ਮੁੱਖਮੰਤਰੀ ਮਾਨ ਦੇ ਚੰਡੀਗੜ੍ਹ ਘਰ ਤੋਂ ਕੁਝ ਕਦਮ ‘ਤੇ ਰੇਤ ਮਾਫੀਆ ਨੇ ਕੀਤਾ ਜਾਨਲੇਵਾ ਹਮਲਾ
ਪਿੰਡ ਬੜੀ ਕਰੌਰ ਚ ਰੇਤ ਮਾਫੀਆ ਦੇ ਹਮਲੇ ਚ ਜ਼ਖਮੀਆਂ ਦੀ ਸਾਰ ਲੈਣ ਪੁੱਜੇ ਵਿਨੀਤ ਜੋਸ਼ੀ
ਜੋਸ਼ੀ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਅਤੇ ਜਖਮੀਆਂ ਨੂੰ ਰਾਹਤ ਦੇਣ ਦੀ ਮੰਗ
ਚੰਡੀਗੜ੍ਹ , 20 ਜੁਲਾਈ 2024 (ਦੀ ਪੰਜਾਬ ਵਾਇਰ)। ਪੰਜਾਬ ‘ਚ ਰੇਤ ਮਾਫੀਆ ਦੇ ਹੌਂਸਲੇ ਇੰਨੇ ਬੁਲੰਦ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਚੰਡੀਗੜ੍ਹ ਘਰ ਤੋਂ ਕੁਝ ਕਦਮ ‘ਤੇ ਨਯਾਗਾਓਂ ਦੇ ਨਾਲ ਲੱਗਦੇ ਪਿੰਡ ਬੜੀ ਕਰੌਰ ‘ਚ ਰੇਤ ਮਾਫੀਆ ਦਾ ਵਿਰੋਧ ਕਰ ਰਹੇ ਲੋਕਾਂ ‘ਤੇ ਹੋਏ ਜਾਨਲੇਵਾ ਹਮਲੇ ‘ਚ ਰਾਜੂ ਯਾਦਵ, ਸੁਧੀਰ ਅਤੇ ਸੁਜੀਤ ਗੰਭੀਰ ਜ਼ਖਮੀ ਹੋ ਗਏ । ਜ਼ਖ਼ਮੀਆਂ ਦਾ ਹਾਲ-ਚਾਲ ਪੁੱਛਣ ਵਾਲੇ ਪੰਜਾਬ ਦੇ ਸੀਨੀਅਰ ਭਾਜਪਾ ਆਗੂ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰ ਦੇ ਕਾਰਜਕਾਲ ਦੌਰਾਨ ਅਮਨ ਕਾਨੂੰਨ ਭੰਗ ਹੋ ਰਿਹਾ ਹੈ ਗੁੰਡਾ ਅਨਸਰ ਸਿਰ ਚੜ ਕੇ ਬੋਲ ਰਹੇ ਹਨ, ਸਮਾਜ ਸੁਧਾਰਕਾਂ ਨੂੰ ਆਵਾਜ਼ ਚੁੱਕਣ ਦੇ ਬਦਲੇ ਸੱਟਾਂ ਖਾਣੀਆਂ ਪੈ ਰਹੀਆਂ ਹਨ ਅਤੇ ਹਮਲਾਵਰ ਉਹਨਾਂ ਦੀ ਜਾਨ ਦੇ ਦੁਸ਼ਮਣ ਬਣੇ ਹੋਏ ਹਨ ਇਸ ਦੇ ਬਾਵਜੂਦ ਵੀ ਸਰਕਾਰ ਦੇ ਕੰਨ ਤੇ ਜੋ ਨਹੀਂ ਸਰਕ ਰਹੀ ।
ਵਿਨੀਤ ਜੋਸ਼ੀ ਨੇ ਕਿਹਾ ਕਿ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖ਼ਲ ਰਾਜੂ ਦੀ ਇੱਕ ਲੱਤ ਤਿੰਨ ਥਾਵਾਂ ’ਤੇ ਫਰੈਕਚਰ ਹੋ ਗਈ ਸੀ ਅਤੇ ਇੱਕ ਅੱਖ ਦੀ ਸਦਾ ਲਈ ਰੋਸ਼ਨੀ ਖਤਮ ਹੋ ਗਈ । ਸੁਧੀਰ ਦੀ ਟੰਗ ਫਰੈਕਚਰ ਹੈ ਤੇ ਸਿਰ ‘ਤੇ ਸੱਟ ਲੱਗੀ ਹੋਈ ਹੈ ਅਤੇ ਸੁਜੀਤ ਦੀ ਹਾਲਤ ਭੀ ਠੀਕ ਨਹੀਂ ਹੈ ।
ਚੰਡੀਗੜ੍ਹ ਦੇ ਨਾਲ ਲੱਗਦੇ ਇਲਾਕੇ ਨਵਾਂ ਗਰਾਉਂ ਨਾਲ ਲੱਗਦੇ ਪਿੰਡ ਬੜੀ ਕਰੌਰ ਜੋ ਕਿ ਰੇਤ ਮਾਫੀਆ ਦਾ ਗੜ ਬਣ ਚੁੱਕੀ ਹੈ ਵਿੱਚ ਦਹਿਸ਼ਤ ਦਾ ਮਾਹੌਲ ਹੈ । ਜੇ ਕੋਈ ਉਸ ਖਿਲਾਫ ਆਵਾਜ਼ ਉਠਾਉਂਦਾ ਹੈ ਤਾਂ ਮਾਫੀਆ ਦੇ ਗੁੰਡੇ ਉਸ ਨੂੰ ਜਾਨ ਤੋਂ ਮਾਰਨ ਲਈ ਪਿੱਛੇ ਲੱਗ ਜਾਂਦੇ ਹਨ ਅਤੇ ਦੇਰ ਸ਼ਾਮ ਇਸੇ ਤਰ੍ਹਾਂ ਦੀ ਘਟਨਾ ਵਿੱਚ ਤਿੰਨ ਕਾਮਿਆਂ ਨੂੰ ਗੰਭੀਰ ਸੱਟਾਂ ਮਾਰ ਕੇ ਅਤੇ ਅਧ ਮਰਿਆ ਕਰਕੇ ਹਮਲਾਵਾਰ ਫਰਾਰ ਹੋ ਗਏ ਅਤੇ ਜਾਣ ਤੋਂ ਪਹਿਲਾਂ ਕੈਮਰਿਆਂ ਦੀ ਡੀਵੀਆਰ ਲੈ ਗਏ ਤਾਂ ਜੋ ਪਹਿਚਾਣ ਨਾ ਹੋ ਸਕੇ । ਜੋਸ਼ੀ ਨੇ ਅਖੀਰ ਚ ਰੇਤ ਮਾਫੀਆ ਤੇ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਕੇ ਪੀੜਤਾਂ ਨੂੰ ਇਨਸਾਫ ਦਵਾਉਣ ਦੀ ਗੱਲ ਕਹੀ ਹੈ