ਗੁਰਦਾਸਪੁਰ

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਸੈਕਟਰ ਅਫ਼ਸਰ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ – ਜ਼ਿਲ੍ਹਾ ਚੋਣ ਅਧਿਕਾਰੀ

ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਸੈਕਟਰ ਅਫ਼ਸਰ ਆਪਣੀ ਡਿਊਟੀ ਨੂੰ ਪੂਰੀ ਇਮਾਨਦਾਰੀ, ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ – ਜ਼ਿਲ੍ਹਾ ਚੋਣ ਅਧਿਕਾਰੀ
  • PublishedMay 28, 2024

ਚੋਣਾਂ ਦੀ ਸੰਪੂਰਨ ਪ੍ਰਕਿਰਿਆ ਨੂੰ ਪਾਰਦਰਸ਼ੀ, ਆਜ਼ਾਦਾਨਾ, ਨਿਰਪੱਖ ਅਤੇ ਬਿਨਾਂ ਕਿਸੇ ਤਰੁੱਟੀ ਦੇ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ – ਜ਼ਿਲ੍ਹਾ ਚੋਣ ਅਧਿਕਾਰੀ

ਗੁਰਦਾਸਪੁਰ, 28 ਮਈ 2024 ( ਦੀ ਪੰਜਾਬ ਵਾਇਰ) । ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਸੈਕਟਰ ਅਫ਼ਸਰਾਂ ਨੂੰ ਕਿਹਾ ਹੈ ਕਿ ਉਹ ਆਪਣੀ ਚੋਣ ਡਿਊਟੀ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੂਰੀ ਇਮਾਨਦਾਰੀ, ਤਨਦੇਹੀ ਤੇ ਜ਼ਿੰਮੇਵਾਰੀ ਨਾਲ ਨਿਭਾਉਣ ਤਾਂ ਜੋ ਚੋਣਾਂ ਦੀ ਸੰਪੂਰਨ ਪ੍ਰਕਿਰਿਆ ਨੂੰ ਪਾਰਦਰਸ਼ੀ, ਆਜ਼ਾਦਾਨਾ, ਨਿਰਪੱਖਤਾ ਅਤੇ ਬਿਨਾਂ ਕਿਸੇ ਤਰੁੱਟੀ ਦੇ ਨੇਪਰੇ ਚਾੜ੍ਹਿਆ ਜਾ ਸਕੇ।

ਅੱਜ ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਵਿਖੇ ਜ਼ਿਲ੍ਹੇ ਭਰ ਦੇ ਸੈਕਟਰ ਅਫ਼ਸਰਾਂ ਦੀ ਕਰਵਾਈ ਵਿਸ਼ੇਸ਼ ਟਰੇਨਿੰਗ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸੈਕਟਰ ਅਫ਼ਸਰ ਵੱਲੋਂ ਪੋਲਿੰਗ ਸਟਾਫ਼ ਦੀ ਰਿਹਰਸਲ ਦੌਰਾਨ ਉਨ੍ਹਾਂ ਨੂੰ ਪੋਲਿੰਗ ਪ੍ਰੀਕ੍ਰਿਆ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਹਰ ਤਰ੍ਹਾਂ ਦੇ ਸ਼ੰਕਿਆਂ ਦੀ ਨਵਿਰਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਹਰੇਕ ਸੈਕਟਰ ਅਫ਼ਸਰ ਪੋਲਿੰਗ ਪਾਰਟੀਆਂ ਦੀ ਰਵਾਨਗੀ ਮੌਕੇ ਪੋਲਿੰਗ ਸਟਾਫ਼ ਨੂੰ ਗਾਈਡ ਕਰੇ ਇਹ ਯਕੀਨੀ ਬਣਾਵੇ ਕਿ ਈ.ਵੀ.ਐੱਮ. ਮਸ਼ੀਨਾਂ ਦੇ ਨਾਲ ਉਨ੍ਹਾਂ ਨੂੰ ਸਾਰੇ ਫਾਰਮ ਆਦਿ ਮਿਲਣ। ਪੋਲਿੰਗ ਸਟਾਫ਼ ਦੇ ਪੋਲਿੰਗ ਸਟੇਸ਼ਨ ਵਿਖੇ ਰਾਤ ਸਮੇਂ ਠਹਿਰਾਅ ਅਤੇ ਅਗਲੇ ਦਿਨ ਵੋਟਾਂ ਦੀ ਸ਼ੁਰੂਆਤ ਤੋਂ ਸਾਮ ਤੱਕ ਵੋਟਾਂ ਦੀ ਸਮਾਪਤੀ ਅਤੇ ਈ.ਵੀ.ਐੱਮ. ਮਸ਼ੀਨਾਂ ਜਮਾਂ ਕਰਾਉਣ ਤੱਕ ਆਪਣੀ ਡਿਊਟੀ ਨੂੰ ਪੂਰੀ ਚੌਕਸੀ ਤੇ ਜਿੰਮੇਵਾਰੀ ਨਾਲ ਨਿਭਾਉਣ। ਉਨ੍ਹਾਂ ਕਿਹਾ ਕਿ ਸੈਕਟਰ ਅਫ਼ਸਰ ਵੱਲੋਂ ਸਮੇਂ-ਸਮੇਂ ਕੀਤੀ ਜਾਣ ਵਾਲੀ ਰੀਪੋਰਟਿੰਗ ਨੂੰ ਬਿਲਕੁਲ ਸਹੀ ਤੇ ਸਮੇਂ ਸਿਰ ਕੀਤਾ ਜਾਵੇ।

ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਕਿਹਾ ਕਿ ਸੈਕਟਰ ਅਫ਼ਸਰ ਚੋਣਾਂ ਦੀ ਸਫਲਤਾ ਵਿੱਚ ਆਪਣਾ ਅਹਿਮ ਰੋਲ ਨਿਭਾਉਂਦੇ ਹਨ ਅਤੇ ਹਰ ਸੈਕਟਰ ਅਫ਼ਸਰ ਲਈ ਆਪਣੀ ਡਿਊਟੀ ਅਤੇ ਚੋਣ ਕਮਿਸ਼ਨ ਦੀਆਂ ਸਾਰੀਆਂ ਹਦਾਇਤਾਂ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਰੀ ਚੋਣ ਪ੍ਰਕਿਰਿਆ ਚੰਗੀ ਟਰੇਨਿੰਗ ‘ਤੇ ਨਿਰਭਰ ਹੁੰਦੀ ਹੈ ਜੇਕਰ ਚੋਣ ਅਮਲੇ ਵੱਲੋਂ ਬਾਰੀਕੀ ਨਾਲ ਸਾਰੀਆਂ ਚੀਜ਼ਾਂ ਨੂੰ ਟਰੇਨਿੰਗ ਦੌਰਾਨ ਸਮਝ ਲਿਆ ਜਾਵੇ ਤਾਂ ਪੂਰੀ ਚੋਣ ਪ੍ਰਕਿਰਿਆ ਨਿਰਵਿਘਨ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੀ ਸੰਪੂਰਨ ਪ੍ਰਕਿਰਿਆ ਨੂੰ ਪਾਰਦਰਸ਼ੀ, ਆਜ਼ਾਦਾਨਾ, ਨਿਰਪੱਖ ਅਤੇ ਬਿਨਾਂ ਕਿਸੇ ਤਰੁੱਟੀ ਦੇ ਨੇਪਰੇ ਚਾੜ੍ਹਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।

ਇਸ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਿਸ਼ੇਸ਼ ਸਾਰੰਗਲ ਅਤੇ ਈ.ਆਰ.ਓ ਦੀਨਾਨਗਰ ਸ੍ਰੀ ਗੁਰਦੇਵ ਸਿੰਘ ਧਾਮ ਨੇ ਸੈਕਟਰ ਅਫ਼ਸਰਾਂ ਨਾਲ ਸਵਾਲ-ਜੁਆਬ ਵੀ ਕੀਤੇ। ਇਸ ਮੌਕੇ ਚੋਣ ਤਹਿਸੀਲਦਾਰ ਸ. ਮਨਜਿੰਦਰ ਸਿੰਘ ਬਾਜਵਾ, ਐੱਸ.ਐੱਸ.ਐੱਮ. ਕਾਲਜ ਦੀਨਾਨਗਰ ਦੇ ਪ੍ਰਿੰਸੀਪਲ ਡਾ.ਆਰ.ਕੇ ਤੁਲੀ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Written By
The Punjab Wire