Close

Recent Posts

ਪੰਜਾਬ

ਈ ਵੀ ਐਮ ਅੰਕੜਿਆਂ ਦੇ ਹੇਰ ਫੇਰ ਦਾ ਰਹੱਸ: ਸੁਖਬੀਰ ਸਿੰਘ ਬਾਦਲ ਨੇ ਨਿਰਪੱਖ ਜਾਂਚ ਮੰਗੀ

ਈ ਵੀ ਐਮ ਅੰਕੜਿਆਂ ਦੇ ਹੇਰ ਫੇਰ ਦਾ ਰਹੱਸ: ਸੁਖਬੀਰ ਸਿੰਘ ਬਾਦਲ ਨੇ ਨਿਰਪੱਖ ਜਾਂਚ ਮੰਗੀ
  • PublishedJune 17, 2024

ਜ਼ੋਰ ਦੇ ਕੇ ਕਿਹਾ ਕਿ ਫਰਕ ਸਿਰਫ ਪੰਜਾਬ ਹੀ ਨਹੀਂ ਬਲਕਿ ਸਮੁੱਚੇ ਦੇਸ਼ ਵਿਚ ਹੋਇਆ

ਅੰਕੜਿਆਂ ਦੇ ਹੇਰ ਫੇਰ ਤੇ ਅੰਤਿਮ ਨਤੀਜਿਆਂ ਵਿਚ ਸਪਸ਼ਟ ਤੇ ਦਿੱਸਣ ਵਾਲੀ ਕੜੀ

ਚੰਡੀਗੜ੍ਹ, 17 ਜੂਨ 2024 (ਦੀ ਪੰਜਾਬ ਵਾਇਰ)। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਦੇਸ਼ ਭਰ ਵਿਚ ਅੰਕੜਿਆਂ ਵਿਚ ਹੇਰ ਫੇਰ ਅਤੇ ਈ ਵੀ ਐਮ ਹੈਕ ਕਰਕੇ ਲੋਕ ਫਤਵੇ ਨੂੰ ਆਪਣੇ ਹੱਕ ਵਿਚ ਕਰਨ ਦੇ ਦੋਸ਼ਾਂ ਦੀ ਸਰਵਉਚ ਨਿਆਂਇਕ ਪੱਧਰ ’ਤੇ ਆਜ਼ਾਦ ਤੇ ਪਾਰਦਰਸ਼ਤਾ ਨਾਲ ਜਾਂਚ ਮੰਗੀ ਹੈ।

ਚੋਣ ਕਮਿਸ਼ਨ ਵੱਲੋਂ ਸਿਰਫ ਪੰਜਾਬ ਹੀ ਨਹੀਂ ਦੇਸ਼ ਭਰ ਵਿਚ ਮਤਦਾਨ ਦੇ ਜਾਰੀ ਕੀਤੇ ਗਏ ਅੰਕੜਿਆਂ ਵਿਚ ਭਾਰੀ ਫਰਕ ਹੋਣ ਦਾ ਹਵਾਲਾ ਅਕਾਲੀ ਦਲ ਦੇ ਪ੍ਰਧਾਨ ਜ਼ੋਰ ਦੇ ਕੇ ਕਿਹਾ ਕਿ ਉਹ ਸਿਰਫ ਪੰਜਾਬ ਵਿਚ ਹੀ ਬੇਮੇਲ ਰਹੱਸ ਦੀ ਗੱਲ ਨਹੀਂ ਕਰ ਰਹੇ। ਇਸ ਲਈ ਕਿਸੇ ਨੂੰ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਂ ਅਕਾਲੀ ਦਲ ਦੀ ਕਾਰਗੁਜ਼ਾਰੀ ਦਾ ਸਪਸ਼ਟੀਕਰਨ ਦੇ ਰਿਹਾ ਹਾਂ ਜਾਂ ਪੰਜਾਬ ਦੇ ਨਤੀਜਿਆਂ ਦੀ ਗੱਲ ਕਰ ਰਿਹਾ ਹਾਂ। ਮੈਂ ਸਾਰੇ ਦੇਸ਼ ਦੀ ਗੱਲ ਕਰ ਰਿਹਾ ਹਾਂ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਉਹ ਜਿਹੜੇ 542 ਹਲਕਿਆਂ ਵਿਚ ਚੋਣਾਂ ਹੋਈਆਂ, ਉਹਨਾਂ ਵਿਚੋਂ 539 ਹਲਕਿਆਂ ਵਿਚ ਈ ਵੀ ਐਮ ਦੇ ਅੰਕੜਿਆਂ ਵਿਚ ਭਾਰੀ ਫਰਕ ਹੋਣ ਦੀਆਂ ਰਿਪੋਰਟਾਂ ’ਤੇ ਹੈਰਾਨ ਹਨ। ਸਿਰਫ ਲਕਸ਼ਦੀਪ, ਦਮਨ ਅਤੇ ਦਿਓ ਤੇ ਅਮਰੇਲੀ (ਗੁਜਰਾਤ) ਹੀ ਅਜਿਹੇ ਹਲਕੇ ਹਨ ਜਿਥੇ ਇਹ ਫਰਕ ਸਾਹਮਣੇ ਨਹੀਂ ਆਇਆ।

ਉਹਨਾਂ ਕਿਹਾ ਕਿ ਹੇਰ ਫੇਰ ਤੇ ਅੰਤਿਮ ਨਤੀਜਿਆਂ ਦੇ ਆਕਾਰ ਵਿਚ ਇਕ ਰਹੱਸਮਈ ਕੜੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਪਹਿਲੇ ਤੇ ਅੰਤਿਮ ਅੰਕੜਿਆਂ ਵਿਚਲਾ ਫਰਕ 12 ਫੀਸਦੀ ਹੈ ਜੋ ਕਿ ਜੇਤੂ ਤੇ ਹਾਰਨ ਵਾਲੇ ਉਮੀਦਵਾਰਾਂ ਵਿਚ ਜਿੱਤ ਹਾਰ ਦੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਹੈ। ਉਹਨਾਂ ਕਿਹਾ ਕਿ ਜਿੰਨਾ ਜ਼ਿਆਦਾ ਫਰਕ ਰਿਹਾ, ਉਨੀਆਂ ਹੀ ਭਾਜਪਾ ਦੀਆਂ ਸੀਟਾਂ ਵੱਧ ਆਈਆਂ। ਉਹਨਾਂ ਕਿਹਾ ਕਿ ਉੜੀਸਾ ਵਿਚ ਪਹਿਲੇ ਅੰਤਿਮ ਅੰਕੜਿਆਂ ਵਿਚ ਫਰਕ 12.54 ਫੀਸਦੀ ਹੈ ਜਿਥੇ ਭਾਜਪਾ ਨੂੰ 21 ਵਿਚੋਂ 20 ਸੀਟਾਂ ਮਿਲੀਆਂ। ਇਸੇ ਤਰੀਕੇ ਆਂਧਰਾ ਪ੍ਰਦੇਸ਼ ਜਿਥੇ ਐਨ ਡੀ ਏ ਨੂੰ 25 ਵਿਚੋਂ 21 ਸੀਟਾਂ ਮਿਲੀਆਂ ਵਿਚ ਇਹ ਫਰਕ 12.54 ਫੀਸਦੀ ਹੈ। ਆਸਾਮ ਜਿਥੇ ਐਨ ਡੀ ਏ ਨੂੰ 14 ਵਿਚੋਂ 11 ਸੀਟਾਂ ਮਿਲੀਆਂ, ਉਥੇ ਫਰਕ 9.50 ਫੀਸਦੀ ਰਿਹਾ ਹੈ।

ਪੰਜਾਬ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪਹਿਲਾਂ ਜਾਰੀ ਕੀਤੇ ਤੇ ਫਿਰ ਜਾਰੀ ਕੀਤੇ ਅੰਤਿਮ ਅੰਕੜਿਆਂ ਵਿਚ 6.94 ਫੀਸਦੀ ਦਾ ਫਰਕ ਹੈ ਤੇ ਇਹ ਸਿਰਫ ਈ ਵੀ ਐਮ ਮਸ਼ੀਨਾਂ ਦੇ ਅੰਕੜਿਆਂ ਦੀ ਗੱਲ ਹੈ। ਉਹਨਾਂ ਕਿਹਾ ਕਿ ਕਮਾਲ ਇਹ ਹੈ ਕਿ ਸੂਬੇ ਵਿਚ ਭਾਜਪਾ ਦਾ ਵੋਟ ਸ਼ੇਅਰ ਵੱਧ ਕੇ 18.56 ਫੀਸਦੀ ਹੋ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਅੰਕੜਿਆਂ ਦਾ ਇਹ ਹੇਰ ਫੇਰ ਸਿਰਫ ਈ ਵੀ ਐਮ ਵੋਟਾਂ ਦੀ ਗਿਣਤੀ ਦਾ ਹੈ ਤੇ ਪਹਿਲੀ ਵਾਰ ਦੱਸੇ ਗਏ ਤੇ ਅੰਤਿਮ ਅੰਕੜਿਆਂ ਵਿਚਲਾ ਫਰਕ ਹੈ ਤੇ ਇਸ ਵਿਚ ਬੈਲਟ ਵੋਟਾਂ ਸ਼ਾਮਲ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਵੀ ਅਹਿਮ ਇਹ ਹੈ ਕਿ ਚੋਣ ਕਮਿਸ਼ਨ ਨੇ 25 ਮਈ ਨੂੰ ਸੁਪਰੀਮ ਕੋਰਟ ਵਿਚ ਕਿਹਾ ਸੀ ਕਿ ਈ ਵੀ ਐਮ ਦੀ ਗਿਣਤੀ ਵਿਚ ਕੋਈ ਫਰਕ ਨਹੀਂ ਆ ਸਕਦਾ ਕਿਉਂਕਿ ਮਸ਼ੀਨਾਂ ਵਿਚ ਕੋਈ ਗੜਬੜ ਨਹੀਂ ਹੋ ਸਕਦੀ।

ਸਰਦਾਰ ਬਾਦਲ ਨੇ ਸੁਪਰੀਮ ਕੋਰਟ ਵਿਚ ਚੋਣ ਕਮਿਸ਼ਨ ਵੱਲੋਂ ਕੀਤੇ ਦਾਅਵੇ ਨੂੰ ਹੈਰਾਨੀਜਨਕ ਤੇ ਨਾਮੰਨਣਯੋਗ ਕਰਾਰ ਦਿੱਤਾ ਕਿਉਂਕਿ ਚੋਣ ਕਮਿਸ਼ਨ ਨੇ ਵੋਟ ਪ੍ਰਤੀਸ਼ਤ ਤਾਂ ਜਾਰੀ ਕੀਤੀ ਪਰ ਕਿਹਾ ਕਿ ਇੰਨੇ ਘੱਟ ਸਮੇਂ ਵਿਚ ਅਸਲ ਗਿਣਤੀ ਨਹੀਂ ਦੱਸੀ ਜਾ ਸਕਦੀ। ਉਹਨਾਂ ਕਿਹਾ ਕਿ ਜਦੋਂ ਅਸਲ ਅੰਕੜੇ ਹੀ ਪਤਾ ਨਹੀਂ ਤਾਂ ਫਿਰ ਵੋਟ ਫੀਸਦੀ ਦੀ ਦਰ ਕੱਢਣੀ ਸੰਭਵ ਹੈ ? ਉਹਨਾਂ ਕਿਹਾ ਕਿ ਜਦੋਂ ਤੁਹਾਨੂੰ ਅੰਕੜੇ ਨਹੀਂ ਪਤਾ ਤਾਂ ਵੋਟ ਫੀਸਦੀ ਦਾ ਫੈਸਲਾ ਕਿਵੇਂ ਹੋਇਆ? ਕੀ ਇਹਨਾਂ ਨੇ ਨਵੇਂ ਗਣਿਤ ਦੀ ਖੋਜ ਕਰ ਲਈ ਹੈ ?

ਉਹਨਾਂ ਕਿਹਾ ਕਿ ਇਸ ਚੋਣ ਘੁਟਾਲੇ ਦਾ ਪਰਦਾਫਾਸ਼ ਕਰਨ ਵਾਸਤੇ ਕਿਸੇ ਵਿਦੇਸ਼ੀ ਦੀ ਜ਼ਰੂਰਤ ਨਹੀਂ ਹੈ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੇ ਅੰਕੜਿਆਂ ਵਿਚ ਫਰਕ ਤੇ ਸੁਪਰੀਮ ਕੋਰਟ ਵਿਚ ਚੋਣ ਕਮਿਸ਼ਨ ਦੇ ਦਾਅਵੇ ਕਿ ਅਸਲ ਅੰਕੜੇ ਪੰਜ ਤੋਂ ਛੇ ਦਿਨਾਂ ਤੋਂ ਪਹਿਲਾਂ ਨਹੀਂ ਦੱਸੇ ਜਾ ਸਕਦੇ, ਨਾਲ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਉਹਨਾਂ ਕਿਹਾ ਕਿ ਜੇਕਰ ਚੋਣ ਕਮਿਸ਼ਨ ਨੂੰ ਸੱਚਮੁੱਲ ਅੰਤਿਮ ਅਕੜੇ ਦੱਸਣ ਵਿਚ ਇੰਨਾ ਸਮਾਂ ਲੱਗਦਾ ਹੈ ਤਾਂ ਫਿਰ ਉਹ ਵੋਟਾਂ ਖਤਮ ਹੋਣ ਦੇ 48 ਘੰਟਿਆਂ ਦੇ ਅੰਦਰ ਅੰਦਰ ਅੰਤਿਮ ਗਿਣਤੀ ਦੱਸ ਕੇ ਚੋਣ ਨਤੀਜੇ ਕਿਵੇਂ ਘੋਸ਼ਤ ਕਰ ਸਕਦਾ ਹੈ? ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕੁਝ ਨਾ ਕੁਝ ਤਾਂ ਗੜਬੜ ਜ਼ਰੂਰ ਹੈ।

ਅਕਾਲੀ ਆਗੂ ਨੇ ਹੋਰ ਕਿਹਾ ਕਿ ਜੇਕਰ ਇਹ ਘਟਨਾਕ੍ਰਮਸਹੀ ਹੈ ਤਾਂ ਫਿਰ ਇਹ ਸਾਡੇ ਦੇਸ਼ ਵਿਚ ਲੋਕਤੰਤਰ ਲਈ ਸਭ ਤੋਂ ਗੰਭੀਰ ਤੇ ਵੱਡਾ ਖ਼ਤਰਾ ਹੈ।

ਉਹਨਾਂ ਕਿਹਾ ਕਿ ਜੇਕਰ ਲੋਕਾਂ ਦੀਆਂ ਵੋਟਾਂ ਨੂੰ ਇਸ ਤਰੀਕੇ ਬਦਲਿਆ ਜਾ ਸਕਦਾ ਹੈ ਤੇ ਹਾਰਨ ਵਾਲਿਆਂ ਨੂੰ ਜੇਤੂ ਕਰਾਰ ਦਿੱਤਾ ਜਾ ਸਕਦਾ ਹੈ ਤਾਂ ਫਿਰ ਦੇਸ਼ ਦੀ ਕਿਸਮ ਉਹਨਾਂ ਦੇ ਹੱਥ ਚਲੀ ਗਈ ਹੈ ਜਿਹਨਾਂ ’ਤੇ ਲੋਕ ਵਿਸ਼ਵਾਸ ਨਹੀਂ ਕਰਦੇ। ਉਹਨਾਂ ਕਿਹਾ ਕਿ ਇਸ ਤਰੀਕੇ ਲੋਕਤੰਤਰ ਤਾਨਾਸ਼ਾਹੀ ਦੀ ਥਾਂ ’ਤੇ ਵੱਡਾ ਘੁਟਾਲਾ ਬਣ ਗਿਆ ਹੈ।

Written By
The Punjab Wire