ਯਾਦਵਿੰਦਰ ਸਿੰਘ ਬੁੱਟਰ ਨੇ ਕੇਂਦਰੀ ਮੰਤਰੀ ਭੁਪਿੰਦਰ ਯਾਦਵ ਨਾਲ ਕੀਤੀ ਮੁਲਾਕਾਤ
ਨਵੀਂ ਜਿੰਮੇਵਾਰੀ ਮਿਲਣ ਅਤੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਨ ਤੇ ਦਿੱਤੀ ਵਧਾਈ
ਗੁਰਦਾਸਪੁਰ 14 ਜੂਨ 2024 (ਦੀ ਪੰਜਾਬ ਵਾਇਰ)। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਪੋਕਸਮੈਨ ਅਤੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਅੱਜ ਦਿੱਲੀ ਵਿਖੇ ਦੇਸ਼ ਦੇ ਨਵੇਂ ਵਾਤਾਵਰਨ ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮਾਮਲਿਆਂ ਦੇ ਮੰਤਰੀ ਭੁਪਿੰਦਰ ਯਾਦਵ ਨਾਲ ਮੁਲਾਕਾਤ ਕੀਤੀ।ਇਸ ਮੌਕੇ ਯਾਦਵਿੰਦਰ ਸਿੰਘ ਬੁੱਟਰ ਨੇ ਭੁਪਿੰਦਰ ਸਿੰਘ ਯਾਦਵ ਨੂੰ ਇਹ ਅਹਿਮ ਜਿੰਮੇਵਾਰੀ ਮਿਲਣ ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਨਾਲ ਹੀ ਦੇਸ਼ ਅੰਦਰ ਲਗਾਤਾਰ ਤੀਸਰੀ ਵਾਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੇ ਵਧਾਈ ਦਿੱਤੀ। ਬੁੱਟਰ ਨੇ ਕਿਹਾ ਕਿ ਦੇਸ਼ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਵਿਕਸਿਤ ਭਾਰਤ ਦਾ ਲਿਆ ਗਿਆ ਸੰਕਲਪ ਪੂਰਾ ਹੋਵੇਗਾ ਅਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਵਿਸ਼ਵ ਪੱਧਰ ਤੇ ਇੱਕ ਮਹਾਂ ਸ਼ਕਤੀ ਰੂਪ ਬਣ ਕੇ ਉਭਰੇਗਾ।
ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਕੇਂਦਰੀ ਕੈਬਨਟ ਮੰਤਰੀ ਭੁਪਿੰਦਰ ਯਾਦਵ ਦੀ ਅਗਵਾਈ ਵਿੱਚ ਵਾਤਾਵਰਨ ਜੰਗਲਾਤ ਨਾਲ ਜੁੜੇ ਮਸਲੇ ਵੀ ਹੱਲ ਹੋਣਗੇ ਅਤੇ ਦੇਸ਼ ਨਿਰੰਤਰ ਤਰੱਕੀ ਕਰੇਗਾ। ਬੁੱਟਰ ਨੇ ਕੇਂਦਰੀ ਮੰਤਰੀ ਨਾਲ ਜਿੱਥੇ ਰਾਜਨੀਤਿਕ ਮੁੱਦੇ ਸਾਂਝੇ ਕੀਤੇ ਉਸ ਦੇ ਨਾਲ ਹੀ ਪੰਜਾਬ ਨਾਲ ਜੁੜੇ ਲਟਕ ਹੋਏ ਮਸਲਿਆਂ ਦੇ ਹੱਲ ਕਰਨ ਲਈ ਵੀ ਇਜ਼ਹਾਰ ਵਟਾਂਦਰਾ ਕੀਤਾ ਅਤੇ ਨਾਲ ਹੀ ਵਿਸ਼ਵਾਸ ਜਤਾਇਆ ਕਿ ਉਹਨਾਂ ਨੂੰ ਪੂਰਨ ਯਕੀਨ ਹੈ ਕਿ ਕੇਂਦਰ ਸਰਕਾਰ ਪੰਜਾਬ ਦੀ ਤਰੱਕੀ ਲਈ ਪੂਰੀ ਸ਼ਿੱਦਤ ਨਾਲ ਕੰਮ ਕਰੇਗੀ ਅਤੇ ਇੱਥੇ ਦੇ ਜਿਹੜੇ ਮਸਲੇ ਲਟਕੇ ਹੋਏ ਹਨ ਉਹਨਾਂ ਦਾ ਜਲਦੀ ਹੀ ਹੱਲ ਹੋਵੇਗਾ।