ਪੰਜਾਬ ਮੁੱਖ ਖ਼ਬਰ

ਇਕ ਅਧਿਆਪਕ ਨੇ ਆਪਣੇ ਵਿਛੜੇ ਵਿਦਿਆਰਥੀ ਨੂੰ ਦਿੱਤੀ ਸ਼ਰਧਾਂਜਲੀ

ਇਕ ਅਧਿਆਪਕ ਨੇ ਆਪਣੇ ਵਿਛੜੇ ਵਿਦਿਆਰਥੀ ਨੂੰ ਦਿੱਤੀ ਸ਼ਰਧਾਂਜਲੀ
  • PublishedMay 14, 2024

ਡਾ. ਰਤਨ ਸਿੰਘ ਜੱਗੀ ਵੱਲੋਂ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ

ਚੰਡੀਗੜ੍ਹ, 14 ਮਈ 2024 (ਦੀ ਪੰਜਾਬ ਵਾਇਰ)। ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨੇ ਮਹਾਨ ਸ਼ਾਇਰ ਅਤੇ ਆਪਣੇ ਵਿਦਿਆਰਥੀ ਰਹੇ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਉਸ ਦੇ ਤੁਰ ਜਾਣ ਨਾਲ ਸਾਹਿਤ ਜਗਤ ਵਿੱਚ ਅਜਿਹਾ ਖਲਾਅ ਪੈਦਾ ਹੋਇਆ ਜੋ ਕਦੇ ਪੂਰਿਆ ਨਹੀਂ ਜਾ ਸਕਦਾ।

ਡਾ. ਜੱਗੀ ਨੇ ਡਾ. ਸੁਰਜੀਤ ਪਾਤਰ ਦੇ ਪਰਿਵਾਰ ਨੂੰ ਲਿਖੇ ਸ਼ੋਕ ਸੰਦੇਸ਼ ਵਿੱਚ ਸ਼ਰਧਾਂਜਲੀ ਦਿੰਦਿਆਂ ਲਿਖਿਆ ਹੈ, ‘‘ਡਾ.ਸੁਰਜੀਤ ਪਾਤਰ ਅੱਜ ਦੇ ਯੁੱਗ ਦਾ ਕੱਦਾਵਾਰ ਸਾਹਿਤਕਾਰ ਸੀ ਜਿਸ ਦੇ ਤੁਰ ਜਾਣ ਨਾਲ ਸਾਹਿਤ ਜਗਤ ਵਿੱਚ ਪਿਆ ਖਲਾਅ ਕਦੇ ਵੀ ਪੂਰਿਆ ਨਹੀਂ ਜਾ ਸਕੇਗਾ। ਉਨ੍ਹਾਂ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਉਥੇ ਪੰਜਾਬ, ਦੇਸ਼ ਨੂੰ ਵੱਡਾ ਘਾਟਾ ਪਿਆ।’’

ਡਾ. ਜੱਗੀ ਜੋ ਡਾ. ਸੁਰਜੀਤ ਪਾਤਰ ਦੀ ਐਮ.ਏ. ਦੀ ਪੜ੍ਹਾਈ ਵਿੱਚ ਅਧਿਆਪਕ ਸਨ, ਨੇ ਲਿਖਿਆ, ‘‘ਮੈਨੂੰ ਹਮੇਸ਼ਾ ਇਸ ਗੱਲ ਉਪਰ ਮਾਣ ਰਹੇਗਾ ਕਿ ਸੁਰਜੀਤ ਪਾਤਰ ਮੇਰਾ ਵਿਦਿਆਰਥੀ ਸੀ। ਇਕ ਅਧਿਆਪਕ ਲਈ ਇਸ ਤੋਂ ਵੱਡੀ ਗੱਲ ਕੀ ਹੋਵੇਗੀ ਕਿ ਉਸ ਦੀ ਪਛਾਣ ਉਸ ਦੇ ਵਿਦਿਆਰਥੀਆਂ ਤੋਂ ਕੀਤੀ ਜਾਵੇ।’’

ਡਾ. ਜੱਗੀ ਨੇ ਕਿਹਾ ਕਿ ਸੁਰਜੀਤ ਪਾਤਰ ਜਿੱਥੇ ਮਹਾਨ ਸ਼ਾਇਰ ਸਨ ਉਥੇ ਵਿਦਿਆਰਥੀ ਜੀਵਨ ਤੋਂ ਨਿਮਰਤਾ, ਸਾਊ ਤੇ ਹਲੀਮੀ ਜਿਹੇ ਮੀਰੀ ਗੁਣਾਂ ਦੇ ਮਾਲਕ ਸਨ। ਸੁਰਜੀਤ ਪਾਤਰ ਨੇ ਇਹ ਸ਼ੋਹਰਤ ਦੀਆਂ ਬੁਲੰਦੀਆਂ ਛੂਹਣ ਤੋਂ ਬਾਅਦ ਵੀ ਨਹੀਂ ਛੱਡੇ ਜਿਨ੍ਹਾਂ ਦੇ ਉਹ ਖੁਦ ਗਵਾਹ ਹਨ। ਉਨ੍ਹਾਂ ਕਿਹਾ ਕਿ ਸੁਰਜੀਤ ਪਾਤਰ ਨੇ ਆਪਣੀਆਂ ਲਿਖਤਾਂ ਨਾਲ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਅਤੇ ਤਾਉਮਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਝੰਡਾਬਰਦਾਰ ਰਹੇ।

ਡਾ. ਜੱਗੀ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ੇ ਅਤੇ ਪਿੱਛੇ ਪਰਿਵਾਰ, ਸਾਹਿਤ ਜਾਗਤ ਅਤੇ ਉਨ੍ਹਾਂ ਨੂੰ ਚਾਹੁਣ ਵਾਲੇ ਅਨੇਕਾਂ ਸਾਹਿਤ ਪ੍ਰੇਮੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।

Written By
The Punjab Wire