ਗੁਰਦਾਸਪੁਰ ਪੰਜਾਬ

ਕਾਹਨੂਵਾਨ ਦੇ ਪਿੰਡ ਚੱਕ ਸ਼ਰੀਫ ਵਿੱਚ ਜ਼ਮੀਨੀ ਵਿਵਾਦ ਕਾਰਨ ਚਚੇਰੇ ਭਰਾ ਦਾ ਕਤਲ, 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਕਾਹਨੂਵਾਨ ਦੇ ਪਿੰਡ ਚੱਕ ਸ਼ਰੀਫ ਵਿੱਚ ਜ਼ਮੀਨੀ ਵਿਵਾਦ ਕਾਰਨ ਚਚੇਰੇ ਭਰਾ ਦਾ ਕਤਲ, 5 ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
  • PublishedJune 12, 2024

ਗੁਰਦਾਸਪੁਰ, 12 ਜੂਨ 2024 (ਦੀ ਪੰਜਾਬ ਵਾਇਰ)। ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਚੱਕ ਸ਼ਰੀਫ ਵਿੱਚ ਮੰਗਲਵਾਰ ਦੇਰ ਰਾਤ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇੱਕ ਨੌਜਵਾਨ ਨੇ ਆਪਣੇ ਚਚੇਰੇ ਭਰਾ ਦੇ ਘਰ ਵੜ ਕੇ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ ‘ਚ ਪੁਲਸ ਨੇ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਗੁਰਜੀਤ ਸਿੰਘ (34) ਪੁੱਤਰ ਸਵ. ਬਲਦੇਵ ਸਿੰਘ ਪਿੰਡ ਚੱਕ ਸ਼ਰੀਫ ਵਜੋ ਹੋਈ ਹੈ। ਮ੍ਰਿਤਕ ਇਕ ਮਹੀਨਾ ਪਹਿਲਾਂ ਹੀ ਪੁਰਤਗਾਲ ਤੋਂ ਪਿੰਡ ਪਰਤਿਆ ਸੀ।

ਮ੍ਰਿਤਕ ਨੌਜਵਾਨ ਦੀ ਮਾਂ ਅਮਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ। ਦੋਵੇਂ ਵੱਡੀਆਂ ਧੀਆਂ ਵਿਆਹੀਆਂ ਹੋਈਆਂ ਹਨ ਅਤੇ ਵਿਦੇਸ਼ ਵਿਚ ਰਹਿੰਦੀਆਂ ਹਨ। ਛੋਟਾ ਲੜਕਾ ਗੁਰਜੀਤ ਸਿੰਘ ਪੁਰਤਗਾਲ ਰਹਿੰਦਾ ਸੀ। 17 ਮਈ ਨੂੰ ਵਾਪਸ ਆਪਣੇ ਪਿੰਡ ਪਰਤਿਆ। ਉਸ ਦੇ ਜੇਠ ਦਾ ਪੁੱਤਰ ਗੁਰਪ੍ਰੀਤ ਸਿੰਘ ਉਰਫ਼ ਰਿੰਕੂ ਪੁੱਤਰ ਸਵ. ਸੁਖਦੇਵ ਸਿੰਘ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦਾ ਹੈ। ਜਿਨ੍ਹਾਂ ਨੇ ਆਪਣੀ ਜ਼ਮੀਨ ਵਿੱਚ ਪਾਣੀ ਵਾਲਾ ਖਾਲ ਬਣਾਇਆ ਹੋਇਆ ਹੈ। ਇਸ ਖਾਲ ਨੂੰ ਤੋੜਨ ਬਾਰੇ ਉਸ ਨੂੰ ਕਈ ਵਾਰ ਕਿਹਾ ਗਿਆ ਸੀ ਪਰ ਉਹ ਗੱਲ ਸੁਣਨ ਨੂੰ ਤਿਆਰ ਨਹੀਂ ਸੀ।

ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਬੀਤੀ ਰਾਤ ਗਲੀ ਵਿੱਚ ਰੌਲਾ ਪਿਆ। ਇਸ ਦੌਰਾਨ ਉਸ ਦਾ ਲੜਕਾ ਗੁਰਜੀਤ ਸਿੰਘ ਤੁਰੰਤ ਭੱਜ ਕੇ ਉਸ ਦੇ ਘਰ ਅੰਦਰ ਦਾਖਲ ਹੋ ਗਿਆ ਅਤੇ ਉਸ ਦੇ ਲੜਕੇ ਦੇ ਪਿੱਛੇ ਗੁਰਪ੍ਰੀਤ ਸਿੰਘ ਉਰਫ਼ ਰਿੰਕੂ, ਮਨਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਸੁਰਿੰਦਰ ਕੌਰ ਪਤਨੀ ਸੁਖਦੇਵ ਸਿੰਘ, ਨਵਦੀਪ ਕੌਰ ਉਰਫ਼ ਰੂਹੀ ਅਤੇ ਨਵਰੀਤ ਕੌਰ ਉਰਫ਼ ਨੈਨਸੀ ਦੋਵੇਂ ਗੁਰਪ੍ਰੀਤ ਸਿੰਘ ਦੀਆ ਧੀਆ ਉਨ੍ਹਾਂ ਦੇ ਘਰ ਦੇ ਗੇਟ ‘ਅੰਦਰ ਦਾਖਲ ਹੋਏ।

ਜਿਨ੍ਹਾਂ ਦੇ ਹੱਥਾਂ ਵਿੱਚ ਕਿਰਚ, ਬੇਸਬਾਲ ਅਤੇ ਸੋਟੀਆ ਸਨ। ਮੁਲਜ਼ਮ ਗੁਰਪ੍ਰੀਤ ਨੇ ਉਸਦੇ ਪੁੱਤਰ ’ਤੇ ਕਿਰਚ ਨਾਲ ਹਮਲਾ ਕਰ ਦਿੱਤਾ। ਜਦਕਿ ਬਾਕੀ ਦੋਸ਼ੀਆਂ ਨੇ ਉਸ ਦੇ ਲੜਕੇ ਦੀਆਂ ਦੋਵੇਂ ਬਾਹਾਂ ਫੜੀਆਂ ਹੋਈਆਂ ਸਨ। ਉਸ ਦਾ ਪੁੱਤਰ ਖੂਨ ਨਾਲ ਲੱਥਪੱਥ ਜ਼ਮੀਨ ‘ਤੇ ਡਿੱਗ ਪਿਆ। ਜਦੋਂ ਉਸਨੇ ਅਤੇ ਉਸਦੀ ਭਰਜਾਈ ਨੇ ਰੌਲਾ ਪਾਇਆ ਤਾਂ ਹਮਲਾਵਰ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਰੌਲਾ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। ਉਹ ਆਪਣੇ ਜ਼ਖਮੀ ਲੜਕੇ ਨੂੰ ਸਿਵਲ ਹਸਪਤਾਲ ਲੈ ਕੇ ਆਈ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਧਰ ਇਸ ਸਬੰਧੀ ਥਾਣਾ ਭੈਣੀ ਮੀਆਂ ਖਾਂ ਦੀ ਇੰਸਪੈਕਟਰ ਸੁਮਨਪ੍ਰੀਤ ਕੌਰ ਮਾਨ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ‘ਚ ਰਖਵਾਇਆ ਗਿਆ ਹੈ। ਪੁਲੀਸ ਨੇ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Written By
The Punjab Wire