ਗਰਗ ਨੇ ਇਸ ਚੈਰੀਟੇਬਲ ਕੰਮ ਦੇ ਲਈ ਡਿਪਟੀ ਕਮਿਸ਼ਨਰ, ਜ਼ਿਲ੍ਹਾ ਵਿਕਾਸ ਫੈਲੋ ਜੋਇਆ ਸਦਿੱਕੀ ਅਤੇ ਲੁਧਿਆਣਾ ਬੈਵਰੇਜਸ ਦਾ ਧੰਨਵਾਦ ਕੀਤਾ।

Written By
The Punjab Wire