ਭਰਤੀ ਰੈਲੀ- ਸਰਕਾਰੀ ਕਾਲਜ ਗੁਰਦਾਸਪੁਰ ਦੇ ਸਟੇਡੀਅਮ ਵਿੱਚ ਅਗਨੀਵੀਰ ਭਰਤੀ ਰੈਲੀ 16 ਤੋਂ 23 ਜੁਲਾਈ ਤੱਕ – ਕਰਨਲ ਚੇਤਨ ਪਾਂਡੇ, ਡਾਇਰੈਕਟਰ ਭਰਤੀ ਬੋਰਡ
ਗੁਰਦਾਸਪੁਰ, 8 ਜੁਲਾਈ 2024(ਦੀ ਪੰਜਾਬ ਵਾਇਰ )। ਭਾਰਤੀ ਫ਼ੌਜ ਦੇ ਭਰਤੀ ਬੋਰਡ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਸਹਿਯੋਗ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਦੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ ਵਿਖੇ ਮਿਤੀ 16 ਜੁਲਾਈ ਤੋਂ 23 ਜੁਲਾਈ 2024 ਤੱਕ ਪੰਜਾਬ ਦੀ ਪਹਿਲੀ ਅਗਨੀਵੀਰ ਭਰਤੀ ਕਰਵਾਈ ਜਾ ਰਹੀ ਹੈ। ਇਸ ਭਰਤੀ ਰੈਲੀ ਵਿੱਚ ਅਗਨੀਵੀਰ ਜਨਰਲ ਡਿਊਟੀ, ਅਗਨੀਵੀਰ ਟੈਕਨੀਕਲ, ਅਗਨੀਵੀਰ ਕਲਰਕ/ਸਟੋਰ ਕੀਪਰ ਅਤੇ ਅਗਨੀਵੀਰ ਟਰੇਡਸਮੈਨ (10ਵੀਂ ਅਤੇ 8ਵੀਂ) ਭਰਤੀ ਕੀਤੇ ਜਾਣਗੇ।
ਕਰਨਲ ਚੇਤਨ ਪਾਂਡੇ, ਡਾਇਰੈਕਟਰ ਭਰਤੀ ਬੋਰਡ ਅੰਮ੍ਰਿਤਸਰ ਨੇ ਦੱਸਿਆ ਹੈ ਕਿ ਇਸ ਗੁਰਦਾਸਪੁਰ ਦੀ ਭਰਤੀ ਰੈਲੀ ਵਿੱਚ ਜ਼ਿਲ੍ਹਾ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ ਦੇ ਉਮੀਦਵਾਰ ਜੋ ਕਿ ਭਰਤੀ ਪ੍ਰੀਕ੍ਰਿਆ ਦੇ ਪਹਿਲੇ ਪੜਾਅ ਵਿੱਚ ਸਫਲ ਹੋਏ ਹਨ, ਉਨ੍ਹਾਂ ਦਾ ਫਿਜ਼ੀਕਲ ਫਿਟਨੈੱਸ, ਮੈਡੀਕਲ ਫਿਟਨੈੱਸ ਦੇ ਨਾਲ-ਨਾਲ ਡਾਕੂਮੈਂਟੇਸ਼ਨ ਦੀ ਸਕਰੀਨਿੰਗ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਰਾਜ ਵਿੱਚ ਪਹਿਲਾ ਮੌਕਾ ਹੈ ਕਿ ਇਹ ਭਰਤੀ ਰੈਲੀ ਪੂਰੀ ਤਰ੍ਹਾਂ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਯੋਜਿਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਰਟਲਿਸਟਿਡ ਕੀਤੇ ਉਮੀਦਵਾਰਾਂ ਨੂੰ ਉਨ੍ਹਾਂ ਦੀ ਰਜਿਸਟਰਡ ਈ-ਮੇਲ ਆਈ.ਡੀ. ਉੱਪਰ ਐਡਮਿਟ ਕਾਰਡ ਮੇਲ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੂੰ ਆਪਣਾ ਐਡਮਿਟ ਕਾਰਡ ਡਾਊਨਲੋਡ ਕਰਨ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਉਹ ਭਰਤੀ ਦਫ਼ਤਰ ਦੇ ਹੈਲਪ ਲਾਈਨ ਨੰਬਰ 0183-2400361 ਉੱਪਰ ਸੰਪਰਕ ਕਰ ਸਕਦੇ ਹਨ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਰਤੀ ਰੈਲੀ ਵਿੱਚ ਸ਼ਾਮਲ ਹੋਣ ਮੌਕੇ ਆਪਣੇ ਸਾਰੇ ਲੋੜੀਂਦੇ ਅਸਲੀ ਸਰਟੀਫਿਕੇਟ ਨਾਲ ਲੈ ਕੇ ਆਉਣ। ਇਸਦੇ ਨਾਲ ਹੀ ਉਮੀਦਵਾਰ ਇੱਕ ਐਫ਼ੀਡੇਵਿਟ ਦੇਣਗੇ ਕਿ ਉਹ ਭਰਤੀ ਰੈਲੀ ਦੌਰਾਨ ਕਿਸੇ ਤਰਾਂ ਦੀ ਗੜਬੜੀ ਨਹੀਂ ਕਰਨਗੇ ਅਤੇ ਨਾ ਹੀ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਗੇ।
ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਜਿਸ ਦਿਨ ਉਨ੍ਹਾਂ ਨੂੰ ਬੁਲਾਇਆ ਜਾਂਦਾ ਹੈ ਉਹ ਰਾਤ 1:00 ਵਜੇ ਭਰਤੀ ਗਰਾਊਂਡ ਵਿੱਚ ਪਹੁੰਚ ਜਾਣ। ਉਨ੍ਹਾਂ ਕਿਹਾ ਕਿ ਉਮੀਦਵਾਰ ਆਪਣੇ ਨਾਲ ਐਡਮਿਟ ਕਾਰਡ ਦੀ ਰੰਗਦਾਰ ਕਾਪੀ ਅਤੇ ਬਿਨਾਂ ਮੋੜੇ ਹੋਏ ਲੈ ਕੇ ਆਉਣ ਜਿਸ ਨੂੰ ਐਂਟਰੀ ਗੇਟ ਉੱਪਰ ਸਕੈਨ ਕੀਤਾ ਜਾਵੇਗਾ। ਉਨ੍ਹਾਂ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਾਣੀ ਅਤੇ ਤਰਲ ਪਦਾਰਥ ਚੰਗੀ ਤਰ੍ਹਾਂ ਪੀਣ ਤਾਂ ਜੋ ਉਨ੍ਹਾਂ ਨੂੰ ਫਿਜ਼ੀਕਲ ਟੈੱਸਟ ਦੌਰਾਨ ਡੀ-ਹਾਈਡਰੇਸ਼ਨ ਨਾ ਹੋਵੇ। ਉਨ੍ਹਾਂ ਕਿਹਾ ਕਿ ਨਸ਼ਾ ਕਰਕੇ ਆਉਣ ਵਾਲੇ ਉਮੀਦਵਾਰਾਂ ਨੂੰ ਡਿਸਕੁਆਲੀਫਾਈ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਰਤੀ ਰੈਲੀ ਦੌਰਾਨ ਉਮੀਦਵਾਰਾਂ ਨੂੰ ਮੋਬਾਈਲ ਫ਼ੋਨ ਲਿਆਉਣ ਦੀ ਆਗਿਆ ਨਹੀਂ ਹੋਵੇਗੀ ਅਤੇ ਐਂਟਰੀ ਗੇਟ ਉੱਪਰ ਹੀ ਉਨ੍ਹਾਂ ਦੀ ਚੈਕਿੰਗ ਕਰ ਲਈ ਜਾਵੇਗੀ।
ਇਸਦੇ ਨਾਲ ਹੀ ਭਰਤੀ ਬੋਰਡ ਦੇ ਡਾਇਰੈਕਟਰ ਕਰਨਲ ਚੇਤਨ ਪਾਂਡੇ ਨੇ ਭਰਤੀ ਰੈਲੀ ਵਿੱਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਨੂੰ ਚੌਕਸ ਕੀਤਾ ਹੈ ਕਿ ਉਹ ਦਲਾਲਾਂ ਤੋਂ ਸਾਵਧਾਨ ਰਹਿਣ ਅਤੇ ਆਪਣੀ ਯੋਗਤਾ ਅਤੇ ਮਿਹਨਤ ਉੱਪਰ ਵਿਸ਼ਵਾਸ ਰੱਖਣ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਵਿੱਚ ਭਰਤੀ ਨਿਰੋਲ ਮੈਰਿਟ ਦੇ ਅਧਾਰ ਉੱਪਰ ਹੀ ਕੀਤੀ ਜਾਂਦੀ ਹੈ।