ਮੁੱਖ ਖ਼ਬਰ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ  ਗ੍ਰਿਫ਼ਤਾਰ

ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੋਂ 4 ਕਿਲੋ ਆਈ. ਸੀ. ਈ. ਡਰੱਗ, 1 ਕਿਲੋ ਹੈਰੋਇਨ ਕੀਤੀ ਬਰਾਮਦ; ਇੱਕ ਵਿਅਕਤੀ  ਗ੍ਰਿਫ਼ਤਾਰ
  • PublishedMay 3, 2024

 ਪਾਕਿ ਆਧਾਰਿਤ ਨਸ਼ਾ ਤਸਕਰ ਨਾਲ ਸਿੱਧੇ ਸੰਪਰਕ ਵਿੱਚ ਸੀ ਗਿਰਫ਼ਤਾਰ ਕੀਤਾ ਦੋਸ਼ੀ

ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਖੇਪ ਪਹੁੰਚਾਉਣ ਲਈ ਡਰੋਨਾਂ ਦੀ ਕੀਤੀ ਗਈ ਸੀ ਵਰਤੋਂ :ਡੀਜੀਪੀ ਗੌਰਵ ਯਾਦਵ

ਇਸ ਸਬੰਧੀ ਅਗਲੀਆਂ- ਪਿਛਲੀਆਂ ਕੜੀਆਂ ਖੋਜਣ ਲਈ ਹੋਰ ਜਾਂਚ ਜਾਰੀ : ਡੀਜੀਪੀ ਪੰਜਾਬ

 ਚੰਡੀਗੜ੍ਹ/ਅੰਮ੍ਰਿਤਸਰ, 3 ਮਈ 2024 (ਦੀ ਪੰਜਾਬ ਵਾਇਰ)। ਸਰਹੱਦ ਪਾਰੋਂ ਨਸ਼ਾ ਤਸਕਰੀ ਕਰਨ ਵਾਲੇ ਨੈਟਵਰਕ ਦੇ ਖਿਲਾਫ ਖੁਫੀਆ ਇਤਲਾਹ ’ਤੇ ਕੀਤੀ  ਕਾਰਵਾਈ ਵਿੱਚ, ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਇੱਕ ਵਿਅਕਤੀ ਨੂੰ ਗਿਰਫ਼ਤਾਰ ਕਰਕੇ ਉਸ ਕੋਲੋਂ 4 ਕਿਲੋ ਆਈਸੀਈ ਡਰੱਗ (ਕ੍ਰਿਸਟਲ ਮੇਥਾਮਫੇਟਾਮਾਈਨ) ਅਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਇੱਥੇ ਸ਼ੁੱਕਰਵਾਰ ਨੂੰ ਦਿੱਤੀ।

 ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਅਵਤਾਰ ਸਿੰਘ ਵਾਸੀ ਪਿੰਡ ਕੱਕੜ ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ।

 ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ (ਸੀ.ਆਈ.) ਅੰਮ੍ਰਿਤਸਰ ਨੂੰ ਭਰੋਸੇਯੋਗ ਸੂਤਰਾਂ  ਤੋਂ ਪਤਾ ਲੱਗਾ  ਕਿ  ਮੁਲਜ਼ਮ ਅਵਤਾਰ ਸਿੰਘ ਨੇ ਅਜਨਾਲਾ ਦੇ ਪਿੰਡ ਭਿੰਡੀ ਸੈਦਾਂ ਤੋਂ ਨਸ਼ੀਲੇ ਪਦਾਰਥਾਂ ਦੀ ਇੱਕ ਖੇਪ ਬਰਾਮਦ ਕੀਤੀ ਹੈ ਅਤੇ ਇਸ ਖੇਪ ਨੂੰ ਛੇਹਰਟਾ ਦੇ ਸ਼ੇਰ ਸ਼ਾਹ ਸੂਰੀ ਰੋਡ ਸਥਿਤ ਹਰਗੋਬਿੰਦ ਐਵੀਨਿਊ ਨੇੜੇ ਪਹੁੰਚਾਉਣ ਜਾ ਰਿਹਾ ਹੈ।

 ਇਸ ਤੇ ਤਰੁੰਤ ਕਾਰਵਾਈ ਕਰਦਿਆਂ ਡੀ.ਐਸ.ਪੀ. ਸੀ.ਆਈ ਬਲਬੀਰ ਸਿੰਘ  ਦੀ ਅਗਵਾਈ ਵਿੱਚ ਸੀ.ਆਈ. ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ  ਨਿਰਧਾਰਿਤ ਸਥਾਨ ’ਤੇ ਛਾਪੇਮਾਰੀ ਕੀਤੀ ਅਤੇ ਦੋਸ਼ੀ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ’ਚੋਂ 4 ਕਿਲੋ ਆਈ.ਸੀ.ਈ. ਡਰੱਗ ਅਤੇ 1 ਕਿਲੋ ਹੈਰੋਇਨ ਬਰਾਮਦ ਕੀਤੀ ।

ਡੀਜੀਪੀ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਅਵਤਾਰ ਪਾਕਿਸਤਾਨ ਅਧਾਰਤ ਨਸ਼ਾ ਤਸਕਰ ਦੇ ਸਿੱਧੇ ਸੰਪਰਕ ਵਿੱਚ ਸੀ। ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਅਧਾਰਤ ਨਸ਼ਾ ਤਸਕਰ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥ ਦੀ ਖੇਪ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕੀਤੀ ਸੀ।

ਉਨ੍ਹਾਂ ਕਿਹਾ ਕਿ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੀਆਂ -ਪਿਛਲੀਆਂ ਕੜੀਆਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।

ਇਸ ਸਬੰਧੀ ਐਫ.ਆਈ.ਆਰ. ਨੰਬਰ 26 ਮਿਤੀ 02.05.2024 ਨੂੰ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21, 22 ਅਤੇ 29 ਤਹਿਤ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਅਵਤਾਰ ਸਿੰਘ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਪੁਲੀਸ ਉਸ ਦੇ ਰਿਮਾਂਡ ਲਈ ਮੰਗ ਕਰੇਗੀ ਤਾਂ ਜੋ ਨਸ਼ਿਆਂ ਦੇ ਇਸ ਕਾਰੋਬਾਰ ਵਿੱਚ ਸ਼ਾਮਲ ਉਸ ਦੇ ਹੋਰਨਾਂ ਸਾਥੀਆਂ ਬਾਰੇ ਵੀ ਅਹਿਮ ਜਾਣਕਾਰੀ ਜੁਟਾਈ ਜਾ ਸਕੇ।

Written By
The Punjab Wire