ਸਾਬਕਾ ਖੇਡ ਮੰਤਰੀ ਨੁਸਰਤ ਅਲੀ ਖ਼ਾਨ ਬੱਗਾ ਆਪਣੇ ਕਈ ਐਮ.ਸੀ ਅਤੇ ਸੈਂਕੜੇ ਸਮਰਥਕ ਸਮੇਤ ਹੋਏ ਆਪ ‘ਚ ਸ਼ਾਮਿਲ
ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਰਜਿੰਦਰ ਦਾਸ ਰਿੰਕੂ ਸਮਾਧਾਵਾਲਾ ਆਪਣੇ ਸਾਥੀਆਂ ਸਮੇਤ ਹੋਏ ਆਪ ‘ਚ ਸ਼ਾਮਿਲ
ਐਨ.ਐਸ.ਯੂ.ਆਈ ਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਸ਼ਰਨ ਸਿੰਘ ਕਬਾਲਵਾਲਾ ਵੀ ਹੋਏ ਆਪ ‘ਚ ਸ਼ਾਮਿਲ
ਜਥੇਦਾਰ ਨੰਦਗੜ੍ਹ ਦੇ ਦਾਮਾਦ ਭਾਈ ਪਰਗਟ ਸਿੰਘ ਭੋਡੀਪੁਰਾ ਪਾਰਟੀ ਵਿੱਚ ਹੋਏ ਸ਼ਾਮਿਲ
ਚੰਡੀਗੜ੍ਹ, 23 ਮਈ 2024 (ਦੀ ਪੰਜਾਬ ਵਾਇਰ)। ਆਮ ਆਦਮੀ ਪਾਰਟੀ (ਆਪ) ਨੇ ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਉਸ ਸਮੇਂ ਵੱਡਾ ਝਟਕਾ ਦਿੱਤਾ ਜਦੋਂ ਅਕਾਲੀ ਦਲ ਦੇ ਸਾਬਕਾ ਖੇਡ ਮੰਤਰੀ, ਪੀ.ਏ.ਸੀ ਮੈਂਬਰ ਅਤੇ ਐਨ.ਐਸ.ਯੂ.ਆਈ ਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ‘ਆਪ’ਵਿੱਚ ਸ਼ਾਮਲ ਹੋ ਗਏ। ਜਿਸ ਕਾਰਨ ਲੋਕ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਨੂੰ ਵੱਡੀ ਮਜ਼ਬੂਤੀ ਮਿਲੀ ਹੈ।
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ‘ਆਪ’ ਪਰਿਵਾਰ ‘ਚ ਸ਼ਾਮਲ ਕੀਤਾ ਅਤੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸ਼ਾਮਲ ਹੋਣ ਨਾਲ ਸੰਗਰੂਰ ਅਤੇ ਫ਼ਰੀਦਕੋਟ ‘ਚ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਕੋਨੇ ਤੋਂ ਲੋਕ ‘ਆਪ’ਵਿੱਚ ਸ਼ਾਮਲ ਹੋ ਰਹੇ ਹਨ, ਉਹ ਸਾਡੀ ਸਰਕਾਰ ਦੇ ਲੋਕ ਪੱਖੀ ਅਤੇ ਪੰਜਾਬ ਪੱਖੀ ਫ਼ੈਸਲਿਆਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਕੰਮ ਕਰਨਾ ਚਾਹੁੰਦੇ ਹਨ।
ਆਮ ਆਦਮੀ ਪਾਰਟੀ ਨੇ ਮਲੇਰਕੋਟਲਾ ‘ਚ ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ ਦਿੱਤਾ ਹੈ। ਇੱਥੇ ਜਨਤਾ ਵਿਚ ਆਪਣੀ ਚੰਗੀ ਪਹਿਚਾਣ ਰੱਖਣ ਵਾਲੇ ਅਕਾਲੀ ਦਲ ਦੇ ਸਾਬਕਾ ਮੰਤਰੀ ਨੁਸਰਤ ਅਲੀ ਖ਼ਾਨ ਬੱਗਾ ਆਪਣੇ ਕਈ ਐਮ.ਸੀ ਅਤੇ ਸੈਂਕੜੇ ਸਮਰਥਕਾਂ ਸਮੇਤ ਆਪ ‘ਚ ਸ਼ਾਮਿਲ ਹੋ ਗਏ। ਨੁਸਰਤ ਅਲੀ ਖ਼ਾਨ ਬੱਗਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਚ ਮਲੇਰਕੋਟਲਾ ਤੋਂ ਹਲਕਾ ਇੰਚਾਰਜ ਅਤੇ ਵਰਕਿੰਗ ਕਮੇਟੀ ਮੈਂਬਰ ਵਜੋਂ ਆਪਣੀ ਸੇਵਾ ਨਿਭਾ ਚੁੱਕੇ ਹਨ। ਇਸਦੇ ਨਾਲ ਹੀ ਬੇਅੰਤ ਕਿੰਗਰ (ਖੁਦ ਅਤੇ ਉਨ੍ਹਾਂ ਦੀ ਪਤਨੀ 2 ਵਾਰ ਐਮ.ਸੀ ਰਹਿ ਚੁੱਕੇ ਹਨ) ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ (‘ਆਪ’) ‘ਚ ਸ਼ਾਮਿਲ ਹੋ ਗਏ। ਇਸ ਮੌਕੇ ਮਲੇਰਕੋਟਲਾ ਤੋਂ ਵਿਧਾਇਕ ਡਾ. ਜਮੀਲ ਉਰ ਰਹਿਮਾਨ ਵੀ ਹਾਜ਼ਰ ਸਨ।
ਹਲਕਾ ਫ਼ਰੀਦਕੋਟ ‘ਚ ‘ਆਪ’ ਨੂੰ ਉਸ ਸਮੇਂ ਮਜ਼ਬੂਤੀ ਮਿਲੀ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ ਮੈਂਬਰ ਰਜਿੰਦਰ ਦਾਸ ਰਿੰਕੂ ਸਮਾਧਾਵਾਲਾ ਅਤੇ ਐਨ.ਐਸ.ਯੂ.ਆਈ ਦੇ 2 ਵਾਰ ਪ੍ਰਧਾਨ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਗੁਰਸ਼ਰਨ ਸਿੰਘ ਕਬਾਲਵਾਲਾ, ਬੱਬੂ ਅਹੂਜਾ ਸਾਬਕਾ ਐਮ.ਸੀ ਕਾਂਗਰਸ, ਮਨੀਸ਼ ਕੁਮਾਰ ਤਿਵਾਰੀ ਸਾਬਕਾ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਮਨਜੀਤ ਸਿੰਘ ਪੀਟਾ ਬਲਾਕ ਪ੍ਰਧਾਨ ਬੀ.ਸੀ ਵਿੰਗ ਅਤੇ ਗੋਰਾ ਮਚਾਕੀ (ਅਕਾਲੀ ਦਲ) ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ। ਇਸ ਮੌਕੇ ਫ਼ਰੀਦਕੋਟ ਤੋਂ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੀ ਮੌਜੂਦ ਸਨ।
ਉਥੇ ਹੀ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਦੇ ਦਾਮਾਦ ਦਸਤਾਰ ਫੈਡਰੇਸ਼ਨ ਦੇ ਪ੍ਰਧਾਨ ਅਤੇ ਸੂਬਾਈ ਆਗੂ ਰਹੇ ਭਾਈ ਪਰਗਟ ਸਿੰਘ ਭੋਡੀਪੁਰਾ ਵੀ ਆਪ ‘ਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੋਰ ਤੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਉਨਾਂ ਦਾ ਸਵਾਗਤ ਕੀਤਾ। ਭਾਈ ਪਰਗਟ ਸਿੰਘ ਭੋਡੀਪੁਰਾ ਜੋ ਲੰਬੇ ਸਮੇਂ ਤੋਂ ਧਾਰਮਿਕ ਖੇਤਰ ਵਿੱਚ ਸਰਗਰਮੀ ਨਾਲ ਵਿਚਰਦੇ ਆ ਰਹੇ ਹਨ। ਉਨਾਂ ਦਾ ਪੰਥਕ ਹਲਕਿਆਂ, ਜਥੇਬੰਦੀਆਂ ਅਤੇ ਸੰਤ ਸਮਾਜ ਵਿੱਚ ਚੰਗਾ ਪ੍ਰਭਾਵ ਅਤੇ ਰਸੂਖ ਹੈ। ਭਾਈ ਪਰਗਟ ਸਿੰਘ ਗੱਤਕਾ ਫੈਡਰੇਸ਼ਨ ਦੇ ਸੂਬਾਈ ਚੇਅਰਮੈਨ ਵੀ ਰਹਿ ਚੁੱਕੇ ਹਨ। ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਬਤੌਰ ਸੁਪਰਡੈਂਟ ਵਜੋਂ ਰਿਟਾਇਰ ਹੋਏ ਹਨ। ਉਹ ਅਦਾਰਾ ਪਹਿਰੇਦਾਰ ਦੇ ਡਾਇਰੈਕਟਰ ਅਤੇ ਦਸਤਾਰ ਫੈਡਰੇਸ਼ਨ ਦੇ ਪ੍ਰਧਾਨ, ਇੰਟਰਨੈਸ਼ਨਲ ਗੱਤਕਾ ਅਕੈਡਮੀ ਦਮਦਮਾ ਸਾਹਿਬ ਦੇ ਫਾਊਂਡਰ ਅਤੇ ਕਈ ਨਾਮੀ ਸੰਸਥਾਵਾਂ, ਟਰੱਸਟਾਂ ਦੇ ਮੈਂਬਰ ਵਜੋਂ ਕਾਰਜਸ਼ੀਲ ਰਹਿ ਚੁੱਕੇ ਹਨ। ਇਸ ਮੌਕੇ ਹਲਕਾ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਆਪ ਦੇ ਸੀਨੀਅਰ ਆਗੂ ਜਗਦੀਪ ਸਿੰਘ ਜੈਮਲ ਵਾਲਾ, ਭਾਈ ਪਰਮਜੀਤ ਸਿੰਘ ਗੰਗਾ ਪ੍ਰਧਾਨ ਵੀ ਹਾਜ਼ਰ ਸਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਪੰਜਾਬ ਦੇ ਲੋਕ ਖ਼ੁਦ ਸਾਡੇ ਕੰਮ ਦੀ ਤਾਰੀਫ਼ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਿੰਨਾ ਕੰਮ ‘ਆਪ’ ਸਰਕਾਰ ਨੇ 2 ਸਾਲਾਂ ‘ਚ ਕੀਤਾ ਹੈ, ਐਨਾ ਕੰਮ ਪਿਛਲੇ 70 ਸਾਲਾਂ ‘ਚ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਾਡੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹਿਤ ਹਨ। ਅਸੀਂ ਇਸ ਵਾਰ ਇਹ ਚੋਣ 13-0 ਨਾਲ ਜਿੱਤ ਰਹੇ ਹਾਂ।