ਪੰਜਾਬ ਮੁੱਖ ਖ਼ਬਰ

ਇੰਗਲੈਂਡ ‘ਤੇ ਭਾਰਤੀ ਹਾਕੀ ਟੀਮ ਦੀ ਜਿੱਤ ‘ਤੇ ਮੁੱਖ ਮੰਤਰੀ ਨੇ ਟੀਮ ਨੂੰ ਸ਼ਾਨਦਾਰ ਦੱਸਿਆ

ਇੰਗਲੈਂਡ ‘ਤੇ ਭਾਰਤੀ ਹਾਕੀ ਟੀਮ ਦੀ ਜਿੱਤ ‘ਤੇ ਮੁੱਖ ਮੰਤਰੀ ਨੇ ਟੀਮ ਨੂੰ ਸ਼ਾਨਦਾਰ ਦੱਸਿਆ
  • PublishedAugust 4, 2024

ਆਉਣ ਵਾਲੇ ਮੈਚਾਂ ਲਈ ਟੀਮ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ

ਚੰਡੀਗੜ੍ਹ, 4 ਅਗਸਤ 2024 (ਦੀ ਪੰਜਾਬ ਵਾਇਰ)। ਇੰਗਲੈਂਡ ‘ਤੇ ਭਾਰਤੀ ਹਾਕੀ ਟੀਮ ਦੀ ਸ਼ਾਨਦਾਰ ਜਿੱਤ ਦੀ ਸ਼ਲਾਘਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਤਵਾਰ ਨੂੰ ਕਿਹਾ ਕਿ ਭਾਰਤੀ ਟੀਮ ਸ਼ਾਨਦਾਰ ਹੈ ਕਿਉਂਕਿ ਟੀਮ ਨੇ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ ਇੰਗਲੈਂਡ ਦੀ ਟੀਮ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਹਰਾ ਦਿੱਤਾ।

ਟੀਮ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਆਉਣ ਵਾਲੇ ਮੈਚਾਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਨੇ ਮੈਚ ਦੌਰਾਨ ਖਾਸ ਕਰਕੇ ਸ਼ੂਟ ਆਊਟ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ, ਜਿਸ ਨਾਲ ਟੀਮ ਪੈਰਿਸ ਓਲੰਪਿਕ ਦੇ ਸੈਮੀਫਾਈਨਲ ਵਿੱਚ ਪਹੁੰਚੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਹਰ ਦੇਸ਼ ਵਾਸੀ ਲਈ ਮਾਣ ਦਾ ਪਲ ਹੈ ਕਿਉਂਕਿ ਖਿਡਾਰੀਆਂ ਨੇ ਟੀਮ ਨੂੰ ਇਸ ਇਤਿਹਾਸਕ ਜਿੱਤ ਤੱਕ ਪਹੁੰਚਾਇਆ ਹੈ।

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਹਾਕੀ ਟੀਮ ਪੈਰਿਸ ਓਲੰਪਿਕ ਵਿੱਚ ਦੇਸ਼ ਲਈ ਸੋਨ ਤਮਗਾ ਜਿੱਤ ਕੇ ਸਫਲਤਾ ਦੀ ਨਵੀਂ ਕਹਾਣੀ ਲਿਖੇਗੀ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਸਮੁੱਚਾ ਦੇਸ਼ ਇਸ ਇਤਿਹਾਸਕ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ, ਜਦੋਂ ਕੌਮੀ ਖੇਡ ਦੀ ਪੁਰਾਤਨ ਸ਼ਾਨ ਬਹਾਲ ਹੋਵੇਗੀ। ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਭਾਰਤੀ ਹਾਕੀ ਟੀਮ ਦੇ ਨਾਇਕਾਂ ਦੇ ਤਗਮੇ ਲੈ ਕੇ ਘਰ ਪਰਤਣ ‘ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕਰਨ ਲਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ।

Written By
The Punjab Wire