ਤਿੰਨੋਂ ਸੰਸਦ ਮੈਂਬਰ ਪਾਰਲੀਮੈਂਟ ‘ਚ ਕਰਨਗੇ ਪੰਜਾਬ ਦੀ ਇਨਕਲਾਬੀ ਆਵਾਜ਼ ਬੁਲੰਦ -ਭਗਵੰਤ ਮਾਨ
ਸਾਡੇ ਸਾਰੇ ਸੰਸਦ ਮੈਂਬਰ ਬਹੁਤ ਹੀ ਤਜਰਬੇਕਾਰ ਅਤੇ ਸੂਝਵਾਨ ਹਨ, ਉਹ ਪੰਜਾਬ ਦੇ ਰੁਕੇ ਫ਼ੰਡਾਂ ਦਾ ਮੁੱਦਾ ਪਾਰਲੀਮੈਂਟ ਵਿਚ ਉਠਾਉਣਗੇ ਅਤੇ ਜਲਦੀ ਹੀ ਜਾਰੀ ਕਰਵਾਉਣਗੇ – ਭਗਵੰਤ ਮਾਨ
ਚੰਡੀਗੜ੍ਹ, 25 ਜੂਨ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਗੁਰਮੀਤ ਸਿੰਘ ਮੀਤ ਹੇਅਰ, ਮਲਵਿੰਦਰ ਸਿੰਘ ਕੰਗ ਅਤੇ ਡਾ. ਰਾਜਕੁਮਾਰ ਚੱਬੇਵਾਲ ਦੇ ਸਹੁੰ ਚੁੱਕ ਸਮਾਗਮ ਲਈ ਸੰਸਦ ਪਹੁੰਚੇ ਅਤੇ ਉਨ੍ਹਾਂ ਦੇ ਤਿੰਨਾਂ ਸੰਸਦ ਮੈਂਬਰਾਂ ਨੂੰ ਅਧਿਕਾਰਤ ਤੌਰ ‘ਤੇ ਸੰਸਦ ਮੈਂਬਰ ਬਣਨ ‘ਤੇ ਵਧਾਈ ਦਿੱਤੀ।
ਸੰਸਦ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੇ ਤਿੰਨੇ ਸੰਸਦ ਮੈਂਬਰ ਬਹੁਤ ਹੀ ਤਜਰਬੇਕਾਰ ਅਤੇ ਸੂਝਵਾਨ ਹਨ। ਉਹ ਪੰਜਾਬ ਦੇ ਮਸਲਿਆਂ ਤੋਂ ਚੰਗੀ ਤਰ੍ਹਾਂ ਜਾਣੂ ਹਨ। ਉਹ ਜਾਣਦੇ ਹਨ ਕਿ ਕੰਮ ਕਿਵੇਂ ਕਰਵਾਉਣਾ ਹੈ। ਮੀਤ ਹੇਅਰ ਪੰਜਾਬ ਸਰਕਾਰ ਵਿੱਚ ਦੋ ਵਾਰ ਵਿਧਾਇਕ ਅਤੇ ਕਈ ਵਿਭਾਗਾਂ ਦੇ ਮੰਤਰੀ ਰਹਿ ਚੁੱਕੇ ਹਨ।
ਮਲਵਿੰਦਰ ਕੰਗ ਲੰਬੇ ਸਮੇਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਉਹ ਵਿਦਿਆਰਥੀ ਰਾਜਨੀਤੀ ਦੇ ਸਮੇਂ ਤੋਂ ਹੀ ਸਮਾਜਕ ਕੰਮਾਂ ਵਿੱਚ ਸ਼ਾਮਲ ਹਨ ਅਤੇ ਪਿਛਲੇ ਦੋ ਸਾਲਾਂ ਤੋਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਵਜੋਂ ਕੰਮ ਕਰ ਰਹੇ ਹਨ। ਡਾ. ਰਾਜਕੁਮਾਰ ਚੱਬੇਵਾਲ ਦੋ ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਇਲਾਕੇ ਦੇ ਆਮ ਅਤੇ ਗ਼ਰੀਬ ਲੋਕਾਂ ਲਈ ਬਹੁਤ ਕੰਮ ਕੀਤੇ ਹਨ। ਉਨ੍ਹਾਂ ਦਾ ਤਜਰਬਾ ਸੰਸਦ ਵਿਚ ਵੀ ਲਾਭਦਾਇਕ ਹੋਵੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨੇ ਸੰਸਦ ਮੈਂਬਰ ਪਾਰਲੀਮੈਂਟ ਵਿੱਚ ਪੰਜਾਬ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਸੂਬੇ ਦੇ ਆਮ ਲੋਕਾਂ ਦੇ ਮਸਲੇ ਸੰਸਦ ਵਿੱਚ ਉਠਾਉਣਗੇ। ਸਾਡੇ ਸੰਸਦ ਮੈਂਬਰ ਪੰਜਾਬ ਦੇ ਰੁਕੇ ਹੋਏ ਫ਼ੰਡਾਂ ਦਾ ਮੁੱਦਾ ਵੀ ਪਾਰਲੀਮੈਂਟ ਵਿੱਚ ਜ਼ੋਰ-ਸ਼ੋਰ ਨਾਲ ਉਠਾਉਣਗੇ ਅਤੇ ਕੇਂਦਰ ਸਰਕਾਰ ‘ਤੇ ਦਬਾਅ ਬਣਾ ਕੇ ਇਸ ਨੂੰ ਜਲਦੀ ਤੋਂ ਜਲਦੀ ਪਾਸ ਕਰਵਾਉਣਗੇ।
ਪੰਜਾਬ ਦੇ ਪੇਂਡੂ ਵਿਕਾਸ ਫ਼ੰਡ (ਆਰ.ਡੀ.ਐਫ.), ਨੈਸ਼ਨਲ ਹੈਲਥ ਮਿਸ਼ਨ (ਐਨ.ਐਚ.ਐਮ.) ਸਮੇਤ ਵੱਖ-ਵੱਖ ਸਕੀਮਾਂ ਦਾ ਕੇਂਦਰ ਸਰਕਾਰ ਵੱਲ ਕਰੀਬ 10 ਹਜ਼ਾਰ ਕਰੋੜ ਰੁਪਏ ਬਕਾਇਆ ਹੈ, ਜੋ ਕਿ ਕੇਂਦਰ ਵੱਲੋਂ ਕਈ ਸਾਲਾਂ ਤੋਂ ਜਾਰੀ ਨਹੀਂ ਕੀਤਾ ਜਾ ਰਿਹਾ, ਜਿਸ ਸੰਬੰਧੀ ਪੰਜਾਬ ਦੀ ਆਮ ਆਦਮੀ ਪਾਰਟੀ ਅਤੇ ਮਾਨ ਸਰਕਾਰ ਲਗਾਤਾਰ ਕੇਂਦਰ ਸਰਕਾਰ ਖਿਲਾਫ ਆਵਾਜ਼ ਚੁੱਕ ਰਹੀ ਹੈ।