ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੇਸ਼ੋਪੁਰ ਛੰਬ ਨੂੰ ਸੈਰ-ਸਪਾਟਾ ਦੇ ਨਕਸ਼ੇ ਉੱਪਰ ਲਿਆਂਦਾ ਜਾਵੇਗਾ – ਡਿਪਟੀ ਕਮਿਸ਼ਨਰ
ਗੁਰਦਾਸਪੁਰ, 14 ਜੂਨ 2024 (ਦੀ ਪੰਜਾਬ ਵਾਇਰ)। ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਵੱਲੋਂ ਅੱਜ ਕੇਸ਼ੋਪੁਰ ਛੰਬ ਦਾ ਦੌਰਾ ਕਰਕੇ ਓਥੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਦੇ ਨਾਲ ਇਸ ਛੰਬ ਨੂੰ ਸੈਰ-ਸਪਾਟੇ ਦੇ ਨਕਸ਼ੇ ਉੱਪਰ ਲਿਆਉਣ ਲਈ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ 5 ਪਿੰਡਾਂ ਕੇਸ਼ੋਪੁਰ, ਡਾਲਾ, ਮਿਆਣੀ, ਮਟਵਾ ਅਤੇ ਮਗਰ ਮੂੰਦੀਆਂ ਦੀ 850 ਏਕੜ ਵਿੱਚ ਫੈਲੀ ਇਹ ਛੰਬ ਪ੍ਰਵਾਸੀ ਪੰਛੀਆਂ ਲਈ ਪਰਵਾਸ ਦਾ ਸਭ ਤੋਂ ਖ਼ੂਬਸੂਰਤ ਠਿਕਾਣਾ ਹੈ ਅਤੇ ਹਰ ਸਾਲ ਸਾਇਬੇਰੀਆ, ਰੂਸ, ਚੀਨ, ਮੱਧ ਏਸ਼ੀਆ ਦੇ ਮੁਲਕਾਂ ਤੋਂ ਸਰਦੀਆਂ ਦੇ ਮੌਸਮ ਵਿੱਚ ਹਜ਼ਾਰਾਂ ਮੀਲਾਂ ਦਾ ਫ਼ਾਸਲਾ ਤਹਿ ਕਰਕੇ ਇਹ ਪੰਛੀ ਕੇਸ਼ੋਪੁਰ ਛੰਬ ਵਿੱਚ ਪਹੁੰਚਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਹਿਮਾਨ ਪੰਛੀਆਂ ਨੂੰ ਉਨ੍ਹਾਂ ਦੇ ਅਨੁਕੂਲ ਵਾਤਾਵਰਨ ਅਤੇ ਮਾਹੌਲ ਮੁਹੱਈਆ ਕਰਵਾਉਣਾ ਸਾਡਾ ਫਰਜ ਹੈ ਅਤੇ ਪੰਜਾਬ ਸਰਕਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦਿਸ਼ਾ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੇਸ਼ੋਪੁਰ ਛੰਭ ਵਿਖੇ ਜੰਗਲੀ ਜੀਵ ਫ਼ੋਟੋਗਰਾਫ਼ਰਾਂ ਅਤੇ ਪੰਛੀ ਪ੍ਰੇਮੀ ਸੈਲਾਨੀਆਂ ਲਈ ਵਾਤਾਵਰਣ ਅਨੁਸਾਰ (ਈਕੋ ਫਰੈਂਡਲੀ) ਟਾਵਰ ਲਗਾਏ ਗਏ ਹਨ। ਇਸਦੇ ਨਾਲ ਹੀ ਇੱਥੇ 40 ਲੱਖ ਰੁਪਏ ਖ਼ਰਚ ਕਰਕੇ ਛੰਬ ਦਾ ਹੋਰ ਵਿਕਾਸ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੰਬ ਦੇ ਵਿਆਖਿਆ ਕੇਂਦਰ ਨੂੰ ਡਿਜੀਟਲ ਕੀਤਾ ਜਾਵੇਗਾ ਅਤੇ ਇੱਥੇ ਆਉਂਦੇ ਸਾਰੇ ਪ੍ਰਵਾਸੀ ਪੰਛੀਆਂ ਬਾਰੇ ਮੁਕੰਮਲ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਵਿਆਖਿਆ ਕੇਂਦਰ ਵਿੱਚ ਚਾਰ ਕਨਾਲ ਵਿੱਚ ਤਲਾਬ ਤਿਆਰ ਕਰਕੇ ਉਸ ਵਿੱਚ ਸੈਲਾਨੀਆਂ ਲਈ ਬੋਟਿੰਗ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਆਖਿਆ ਕੇਂਦਰ ਵਿੱਚ ਗੈਲਰੀ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਗਜ਼ੀਬੋ ਵੀ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਨਿਸ਼ਾਨਾ ਕੇਸ਼ੋਪੁਰ ਛੰਬ ਨੂੰ ਸੈਰ ਸਪਾਟਾ ਦੇ ਨਕਸ਼ੇ ਉੱਪਰ ਲੈ ਕੇ ਆਉਣਾ ਹੈ, ਜਿਸ ਲਈ ਸੈਲਾਨੀਆਂ ਅਨੁਸਾਰ ਮਾਹੌਲ ਸਿਰਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਜਦੋਂ ਪ੍ਰਵਾਸੀ ਪੰਛੀ ਕੇਸ਼ੋਪੁਰ ਛੰਬ ਵਿਖੇ ਆਉਣਗੇ ਤਾਂ ਉਸ ਸਮੇਂ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਇਥੇ ਵਿਸ਼ੇਸ਼ ਟੂਰ ਕਰਵਾਏ ਜਾਣਗੇ ਤਾਂ ਜੋ ਸਾਡੇ ਬੱਚੇ ਕੁਦਰਤ ਨਾਲ ਜੁੜ ਸਕਣ। ਉਨ੍ਹਾਂ ਕਿਹਾ ਕਿ ਸੈਲਾਨੀਆਂ ਦੇ ਠਹਿਰਨ ਲਈ ਆਰਜ਼ੀ ਟੈਂਟਾਂ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਨਾਲ ਸੈਰ ਸਪਾਟਾ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਨੂੰ ਸੈਰ ਸਪਾਟਾ ਵਜੋਂ ਵਿਕਸਿਤ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਤੇ ਸਮੂਹਿਕ ਸਹਿਯੋਗ ਨਾਲ ਇਸ ਛੰਬ ਨੂੰ ਪ੍ਰਫੁਲਿਤ ਕੀਤਾ ਜਾਵੇਗੀ।