ਪੰਜਾਬ

ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਸਪੀਕਰਾਂ ਨੂੰ ਅਮਰੀਕਾ ‘ਚ ਹੋ ਰਹੀ ਨੈਸ਼ਨਲ ਲੈਜਿਸਲੇਚਰ ਕਾਨਫਰੰਸ ‘ਚ ਭਾਗ ਲੈਣ ਦੀ ਇਜ਼ਾਜਤ ਨਾ ਦੇਣਾ ਮੰਦਭਾਗਾ: ਕੁਲਤਾਰ ਸਿੰਘ ਸੰਧਵਾਂ

ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਸਪੀਕਰਾਂ ਨੂੰ ਅਮਰੀਕਾ ‘ਚ ਹੋ ਰਹੀ ਨੈਸ਼ਨਲ ਲੈਜਿਸਲੇਚਰ ਕਾਨਫਰੰਸ ‘ਚ ਭਾਗ ਲੈਣ ਦੀ ਇਜ਼ਾਜਤ ਨਾ ਦੇਣਾ ਮੰਦਭਾਗਾ: ਕੁਲਤਾਰ ਸਿੰਘ ਸੰਧਵਾਂ
  • PublishedAugust 3, 2024

ਭਾਜਪਾ ਵੱਲੋਂ ਹਰੇਕ ਮਾਮਲੇ ‘ਚ ਹੀ ਰਾਜਨੀਤੀ ਕਰਨੀ ਸੂਬਿਆਂ ਤੇ ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਬੇਹੱਦ ਖਤਰਨਾਕ ਵਰਤਾਰਾ ਦੱਸਿਆ

ਕਿਹਾ, ਪੰਜਾਬ ਨੂੰ ਖੇਡਾਂ ਲਈ ਲੋੜੀਂਦੇ ਫੰਡ ਮੁਹੱਈਆ ਨਾ ਕਰਵਾਉਣ ਦੀ ਆਪਣੀ ਗਲਤੀ ਅਤੇ ਵਿਤਕਰੇ ਦੇ ਅਪਰਾਧਕ ਬੋਧ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਪੈਰਿਸ ਜਾਣ ਤੋਂ ਰੋਕਿਆ ਗਿਆ

ਚੰਡੀਗਡ੍ਹ, 3 ਅਗਸਤ 2024 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਕੇਂਦਰ ਸਰਕਾਰ ਵੱਲੋਂ ਗੈਰ-ਭਾਜਪਾ ਸ਼ਾਸਤ ਸੂਬਿਆਂ ਦੇ ਵਿਧਾਨ ਸਭਾ ਸਪੀਕਰਾਂ ਨੂੰ ਅਮਰੀਕਾ ‘ਚ ਹੋ ਰਹੀ ਨੈਸ਼ਨਲ ਲੈਜਿਸਲੇਚਰ ਕਾਨਫਰੰਸ ‘ਚ ਭਾਗ ਲੈਣ ਦੀ ਇਜ਼ਾਜਤ ਨਾ ਦੇਣ ਨੂੰ ਮੰਦਭਾਗਾ ਦੱਸਦਿਆਂ ਕਿਹਾ ਹੈ ਕਿ ਜੇਕਰ ਦੇਸ਼ ਦੇ ਵਿਧਾਇਕ, ਮੈਂਬਰ ਪਾਰਲੀਮੈਂਟ ਅਤੇ ਚੁਣੇ ਹੋਏ ਆਗੂ ਗਿਆਨਵਾਨ ਹੋਣਗੇ ਤਾਂ ਹੀ ਸੂਬੇ ਅਤੇ ਦੇਸ਼ ਤਰੱਕੀ ਕਰ ਸਕਦਾ ਹੈ।

ਸ. ਸੰਧਵਾਂ ਨੇ ਭਾਜਪਾ ਵੱਲੋਂ ਹਰੇਕ ਮਾਮਲੇ ‘ਚ ਹੀ ਵਰਤੀ ਜਾਂਦੀ ਰਾਜਨੀਤੀ ਨੂੰ ਸੂਬਿਆਂ ਤੇ ਦੇਸ਼ ਦੀ ਭਲਾਈ ਅਤੇ ਤਰੱਕੀ ਲਈ ਖਤਰਨਾਕ ਵਰਤਾਰਾ ਦੱਸਦਿਆਂ ਕਿਹਾ ਕਿ ਗਿਆਨ ਦਾ ਆਦਾਨ-ਪ੍ਰਦਾਨ ਕਰਨ ਲਈ ਅਮਰੀਕਾ ‘ਚ 3 ਹਜ਼ਾਰ ਤੋਂ ਵੱਧ ਲੈਜਿਸਲੇਟਰਜ਼ ਨੇ ਇਕੱਠੇ ਹੋਣਾ ਸੀ। ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ‘ਚ ਸ਼ਾਮਲ ਹੋ ਕੇ ਦੁਨੀਆਂ ਦੇ ਪ੍ਰਭਾਵੀ ਲੋਕਤੰਤਰ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਦੇ ਨੁਮਾਇੰਦਿਆਂ ਨਾਲ ਮਿਲ ਬੈਠ ਕੇ ਵਿਚਾਰ-ਵਟਾਂਦਰਾ ਹੋਣਾ ਸੀ। ਉਨ੍ਹਾਂ ਤੋਂ ਕੁੱਝ ਚੰਗੀਆਂ ਗੱਲਾਂ ਸਿੱਖਣੀਆਂ ਸਨ ਤੇ ਆਪਣੀਆਂ ਕੁੱਝ ਚੰਗੀਆਂ ਗੱਲਾਂ ਉਨ੍ਹਾਂ ਨੂੰ ਦੱਸਣੀਆਂ ਸਨ।

ਸ. ਸੰਧਵਾਂ ਨੇ ਕਿਹਾ ਕਿ ਪੰਜਾਬ, ਹਿਮਾਚਲ, ਕਰਨਾਟਕ ਅਤੇ ਕੇਰਲਾ ਦੇ ਸਪੀਕਰਾਂ ਨੂੰ ਅਮਰੀਕਾ ਜਾਣ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜਿਹੜੇ ਸੂਬਿਆਂ ‘ਚ ਵੀ ਭਾਜਪਾ ਵਿਰੋਧੀ ਸਰਕਾਰਾਂ ਹਨ, ਦੇ ਸਪੀਕਰਾਂ ਨੂੰ ਅਮਰੀਕਾ ਜਾਣ ਤੋਂ ਰੋਕ ਦਿੱਤਾ ਗਿਆ ਹੈ। ਉਨ੍ਹਾਂ ਸਪੱਸ਼ਟ ਕਰਦਿਆਂ ਕਿਹਾ ਕਿ ਦੇਸ਼ ਨੂੰ ਸਸ਼ਕਤ ਤਾਂ ਹੀ ਕੀਤਾ ਜਾ ਸਕਦਾ ਹੈ, ਜੇਕਰ ਦੇਸ਼ ਦੀ ਰਾਜਨੀਤੀ ਸਹੀ ਹੋਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਇਹ ਕਾਰਵਾਈਆਂ ਜਾਣ-ਬੁੱਝ ਕੇ ਕਰ ਰਹੀ ਹੈ, ਕਿਉਂਕਿ ਭਾਜਪਾ ਦੇਸ਼ ਨੂੰ ਤਕੜਾ ਨਹੀ ਕਰਨਾ ਚਾਹੁੰਦੀ। ਉਨ੍ਹਾਂ ਸਲਾਹ ਦਿੰਦਿਆਂ ਕਿਹਾ ਕਿ ਦੇਸ਼ ਨੂੰ ਤਕੜਾ ਕਰਨ ਲਈ ਰਾਜਨੀਤੀ ਸੇਵਾ ਭਾਵਨਾ ਨਾਲ ਕਰਨੀ ਅਤੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਪੀਕਰ ਤਾਂ ਸਾਰੀਆਂ ਪਾਰਟੀਆਂ ਲਈ ਸਾਂਝਾ ਅਤੇ ਬਰਾਬਰ ਹੁੰਦਾ ਹੈ, ਪਰ ਭਾਜਪਾ ਆਪਣੇ ਈ ਵੱਖਰੇ ਰਾਹ ਤੁਰ ਰਹੀ ਹੈ, ਜੋ ਦੇਸ਼ ਹਿੱਤ ‘ਚ ਬਿਲਕੁੱਲ ਵੀ ਨਹੀਂ ਹੈ।

ਸ. ਸੰਧਵਾਂ ਨੇ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਵੀ ਪੈਰਿਸ ਜਾਣ ਤੋ ਰੋਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਤੋ ਬਾਅਦ ਇੱਕ ਰੋਕ ਲਾਈ ਜਾ ਰਹੀ ਹੈ ਅਤੇ ਇਹ ਰੋਕਾਂ ਸਮਝ ਤੋ ਬਾਹਰ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੁੱਝ ਵੀ ਨਹੀਂ ਦਿੱਤਾ, ਜਦਕਿ ਕੁੱਝ ਸੂਬਿਆਂ ਨੂੰ ਗੱਫੇ ਦਿੱਤੇ ਗਏ ਹਨ। ਹੋਰਨਾਂ ਸੂਬਿਆਂ ਦੇ ਖਿਡਾਰੀਆਂ ਨੂੰ ਵੀ ਸਮਰੱਥ ਦੱਸਦਿਆਂ ਉਨ੍ਹਾਂ ਕਿਹਾ ਕਿ ਸਮੂਹ ਸੂਬਿਆਂ ਲਈ ਬਰਾਬਰਤਾ ਦੀ ਖੇਡ ਨੀਤੀ ਦੇਸ਼, ਸੂਬਿਆਂ ਤੇ ਖਿਡਾਰੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ, ਕਿਉਂ ਕਿ ਹੋਰਨਾਂ ਸੂਬਿਆਂ ਦੇ ਖਿਡਾਰੀ ਵੀ ਮੈਡਲ ਜਿੱਤਣ ਦੇ ਯੋਗ ਹਨ ਅਤੇ ਜਿੱਤ ਵੀ ਰਹੇ ਹਨ।

ਸ. ਸੰਧਵਾਂ ਨੇ ਅੱਗੇ ਕਿਹਾ ਕਿ ਦੇਸ਼ ਦੀ ਰਾਸ਼ਟਰੀ ਖੇਡ ਹਾਕੀ, ਜਿਸ ਵਿੱਚ ਬਹੁ-ਗਿਣਤੀ ਪੰਜਾਬ ਦੇ ਖਿਡਾਰੀਆਂ ਦੀ ਹੈ, ਇਸੇ ਹਾਕੀ ਟੀਮ ਨੇ ਬੀਤੇ ਦਿਨ ਆਸਟ੍ਰੇਲੀਆ ਨੂੰ 52 ਸਾਲਾਂ ਬਾਅਦ ਜਬਰਦਸਤ ਖੇਡ ਵਿਖਾ ਕੇ ਹਰਾਇਆ ਹੈ। ਉਨ੍ਹਾਂ ਕਿਹਾ ਕਿ ਹਾਕੀ ਟੀਮ ਦੀ ਹੌਸਲਾ ਅਫਜਾਈ ਲਈ ਮੁੱਖ ਮੰਤਰੀ ਪੰਜਾਬ ਨੇ ਪੈਰਿਸ ਜਾਣ ਦੀ ਇਜ਼ਾਜਤ ਮੰਗੀ ਸੀ, ਪਰ ਉਨ੍ਹਾਂ ਨੂੰ ਇਜ਼ਾਜਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸਦਾ ਮਤਲਬ ਇਹ ਹੈ ਕਿ ਭਾਜਪਾ ਨੂੰ ਕਿਤੇ ਨਾ ਕਿਤੇ ਪੰਜਾਬ ਨੂੰ ਖੇਡਾਂ ਲਈ ਲੋੜੀਂਦੇ ਫੰਡ ਮੁਹੱਈਆ ਨਾ ਕਰਵਾਉਣ ਦੀ ਆਪਣੀ ਗਲਤੀ ਦਾ ਅਹਿਸਾਸ ਹੋਇਆ ਹੈ ਅਤੇ ਪੰਜਾਬ ਸੂਬੇ ਨਾਲ ਕੀਤੇ ਵਿਤਕਰੇ ਅਤੇ ਧੱਕੇ ਦੇ ਇਸ ਅਪਰਾਧਕ ਬੋਧ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਪੈਰਿਸ ਜਾਣ ਤੋਂ ਰੋਕਿਆ ਗਿਆ ਹੈ।

Written By
The Punjab Wire