Close

Recent Posts

ਪੰਜਾਬ ਮੁੱਖ ਖ਼ਬਰ

ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ ਵਿੱਚ ਉਲਝਿਆ ਅਕਾਲੀ ਦਲ-ਮੁੱਖ ਮੰਤਰੀ

ਚੌਧਰ ਚਮਕਾਉਣ ਖਾਤਰ ਕਾਟੋ-ਕਲੇਸ਼ ਵਿੱਚ ਉਲਝਿਆ ਅਕਾਲੀ ਦਲ-ਮੁੱਖ ਮੰਤਰੀ
  • PublishedJune 27, 2024

ਕਿੰਨੀ ਅਜੀਬੋ-ਗਰੀਬ ਗੱਲ ਹੈ ਕਿ ਆਪਣੀ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਖਿਲਾਫ ਚੋਣ ਪ੍ਰਚਾਰ ਕਰਨਗੇ ਸੁਖਬੀਰ ਬਾਦਲ

ਪੰਜਾਬ ਤੇ ਪੰਜਾਬੀਆਂ ਨਾਲ ਕਮਾਏ ਧ੍ਰੋਹ ਲਈ ਅਕਾਲੀਆਂ ਉਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ, 27 ਜੂਨ 2024 ( ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਤ ਉਤੇ ਵਿਅੰਗ ਕੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਕਿੰਨੀ ਅਜੀਬੋ-ਗਰੀਬ ਗੱਲ ਹੈ ਕਿ ਅਕਾਲੀ ਦਲ ਦਾ ਸੁਪਰੀਮੋ ਸੁਖਬੀਰ ਸਿੰਘ ਬਾਦਲ ਆਪਣੀ ਹੀ ਪਾਰਟੀ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਖਿਲਾਫ਼ ਚੋਣ ਪ੍ਰਚਾਰ ਕਰੇਗਾ।

ਅੱਜ ਇੱਥੋਂ ਜਾਰੀ ਇਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਇਸ ਵੇਲੇ ਸੰਕਟ ਵਿੱਚ ਬੁਰੀ ਤਰ੍ਹਾਂ ਗ੍ਰਸਿਆ ਹੋਇਆ ਹੈ ਕਿਉਂਕਿ ਅਕਾਲੀ ਲੀਡਰ ਚੌਧਰ ਚਮਕਾਉਣ ਲਈ ਆਪਸ ਵਿੱਚ ਕਾਟੋ-ਕਲੇਸ਼ ’ਚ ਉਲਝੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਨਾ ਤਾਂ ਕੋਈ ਵਿਚਾਰਧਾਰਾ ਹੈ ਅਤੇ ਨਾ ਹੀ ਚੌਧਰ ਦੇ ਭੁੱਖੇ ਲੀਡਰਾਂ ਦਾ ਕੋਈ ਸਟੈਂਡ ਹੀ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਅਕਾਲੀ ਲੀਡਰ ਨਿਰਲੱਜ ਹੋ ਕੇ ਸਿਰਫ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਕੰਮ ਕਰ ਰਹੇ ਹਨ ਜਦਕਿ ਇਨ੍ਹਾਂ ਨੂੰ ਪੰਜਾਬ ਤੇ ਪੰਜਾਬੀਆਂ ਦੀਆਂ ਦੁੱਖ-ਤਕਲੀਫਾਂ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਤਰਸਯੋਗ ਹਾਲਤ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਜਲੰਧਰ ਜ਼ਿਮਨੀ ਚੋਣ ਵਿੱਚ ਪਾਰਟੀ ਪ੍ਰਧਾਨ ਅਕਾਲੀ ਦਲ ਦੇ ਚੋਣ ਨਿਸ਼ਾਨ ਵਾਲੇ ਉਮੀਦਵਾਰ ਦੇ ਹੱਕ ‘ਚ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਚੋਣ ਨਿਸ਼ਾਨ ਕਿਸੇ ਹੋਰ ਉਮੀਦਵਾਰ ਕੋਲ ਹੈ ਜਦਕਿ ਸੁਖਬੀਰ ਸਿੰਘ ਬਾਦਲ ਕਿਸੇ ਹੋਰ ਉਮੀਦਵਾਰ ਲਈ ਚੋਣ ਪ੍ਰਚਾਰ ਕਰਨਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਆਗੂ ਸੂਬੇ ਦੇ ਲੋਕਾਂ ਦਾ ਘਾਣ ਕਰ ਰਹੇ ਹਨ ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਆਗੂਆਂ ਨੂੰ ਕੀਤੇ ਗਏ ਗੁਨਾਹਾਂ ਲਈ ਮੁਆਫ਼ ਨਹੀਂ ਕਰਨਗੇ ਅਤੇ ਇਨ੍ਹਾਂ ਨੂੰ ਚੋਣਾਂ ਵਿੱਚ ਢੁੱਕਵਾਂ ਸਬਕ ਸਿਖਾਉਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਆਗੂਆਂ ਨੂੰ ਬਾਹਰ ਦਾ ਰਸਤਾ ਵਿਖਾਉਣਗੇ ਕਿਉਂਕਿ ਇਨ੍ਹਾਂ ਲੋਕਾਂ ਨੇ ਆਪਣੇ ਘਟੀਆ ਦਰਜੇ ਦੇ ਪ੍ਰਚਾਰ ਤੋਂ ਬਾਜ਼ ਨਹੀਂ ਆਉਣਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੇ ਪੰਜਾਬ ਅਤੇ ਪੰਜਾਬੀਆਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ ਹਿੱਤਾਂ ਨੂੰ ਪਹਿਲ ਦਿੰਦਿਆਂ ਹਮੇਸ਼ਾ ਸੂਬੇ ਦੇ ਲੋਕਾਂ ਨਾਲ ਦਗਾ ਕਮਾਇਆ ਹੈ।

Written By
The Punjab Wire