ਪੰਜਾਬ ‘ਚ ਸਾਫ਼ ਪਾਣੀ ਦੀ ਸਪਲਾਈ ਯਕੀਨੀ ਬਣਾਉਣ ‘ਚ ‘ਆਪ’ ਬੁਰੀ ਤਰਾਂ ਅਸਫਲ : ਬਾਜਵਾ
ਚੰਡੀਗੜ੍ਹ, 27 ਜੁਲਾਈ 2024 (ਦੀ ਪੰਜਾਬ ਵਾਇਰ)। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤੇ ਵਿਸ਼ੇਸ਼ ਤੌਰ ‘ਤੇ ਸਿਹਤ ਮੰਤਰਾਲੇ ਨੂੰ ਸੂਬੇ ਵਿੱਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਵੱਧ ਰਹੇ ਮਾਮਲਿਆਂ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਲੈਣ ਅਤੇ ਪੰਜਾਬ ਦੇ ਲੋਕਾਂ ਨੂੰ ਸਾਫ਼ ਪਾਣੀ ਦੀ ਸਪਲਾਈ ਲਈ ਸੁਹਿਰਦ ਯਤਨ ਕਰਨ ਲਈ ਜ਼ੋਰ ਦੇ ਕੇ ਕਿਹਾ।
ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਕਿਹਾ ਕਿ ਸੂਬੇ ਵਿਚ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਪ੍ਰਕੋਪ ਦੇ ਮੱਦੇਨਜ਼ਰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਲੱਗਭਗ 27 ਫ਼ੀਸਦੀ ਪਾਣੀ ਦੇ ਨਮੂਨੇ ਮਨੁੱਖੀ ਵਰਤੋਂ ਲਈ ਅਯੋਗ ਪਾਏ ਗਏ ਹਨ। ਰਿਪੋਰਟ ਮੁਤਾਬਿਕ ਸੂਬੇ ‘ਚ ਇਸ ਸਾਲ ਹੁਣ ਤੱਕ 24 ਬਿਮਾਰੀਆਂ ਸਾਹਮਣੇ ਆਈਆਂ ਹਨ, ਜਿਨ੍ਹਾਂ ‘ਚੋਂ 12 ਮਾਮਲੇ ਦੂਸ਼ਿਤ ਪਾਣੀ ਦੇ ਸਰੋਤਾਂ ਕਾਰਨ ਸਾਹਮਣੇ ਆਏ ਹਨ।
ਉਨ੍ਹਾਂ ਕਿਹਾ ਕਿ ਸਭ ਤੋਂ ਭਿਆਨਕ ਤੱਥ ਇਹ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਆਪਣੇ ਸ਼ਹਿਰ ਪਟਿਆਲਾ ਵਿੱਚ ਪਿਛਲੇ ਚਾਰ ਦਿਨਾਂ ਵਿੱਚ ਦਸਤ ਦੇ ਕੇਸਾਂ ਦੀ ਗਿਣਤੀ 130 ਤੱਕ ਪਹੁੰਚ ਗਈ ਹੈ। ਪਟਿਆਲਾ ਵਿੱਚ ਸ਼ੁੱਕਰਵਾਰ ਨੂੰ ਇੱਕ 70 ਸਾਲਾ ਵਿਅਕਤੀ ਦੀ ਦਸਤ ਨਾਲ ਮੌਤ ਹੋ ਗਈ। ਬਾਜਵਾ ਨੇ ਕਿਹਾ ਕਿ ਜੇਕਰ ਸਿਹਤ ਮੰਤਰੀ ਦੇ ਆਪਣੇ ਸ਼ਹਿਰ ਦੀ ਸਥਿਤੀ ਇੰਨੀ ਹੀ ਗੰਭੀਰ ਹੈ ਤਾਂ ਸੂਬੇ ਦੇ ਬਾਕੀ ਹਿੱਸਿਆਂ ਦੀ ਸਥਿਤੀ ਦੀ ਆਸਾਨੀ ਨਾਲ ਕਲਪਨਾ ਕੀਤੀ ਜਾ ਸਕਦੀ ਹੈ।
ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਪ੍ਰਚਾਰ ਕਰਨ ਦਾ ਇੱਕ ਵੀ ਮੌਕਾ ਨਹੀਂ ਛੱਡਿਆ ਪਰ ਅਸਲੀਅਤ ਇਹ ਹੈ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਾਫ਼ ਪਾਣੀ ਦੀ ਸਪਲਾਈ ਵੀ ਯਕੀਨੀ ਨਹੀਂ ਬਣਾ ਸਕਦੀ।
ਉਨ੍ਹਾਂ ਕਿਹਾ ਕਿ ਕਈ ਹੋਰ ਸੇਵਾਵਾਂ ਦੀ ਤਰਾਂ ਸਿਹਤ ਸੇਵਾਵਾਂ ਵੀ ਸੂਬੇ ‘ਚ ‘ਆਪ’ ਦੇ ਸੱਤਾ ‘ਚ ਆਉਣ ਤੋਂ ਬਾਅਦ ਬੁਰੀ ਤਰਾਂ ਨਾਲ ਕਮੀ ਆਈ ਹੈ। ਬਾਜਵਾ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਦੇਖ ਚੁੱਕੇ ਹਾਂ ਕਿ ਆਮ ਆਦਮੀ ਕਲੀਨਿਕ ਕਿੰਨਾ ਮਾੜਾ ਪ੍ਰਦਰਸ਼ਨ ਕਰ ਰਹੇ ਹਨ।