ਗੁਰਦਾਸਪੁਰ ਪੰਜਾਬ

ਰੰਧਾਵਾ ਦੀ ਸ਼ਿਕਾਇਤ ‘ਤੇ ਰੁਕਿਆ ਗੰਦਾ ਪਾਣੀ ਕੱਢਣ ਦਾ ਕੰਮ – ਪਿੰਡ ਵਾਸੀਆਂ ਨੇ ਜਤਾਇਆ ਰੋਸ

ਰੰਧਾਵਾ ਦੀ ਸ਼ਿਕਾਇਤ ‘ਤੇ ਰੁਕਿਆ ਗੰਦਾ ਪਾਣੀ ਕੱਢਣ ਦਾ ਕੰਮ – ਪਿੰਡ ਵਾਸੀਆਂ ਨੇ ਜਤਾਇਆ ਰੋਸ
  • PublishedMay 21, 2024

ਗੁਰਦਾਸਪੁਰ, 21 ਮਈ 2024 (ਦੀ ਪੰਜਾਬ ਵਾਇਰ)। ਕਸਬਾ ਧਾਰੀਵਾਲ ਦੇ ਪਿੰਡ ਫਤਿਹ ਨੰਗਲ ਦੇ ਲੋਕਾਂ ਨੇ ਗੰਦੇ ਪਾਣੀ ਦੀ ਨਿਕਾਸੀ ਲਈ ਸ਼ੁਰੂ ਕੀਤੇ ਕੰਮ ਨੂੰ ਰੋਕਣ ਨੂੰ ਲੈ ਕੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਖਿਲਾਫ ਗੁੱਸਾ ਜ਼ਾਹਰ ਕੀਤਾ ਹੈ

ਪਿੰਡ ਵਾਸੀਆਂ ਨੇ ਦੱਸਿਆ ਕਿ ਬੀਡੀਓ ਧਾਰੀਵਾਲ ਨੇ ਗੰਦੇ ਪਾਣੀ ਨੂੰ ਕੱਢਣ ਲਈ ਟੈਂਕਰ ਲਾਏ ਹੋਏ ਸਨ। ਪਰ ਚੋਣਾ ਲੜ੍ਹ ਰਹੇ ਸੁਖਜਿੰਦਰ ਰੰਧਾਵਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਇਹ ਕੰਮ ਰੁਕਵਾ ਦਿੱਤਾ ਹੈ। ਜਿਸ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਰੋਸ ਹੈ।

ਡੀਸੀ ਦਫ਼ਤਰ ਪੁੱਜੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਡੇ ਘਰਾਂ ਦਾ ਗੰਦਾ ਪਾਣੀ ਰੇਲਵੇ ਲਾਈਨ ਰਾਹੀਂ ਛੱਪੜ ਵਿੱਚ ਜਾਂਦਾ ਸੀ। ਉਨ੍ਹਾਂ ਕਿਹਾ ਕਿ ਰੇਲਵੇ ਵਿਭਾਗ ਕੁਝ ਕੰਮ ਕਰ ਰਿਹਾ ਹੈ ਜਿਸ ਕਾਰਨ ਪਾਣੀ ਬੰਦ ਕਰ ਦਿੱਤਾ ਗਿਆ ਹੈ। ਜਦੋਂ ਇਹ ਸਾਰਾ ਮਾਮਲਾ ਬੀਡੀਓ ਧਾਰੀਵਾਲ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਵੱਲੋਂ ਭੇਜੀ ਟੀਮ ਨੇ ਇਸ ਦੀ ਜਾਂਚ ਕੀਤੀ ਅਤੇ ਪਿੰਡ ਵਿੱਚੋਂ ਪਾਣੀ ਕੱਢਣ ਲਈ ਟੈਂਕਰ ਲਾਏ ਗਏ ਪਰ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਚੋਣ ਪ੍ਰਚਾਰ ਦੌਰਾਨ ਬੀਡੀਓ ਗੁਰਦਾਸਪੁਰ ਨੂੰ ਸ਼ਿਕਾਇਤ ਕੀਤੀ ਅਤੇ ਕਿਹਾ ਕਿ ਪਿੰਡ ਕੰਮ ਚੱਲ ਰਿਹਾ ਹੈ ਅਤੇ ਬੰਦ ਕਰਵਾ ਦਿੱਤਾ।

ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਸਾਡੇ ਪਿੰਡ ਵਿੱਚ ਕੋਈ ਬਿਮਾਰੀ ਫੈਲਦੀ ਹੈ ਜਾਂ ਕਿਸੇ ਦਾ ਘਰ ਢਹਿ ਜਾਂਦਾ ਹੈ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ। ਇਸ ਵਿਰੁੱਧ ਅਦਾਲਤ ਵਿਚ ਜਾ ਕੇ ਅਰਜ਼ੀ ਵੀ ਦਾਇਰ ਕਰੇਗੀ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਦਿੱਤਾ ਗਿਆ ਹੈ ਤਾਂ ਜੋ ਸਾਡੇ ਪਿੰਡ ਵਿੱਚੋਂ ਪਾਣੀ ਕੱਢਿਆ ਜਾਵੇ।

ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਡੀਓ ਧਾਰੀਵਾਲ ਨੇ ਦੱਸਿਆ ਕਿ ਪਿੰਡ ਫਤਿਹ ਨੰਗਲ ਦਾ ਪਾਣੀ ਰੇਲਵੇ ਲਾਈਨ ਤੋਂ ਦੂਜੇ ਪਾਸੇ ਪੁੱਟਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਸ਼ਿਕਾਇਤ ‘ਤੇ ਅਸੀਂ ਪਿੰਡ ਦਾ ਦੌਰਾ ਕੀਤਾ ਅਤੇ ਟੀਮਾਂ ਭੇਜੀਆਂ। ਪਿੰਡ ਦੀ ਹਾਲਤ ਬਹੁਤ ਮਾੜੀ ਸੀ। ਅਸੀਂ ਉਸ ਥਾਂ ‘ਤੇ ਟੈਂਕਰ ਲਗਾ ਕੇ ਪਿੰਡ ‘ਚੋਂ ਪਾਣੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਇਹ ਕੰਮ ਸਿਰਫ਼ ਆਰਜ਼ੀ ਸੀ ਤਾਂ ਜੋ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ ਅਤੇ ਕੋਈ ਜਾਨੀ-ਮਾਲੀ ਨੁਕਸਾਨ ਨਾ ਹੋਵੇ। ਪਰ ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ ਦੀ ਤਰਫੋਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਚੋਣ ਪ੍ਰਚਾਰ ਵਿੱਚ ਕੰਮ ਕੀਤਾ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਕੋਈ ਵੀ ਕੰਮ ਸਥਾਈ ਨਹੀੰ ਸੀ ਕਿਉਂਕਿ ਇਹ ਟੈਂਕਰ ਕੁਝ ਸਮੇਂ ਲਈ ਹੀ ਤਾਇਨਾਤ ਸਨ। ਚੋਣ ਕਮਿਸ਼ਨ ਤੋਂ ਬਾਅਦ ਇਸ ਦਾ ਪੂਰਾ ਐਸਟੀਮੇਟ ਬਣਾ ਕੇ ਦੁਬਾਰਾ ਕੰਮ ਹੋਣਾ ਸੀ। ਉਨ੍ਹਾਂ ਕਿਹਾ ਕਿ ਸ਼ਿਕਾਇਤਾਂ ਕਾਰਨ ਸਾਨੂੰ ਕੰਮ ਬੰਦ ਕਰਨਾ ਪਿਆ ਹੈ।

Written By
The Punjab Wire