ਪੰਜਾਬ ਮੁੱਖ ਖ਼ਬਰ

ਮੋਦੀ ਦਾ ਨਹੀਂ ਚੱਲਿਆ ਗੁਰਦਾਸਪੁਰ ਅੰਦਰ ਜਾਦੂ: ਸਾਬਕਾ ਉਪ ਮੁੱਖ ਮੰਤਰੀ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਕੀਤੀ ਦਰਜ

ਮੋਦੀ ਦਾ ਨਹੀਂ ਚੱਲਿਆ ਗੁਰਦਾਸਪੁਰ ਅੰਦਰ ਜਾਦੂ: ਸਾਬਕਾ ਉਪ ਮੁੱਖ ਮੰਤਰੀ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਕੀਤੀ ਦਰਜ
  • PublishedJune 4, 2024

ਗੁਰਦਾਸਪੁਰ, 4 ਜੂਨ 2024 (ਦੀ ਪੰਜਾਬ ਵਾਇਰ)। ਗੁਰਦਾਸਪੁਰ ਲੋਕ ਸਭਾ ਸੀਟ ਅੰਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦਾ ਜਾਦੂ ਨਹੀਂ ਚੱਲਿਆ ਹੈ ਅਤੇ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਰਹੇ ਹਨ। ਹਾਲਾਂਕਿ ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ, ਇਸ ਦੌਰਾਨ ਉਨ੍ਹਾਂ ਨੇ ਲੋਕਾਂ ਦੀ ਜ਼ਿੰਦਗੀ ਭਰ ਅਹਿਸਾਨ ਨਾ ਭੁੱਲਣ ਦੀ ਗੱਲ ਕਹੀ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਕੰਮ ਕਰਨ ਵਾਲੀ ਸਰਕਾਰ ਚਾਹੁੰਦੇ ਹਨ, ਮਜ਼ਾਕ ਕਰਨ ਵਾਲੀ ਸਰਕਾਰ ਨਹੀਂ। ਆਖਰੀ ਆਕੜ੍ਹਿਆ ਅਨੁਸਾਰ ਰੰਧਾਵਾ ਨੇ 83 ਹਜਾਰ ਤੋਂ ਜਿਆਦਾ ਦੀ ਲੀਡ ਹਾਸਿਲ ਕੀਤੀ ਹੈ।

ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਵਿਰੋਧੀਆਂ ਨੂੰ ਮਾਤ ਦਿੰਦੇ ਹੋਏ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ। ਆਖਰੀ ਮਿਲੇ ਆਂਕੜਿਆਂ ਅਨੁਸਾਰ 3 ਲੱਖ 61 ਹਜਾਰ 713 ਵੋਟ ਮਿਲੇ, ਦੂਸਰੇ ਨੰਬਰ ਤੇ ਭਾਜਪਾ ਦੇ ਦਿਨੇਸ਼ ਬੱਬੂ ਵੱਲੋਂ 2 ਲੱਖ 78 ਹਜਾਰ 701 ਵੋਟ ਹਾਸਿਲ ਕੀਤੇ ਗਏ। ਇਸੇ ਤਰ੍ਹਾਂ ਤੇ ਆਪ ਦੇ ਅਮਨਸ਼ੇਰ ਸਿੰਘ ਸੈਰੀ ਕਲਸੀ ਵੱਲੋਂ 2 ਲੱਖ 75 ਹਜਾਰ 416 ਵੋਟ ਪ੍ਰਾਪਤ ਕੀਤੇ ਗਏ ਜਦਕਿ ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ 85 ਹਜਾਰ 194 ਵੋਟ ਹਾਸਿਲ ਕੀਤੇ ਹਏ। ਜਿੱਤ ਦੀ ਖ਼ਬਰ ਮਿਲਦਿਆਂ ਹੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਜੇਤੂ ਰਹੇ ਰੰਧਾਵਾ ਦਾ ਢੋਲ ਅਤੇ ਫੁੱਲਾਂ ਦੇ ਹਾਰਾ ਨਾਲ ਸਵਾਗਤ ਕੀਤਾ ਗਿਆ।

ਜਿੱਤ ਤੋਂ ਬਾਅਦ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਦੀ ਜਿੱਤ ਵਿੱਚ ਵਰਕਰਾਂ, ਕੇਂਦਰ ਦੀ ਲੀਡਰਸ਼ਿਪ ਅਤੇ ਸਥਾਨਕ ਆਗੂਆਂ ਦਾ ਬਹੁਤ ਵੱਡਾ ਯੋਗਦਾਨ ਹੈ। ਗੁਰਦਾਸਪੁਰ ਦੇ ਲੋਕਾਂ ਵੱਲੋਂ ਉਨ੍ਹਾਂ ਨੂੰ ਦਿੱਤੇ ਜਿੱਤ ਦੇ ਮਾਣ ਨੂੰ ਉਹ ਉਮਰ ਭਰ ਨਹੀਂ ਭੁੱਲਣਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੰਸਦ ਵਿੱਚ ਉਠਾਉਣਗੇ ਅਤੇ ਉਨ੍ਹਾਂ ਦੇ ਹੱਲ ਲਈ ਯਤਨ ਕਰਨਗੇ।

ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੋਕ ਅਮਨ-ਸ਼ਾਂਤੀ ਨਾਲ ਰਹਿਣਾ ਪਸੰਦ ਕਰਦੇ ਹਨ। ਏਜੰਸੀਆਂ ਨੂੰ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਨਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਾਂ ਨੂੰ ਨੱਥ ਪਾਉਣ ਦੀ ਲੋੜ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣੀ ਪਵੇਗੀ। ਲੋਕ ਕੰਮ ਕਰਨ ਵਾਲੀ ਸਰਕਾਰ ਚਾਹੁੰਦੇ ਹਨ, ਮਜ਼ਾਕ ਕਰਨ ਵਾਲੀ ਨਹੀਂ।

ਉਨ੍ਹਾਂ ਕਿਹਾ ਕਿ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਖਿਲਾਫ ਇਸ ਲਈ ਵੋਟ ਦਿੱਤਾ ਕਿਉਂਕਿ ਉਨ੍ਹਾਂ ਨੇ ਦੇਸ਼ ਵਿਰੋਧੀ ਫੈਸਲੇ ਲਏ। ਅਕਾਲੀ ਦਲ ‘ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਹੋਂਦ ਗੁਆ ਚੁੱਕਾ ਹੈ। ਅਕਾਲੀ ਦਲ ਨੂੰ ਤਬਾਹ ਕਰਨ ਦਾ ਸਿਹਰਾ ਬਿਕਰਮ ਮਜੀਠੀਆ ਨੂੰ ਜਾਂਦਾ ਹੈ। ਅੰਗਰੇਜ਼ਾਂ ਦੇ ਰਾਜ ਦੌਰਾਨ ਬਾਦਲ ਪਰਿਵਾਰ ਨੇ ਸਿੱਖਾਂ ਨਾਲ ਜੋ ਕੁਝ ਕੀਤਾ ਸੀ, ਅੱਜ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਪੰਥ ਵਿਰੋਧੀ ਅਤੇ ਪੰਜਾਬ ਵਿਰੋਧੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਵਾਮਾ ਦੇ ਹਮਲੇ ਦੀ ਜਾਂਚ ਸਾਹਮਣੇ ਕਿਉ ਨਹੀਂ ਆਈ।

Written By
The Punjab Wire