ਪੰਜਾਬ

ਵਿਜੀਲੈਂਸ ਬਿਊਰੋ ਨੇ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਘੁਟਾਲੇ ’ਚ ਸ਼ਾਮਲ ਉੱਪ-ਮੰਡਲ ਇੰਜਨੀਅਰ ਨੂੰ ਕੀਤਾ ਗ੍ਰਿਫਤਾਰ

ਵਿਜੀਲੈਂਸ ਬਿਊਰੋ ਨੇ ਪੀ.ਐਸ.ਆਈ.ਈ.ਸੀ. ਪਲਾਟ ਅਲਾਟਮੈਂਟ ਘੁਟਾਲੇ ’ਚ ਸ਼ਾਮਲ ਉੱਪ-ਮੰਡਲ ਇੰਜਨੀਅਰ ਨੂੰ ਕੀਤਾ ਗ੍ਰਿਫਤਾਰ
  • PublishedJuly 23, 2024

ਚੰਡੀਗੜ੍ਹ, 23 ਜੁਲਾਈ 2024 (ਦੀ ਪੰਜਾਬ ਵਾਇਰ)। ਪੰਜਾਬ ਵਿਜੀਲੈਂਸ ਬਿਊਰੋ ਨੇ ਸਨਅਤੀ ਪਲਾਟਾਂ ਦੀ ਅਲਾਟਮੈਂਟ ਵਿੱਚ ਬੇਨਿਯਮੀਆਂ ਕਰਨ ਸਬੰਧੀ ਮਾਮਲੇ ’ਚ ਲੋੜੀਂਦੇ ਮੁਲਜ਼ਮ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ (ਪੀ.ਐਸ.ਆਈ.ਈ.ਸੀ.) ਦੇ ਉਪ ਮੰਡਲ ਇੰਜਨੀਅਰ (ਐਸ.ਡੀ.ਈ.) ਸਵਤੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਪ੍ਰਗਟਾਵਾ ਕਰਦੇ ਹੋਏ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧ ਵਿੱਚ ਬਿਊਰੋ ਨੇ ਪਹਿਲਾਂ ਹੀ ਐਫਆਈਆਰ ਨੰਬਰ 04, ਮਿਤੀ 08.03.2024 ਨੂੰ ਆਈ.ਪੀ.ਸੀ. ਦੀ ਧਾਰਾ 409, 420, 465, 467, 468, 471, 120-ਬੀ ਅਤੇ 13(1)ਏ ਸਮੇਤ 13(2) ਤਹਿਤ ਫਲਾਇੰਗ ਸਕੁਐਡ-1 ਪੁਲਿਸ ਥਾਣਾ, ਪੰਜਾਬ ਮੋਹਾਲੀ ਵਿਖੇ, ਮੁਕੱਦਮਾ ਦਰਜ ਕੀਤਾ ਹੋਇਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਨੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਗੁਰਤੇਜ ਸਿੰਘ ਦੇ ਨਾਂ ’ਤੇ ਮੈਸਰਜ਼ ਗੁਰਤੇਜ ਇੰਡਸਟਰੀਜ਼ ਨਾਂ ਦੀ ਫਰਜ਼ੀ ਫਰਮ ਬਣਾਈ ਹੋਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਪੁੱਤਰ ਮਨਰੂਪ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਦੇ ਖਾਤਿਆਂ ’ਚੋਂ ਪੈਸੇ ਪੀ.ਐੱਸ.ਆਈ.ਈ.ਸੀ. ਨੂੰ ਟਰਾਂਸਫਰ ਕਰਕੇ ਉਕਤ ਫਰਮ ਦੇ ਨਾਂ ’ਤੇ ਪਲਾਟ ਨੰਬਰ-ਏ-394, ਇੰਡਸਟਰੀਅਲ ਫੋਕਲ ਪੁਆਇੰਟ, ਅੰਮ੍ਰਿਤਸਰ ਵਿਖੇ ਅਲਾਟ ਕਰ ਦਿੱਤਾ ਸੀ।

ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਐਸ.ਡੀ.ਈ. ਸਵਤੇਜ ਸਿੰਘ ਨੇ ਅੱਜ ਮੁਹਾਲੀ ਅਦਾਲਤ ਵਿੱਚ ਆਤਮ ਸਮਰਪਣ ਕੀਤਾ , ਇਸ ਉਪਰੰਤ ਉਕਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸਨੂੰ ਵਿਜੀਲੈਂਸ ਕੋਲ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

Written By
The Punjab Wire