Close

Recent Posts

ਪੰਜਾਬ ਮੁੱਖ ਖ਼ਬਰ

15 ਸਾਲਾਂ ਤੋਂ ਬੰਦ ਪਿਆ ਡਲਹੌਜ਼ੀ ਸਥਿਤ ਪੰਜਾਬ ਦਾ ਇੱਕੋ-ਇੱਕ ਸਰਕਾਰੀ ਰੇਸ਼ਮ ਬੀਜ ਉਤਪਾਦਨ ਸੈਂਟਰ ਮਾਨ ਸਰਕਾਰ ਵੱਲੋਂ ਮੁੜ ਸ਼ੁਰੂ

15 ਸਾਲਾਂ ਤੋਂ ਬੰਦ ਪਿਆ ਡਲਹੌਜ਼ੀ ਸਥਿਤ ਪੰਜਾਬ ਦਾ ਇੱਕੋ-ਇੱਕ ਸਰਕਾਰੀ ਰੇਸ਼ਮ ਬੀਜ ਉਤਪਾਦਨ ਸੈਂਟਰ ਮਾਨ ਸਰਕਾਰ ਵੱਲੋਂ ਮੁੜ ਸ਼ੁਰੂ
  • PublishedJune 21, 2024

ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵਲੋਂ ਰੇਸ਼ਮ ਬੀਜ ਉਤਪਾਦਨ ਸੈਂਟਰ ਦਾ ਦੌਰਾ, ਅਧਿਕਾਰੀਆਂ ਨੂੰ ਦਿੱਤੇ ਜ਼ਰੂਰੀ ਨਿਰਦੇਸ਼

ਵਧੀਆ ਗੁਣਵੱਤਾ ਵਾਲਾ ਰੇਸ਼ਮ ਬੀਜ ਤਿਆਰ ਕਰਕੇ ਘੱਟ ਖ਼ਰਚੇ ‘ਤੇ ਕਿਸਾਨਾਂ ਨੂੰ ਕੀਤਾ ਜਾਵੇਗਾ ਸਪਲਾਈ

ਕੰਢੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਆਦਿ ਦੇ ਕਿਸਾਨਾਂ ਨੂੰ ਮਿਲੇਗਾ ਫ਼ਾਇਦਾ

ਚੰਡੀਗੜ੍ਹ/ਡਲਹੌਜ਼ੀ, 21 ਜੂਨ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ, ਹਿਮਾਚਲ ਪ੍ਰਦੇਸ਼ ਦੇ ਡਲਹੌਜ਼ੀ ਸਥਿਤ ਪਿਛਲੇ 15 ਸਾਲਾਂ ਤੋਂ ਬੰਦ ਪਏ ਪੰਜਾਬ ਦੇ ਇੱਕੋ-ਇੱਕ ਸਰਕਾਰੀ ਸੈਰੀਕਲਚਰ ਰੇਸ਼ਮ ਬੀਜ ਉਤਪਾਦਨ ਸੈਂਟਰ ਨੂੰ ਮੁੜ ਤੋਂ ਸ਼ੁਰੂ ਕਰ ਦਿੱਤਾ ਗਿਆ ਹੈ। ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਇਸ ਸਰਕਾਰੀ ਸੈਰੀਕਲਚਰ ਰੇਸ਼ਮ ਬੀਜ ਉਤਪਾਦਨ ਸੈਂਟਰ ਦਾ ਦੌਰਾ ਕਰਕੇ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ।

ਬਾਗ਼ਬਾਨੀ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀ ਇਸ ਅਮਾਨਤ ਨੂੰ ਅਣਗੌਲਿਆ ਹੋਇਆ ਸੀ ਪਰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਉਨ੍ਹਾਂ ਨੇ ਇਸ ਕੇਂਦਰ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਤਹੱਈਆ ਕੀਤਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਲਈ ਪਹਿਲੀ ਕਿਸ਼ਤ ਵਜੋਂ 14 ਲੱਖ ਰੁਪਏ ਪ੍ਰਵਾਨ ਕੀਤੇ ਗਏ ਹਨ ਜਿਸ ਨਾਲ ਸਤੰਬਰ ਤੋਂ ਸਿਲਕ ਸੀਡ ਗ੍ਰੇਨੇਜ ਤਿਆਰ ਕਰਕੇ ਕਿਸਾਨਾਂ ਨੂੰ ਰੇਸ਼ਮ ਦਾ ਬੀਜ ਸਸਤੇ ਭਾਅ ‘ਤੇ ਦਿੱਤਾ ਜਾਵੇਗਾ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਡਲਹੌਜ਼ੀ ਦਾ ਵਾਤਾਵਰਣ ਰੇਸ਼ਮ ਬੀਜ ਉਤਪਾਦਨ ਲਈ ਬਹੁਤ ਅਨੁਕੂਲ ਹੈ ਅਤੇ ਇਸ ਕੇਂਦਰ ਦੇ ਸ਼ੁਰੂ ਹੋਣ ਨਾਲ ਪੰਜਾਬ ਦੇ ਕੰਢੀ ਖੇਤਰ ਦੇ ਲਗਭਗ 1500 ਕਿਸਾਨਾਂ ਨੂੰ ਸਿੱਧੇ ਤੌਰ ‘ਤੇ ਫ਼ਾਇਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਤੋਂ ਕੰਢੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਅਤੇ ਰੋਪੜ ਆਦਿ ਦੇ ਕਿਸਾਨਾਂ ਨੂੰ ਲਾਭ ਪਹੁੰਚੇਗਾ।

ਬਾਗ਼ਬਾਨੀ ਮੰਤਰੀ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵਿਭਾਗ ਵਲੋਂ ਰੇਸ਼ਮ ਕੀਟ ਪਾਲਕਾਂ ਨੂੰ ਕੇਂਦਰੀ ਰੇਸ਼ਮ ਬੋਰਡ ਦੇ ਸੈਂਟਰਾਂ ਤੋਂ ਰੇਸ਼ਮ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਸੀ ਪਰ ਹੁਣ ਡਲਹੌਜ਼ੀ ਸਥਿਤ ਇਸ ਰੇਸ਼ਮ ਬੀਜ ਸੈਂਟਰ ਦੇ ਚਾਲੂ ਹੋਣ ਨਾਲ ਸੂਬਾ ਸਰਕਾਰ ਵਲੋਂ ਆਪਣੀ ਪੱਧਰ ‘ਤੇ ਰੇਸ਼ਮ ਬੀਜ ਤਿਆਰ ਕੀਤਾ ਜਾ ਸਕੇਗਾ ਅਤੇ ਟਰਾਂਸਪੋਰਟੇਸ਼ਨ ਦੇ ਘੱਟ ਖ਼ਰਚੇ ‘ਤੇ ਰੇਸ਼ਮ ਕੀਟ ਪਾਲਕਾਂ ਨੂੰ ਰੇਸ਼ਮ ਬੀਜ ਮੁਹੱਈਆ ਕਰਵਾਇਆ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਰਾਜ ਵਿਚ ਆਪਣੀ ਪੱਧਰ ‘ਤੇ ਰੇਸ਼ਮ ਬੀਜ ਸੈਂਟਰ ਚਾਲੂ ਹੋਣ ਨਾਲ ਰੇਸ਼ਮ ਬੀਜ ਦਾ ਵੱਧ ਉਤਪਾਦਨ ਹੋਵੇਗਾ ਅਤੇ ਇਸ ਨਾਲ ਰਾਜ ਵਿੱਚ ਰੇਸ਼ਮ ਦੀ ਪੈਦਾਵਾਰ ਵੀ ਵਧੇਗੀ ਅਤੇ ਵੱਧ ਤੋਂ ਵੱਧ ਕਿਸਾਨਾਂ ਮੁੱਖ ਤੌਰ ‘ਤੇ ਔਰਤਾਂ ਨੂੰ ਇਸ ਕਿੱੱਤੇ ਨਾਲ ਜੋੜਿਆ ਜਾ ਸਕੇਗਾ।

ਉਨ੍ਹਾਂ ਕਿਹਾ ਕਿ ਸੈਰੀਕਲਚਰ ਵਿੰਗ ਬਾਗ਼ਬਾਨੀ ਵਿਭਾਗ ਦਾ ਇੱਕ ਅਹਿਮ ਹਿੱਸਾ ਹੈ, ਜੋ ਰਾਜ ਵਿੱਚ ਰੇਸ਼ਮ ਉਤਪਾਦਨ ਦੇ ਨਾਲ-ਨਾਲ ਕੰਢੀ ਖੇਤਰ ਦੇ ਗ਼ਰੀਬ ਰੇਸ਼ਮ ਕੀਟ ਪਾਲਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਿੱਚ ਬਹੁਤ ਸਹਾਈ ਹੋ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਡਾਇਰੈਕਟਰ ਬਾਗ਼ਬਾਨੀ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਵੱਖ-ਵੱਖ ਸਕੀਮਾਂ ਤਹਿਤ ਰੇਸ਼ਮ ਕੀਟ ਪਾਲਕਾਂ ਨੂੰ ਹਰ ਪੱਖ ਤੋਂ ਲੋੜੀਂਦੀਆਂ ਤਕਨੀਕੀ ਅਤੇ ਵਿੱਤੀ ਸਹੂਲਤਾਂ ਉਪਲੱਬਧ ਕਰਵਾਉਣ ਤਾਂ ਜੋ ਰਾਜ ਵਿੱਚ ਵੱਧ ਤੋਂ ਵੱਧ ਰੇਸ਼ਮ ਉਤਪਾਦਨ ਕੀਤਾ ਜਾ ਸਕੇ ਅਤੇ ਗ਼ਰੀਬ ਕਿਸਾਨਾਂ ਦੇ ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੱਕਿਆ ਜਾ ਸਕੇ।

ਇਸ ਮੌਕੇ ਕੈਬਨਿਟ ਮੰਤਰੀ ਨਾਲ ਹਰਦੀਪ ਸਿੰਘ ਡਿਪਟੀ ਡਾਇਰੈਕਟਰ ਬਾਗ਼ਬਾਨੀ, ਜਤਿੰਦਰ ਕੁਮਾਰ ਬਾਗ਼ਬਾਨੀ ਵਿਕਾਸ ਅਫ਼ਸਰ, ਅਵਤਾਰ ਸਿੰਘ ਮੈਨਜਰ, ਸੁਖਵੀਰ ਸਿੰਘ ਸੈਰੀਕਲਚਰ ਪਰਮੋਸ਼ਨ ਅਫ਼ਸਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Written By
The Punjab Wire