ਸ੍ਰੀ ਅਨੰਦਪੁਰ ਸਾਹਿਬ ਸਾਡੀ ਇਤਿਹਾਸਕ ਧਰਤੀ, ਅਸੀਂ ਇੱਥੇ ਕਈ ਜੰਗਾਂ ਲੜੀਆਂ ਅਤੇ ਜਿੱਤੀਆਂ, ਇਸ ਵਾਰ ਵੀ ਅਸੀਂ ਤਾਨਾਸ਼ਾਹੀ ਦੇ ਵਿਰੁੱਧ ਲੜ ਰਹੇ ਹਾਂ: ਭਗਵੰਤ ਮਾਨ
ਭਗਵੰਤ ਮਾਨ ਨੇ ਕਿਹਾ, ਸਿੰਚਾਈ ਲਈ ਨਹਿਰੀ ਪਾਣੀ ਦੇਣ ਨਾਲ ਹਰ ਸਾਲ 7000 ਕਰੋੜ ਰੁਪਏ ਦੀ ਹੋਵੇਗੀ ਬਿਜਲੀ ਬੱਚਤ, ਤੁਹਾਡੀ ਸਰਕਾਰ ਜਲਦ ਹੀ ਔਰਤਾਂ ਨੂੰ 1,000 ਰੁਪਏ ਪ੍ਰਤੀ ਮਹੀਨਾ ਵਾਲੀ ਗਾਰੰਟੀ ਕਰੇਗੀ ਪੂਰੀ
ਸਿਰਫ ਦੋ ਸਾਲਾਂ ‘ਚ ਹੀ ਵਿਰੋਧੀ ਪਾਰਟੀਆਂ ਦੀ ਹਾਲ ਦੇਖ ਲਵੋ, ਉਨ੍ਹਾਂ ਲਈ ਇੱਥੇ ਕੁਝ ਨਹੀਂ ਬਚਿਆ, ਉਹ ਫਿਰ ਤੋਂ ਬੁਰੀ ਤਰ੍ਹਾਂ ਹਾਰਨਗੇ: ਭਗਵੰਤ ਮਾਨ
ਮਾਲਵਿੰਦਰ ਕੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਲੋਕਾਂ ਦੇ ਭਰਵੇਂ ਇਕੱਠ ਅਤੇ ਸਹਿਯੋਗ ਲਈ ਕੀਤਾ ਧੰਨਵਾਦ
ਚੰਡੀਗੜ੍ਹ/ਰੋਪੜ, 29 ਅਪ੍ਰੈਲ 2024 (ਦੀ ਪੰਜਾਬ ਵਾਇਰ)। ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਆਮ ਆਦਮੀ ਪਾਰਟੀ (ਆਪ) ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗ ਲਈ ਚੋਣ ਪ੍ਰਚਾਰ ਕਰਦਿਆਂ ਰੋਡ ਸ਼ੋਅ ਕੱਢਿਆ, ਜਿੱਥੇ ਭਾਰੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ‘ਆਮ ਆਦਮੀ ਪਾਰਟੀ ਜ਼ਿੰਦਾਬਾਦ’ ਅਤੇ ‘ਭਗਵੰਤ ਮਾਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ।
ਰੋਪੜ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਸਾਡੀ ਇਤਿਹਾਸਕ ਧਰਤੀ ਹੈ। ਸਾਡੇ ਖ਼ਾਲਸਾ ਪੰਥ ਦੀ ਸਥਾਪਨਾ ਇੱਥੇ ਹੀ ਹੋਈ ਸੀ ਅਤੇ ਸਾਡੇ ਗੁਰੂਆਂ ਨੇ ਇੱਥੇ ਕਈ ਜੰਗਾਂ ਲੜੀਆਂ ਅਤੇ ਜਿੱਤੀਆਂ ਵੀ । ਅੱਜ ਅਸੀਂ ਆਪਣੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਲੜ ਰਹੇ ਹਾਂ। ਸਾਨੂੰ ਤੁਹਾਡਾ ਲੋਕਾਂ ਦਾ ਸਮਰਥਨ ਹੈ, ਇਹ ਸਾਡੀ ਤਾਕਤ ਅਤੇ ਸਾਡਾ ਸਭ ਤੋਂ ਵੱਡਾ ਹਥਿਆਰ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਿਤਾ ਨੂੰ ‘ਹਿੰਦ ਦੀ ਚਾਦਰ’ ਵਜੋਂ ਦਿੱਲੀ ਭੇਜਿਆ ਅਤੇ ਇੱਕ ਅਜਿਹੇ ਧਰਮ ਦੀ ਮਦਦ ਕੀਤੀ, ਜੋ ਖ਼ਤਰੇ ਵਿੱਚ ਸੀ। ਅੱਜ ਸਾਡੀ ਆਜ਼ਾਦੀ ਅਤੇ ਵੋਟ ਦਾ ਅਧਿਕਾਰ ਖ਼ਤਰੇ ਵਿੱਚ ਹੈ। ਇਸ ਲਈ 13 ਲੋਕ-ਪੱਖੀ ਅਤੇ ਪੰਜਾਬ-ਪੱਖੀ ਆਵਾਜ਼ਾਂ ਨੂੰ ਪਾਰਲੀਮੈਂਟ ਵਿੱਚ ਭੇਜੋ।
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਨਫਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਕਰਦੀ ਹੈ, ਉਹ ਲੋਕਾਂ ਨੂੰ ਧਰਮ ਅਤੇ ਜਾਤ ਦੇ ਆਧਾਰ ‘ਤੇ ਵੰਡਣਾ ਚਾਹੁੰਦੀ ਹੈ, ਉਹ ਤਾਨਾਸ਼ਾਹ ਹਨ ਜੋ ਭਾਰਤ ‘ਚ ਇਕ ਪਾਰਟੀ ਪ੍ਰਣਾਲੀ ਚਾਹੁੰਦੇ ਹਨ। ਪਰ, ਅਸੀਂ ‘ਸਰਬੱਤ ਦੇ ਭਲੇ’ ਦੀ ਅਰਦਾਸ ਕਰਨ ਵਾਲੇ ਲੋਕ ਹਾਂ, ਅਸੀਂ ਸਭ ਦੇ ਹੱਕਾਂ ਦੀ ਰਾਖੀ ਕਰਦੇ ਹਾਂ। ਪੰਜਾਬ ਆਪਣੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਲਈ ਜਾਣਿਆ ਜਾਂਦਾ ਹੈ, ਅਸੀਂ ਆਪਣੇ ਗੁਰਪੁਰਬ, ਈਦ ਅਤੇ ਰਾਮ ਨਵਮੀ ਇਕੱਠੇ ਮਨਾਉਂਦੇ ਹਾਂ, ਇਸ ਲਈ ਅਸੀਂ ਇਨ੍ਹਾਂ ਲੋਕਾਂ ਨੂੰ ਹਰਾਉਣ ਜਾ ਰਹੇ ਹਾਂ ਜੋ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।
ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਸੋਚਦੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਖਤਮ ਕਰ ਦੇਣਗੇ, ਪਰ ਅਰਵਿੰਦ ਕੇਜਰੀਵਾਲ ਸਿਰਫ ਇਕ ਵਿਅਕਤੀ ਨਹੀਂ, ਉਹ ਇਕ ਵਿਚਾਰ ਹਨ, ਇਕ ਸੋਚ ਹਨ, ਜਿਸ ਨੂੰ ਉਹ (ਭਾਜਪਾ) ਰੋਕ ਨਹੀਂ ਸਕਣਗੇ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮ ਦੀ ਰਾਜਨੀਤੀ ਕਰਦੀ ਹੈ। ਅਸੀਂ ਧਰਮ, ਨਫ਼ਰਤ ਜਾਂ ਵੰਡ ਦੀ ਰਾਜਨੀਤੀ ਨਹੀਂ ਕਰਦੇ।
ਭਗਵੰਤ ਮਾਨ ਨੇ ਆਪਣੀ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਸਿਰਫ਼ 21 ਫ਼ੀਸਦੀ ਨਹਿਰੀ ਪਾਣੀ ਹੀ ਖੇਤਾਂ ਨੂੰ ਜਾਂਦਾ ਸੀ, ਪਰ ਇਸ ਵੇਲੇ 59 ਫ਼ੀਸਦੀ ਨਹਿਰੀ ਪਾਣੀ ਪੰਜਾਬ ਦੇ ਖੇਤਾਂ ਨੂੰ ਸਿੰਚਾਈ ਲਈ ਜਾ ਰਿਹਾ ਹੈ। ਅਕਤੂਬਰ ਮਹੀਨੇ ਵਿੱਚ 70% ਨਹਿਰੀ ਪਾਣੀ ਸਿੰਚਾਈ ਲਈ ਵਰਤਿਆ ਜਾਵੇਗਾ। ਮਾਨ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 6 ਲੱਖ ਟਿਊਬਵੈੱਲ ਬੰਦ ਹੋ ਜਾਣਗੇ ਕਿਉਂਕਿ ਕਿਸਾਨਾਂ ਨੂੰ ਨਹਿਰੀ ਪਾਣੀ ਮਿਲੇਗਾ। ਇਸ ਨਾਲ ਧਰਤੀ ਹੇਠਲੇ ਪਾਣੀ ਅਤੇ 6 ਤੋਂ 7 ਹਜਾਰ ਕਰੋੜ ਰੁਪਏ ਦੀ ਬਿਜਲੀ ਦੀ ਬੱਚਤ ਹੋਵੇਗੀ। ਇਹ ਪੈਸਾ ‘ਆਪ’ ਸਰਕਾਰ ਦੀ ਗਰੰਟੀ ਜੋ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਹੈ, ਨੂੰ ਪੂਰਾ ਕਰਨ ਲਈ ਵਰਤਿਆ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਉਹ ਪਹਿਲਾਂ ਵੀ ਸ਼੍ਰੀ ਫ਼ਤਿਹਗੜ੍ਹ ਸਾਹਿਬ, ਗੁਰਦਾਸਪੁਰ, ਖਡੂਰ ਸਾਹਿਬ, ਅੰਮ੍ਰਿਤਸਰ, ਫ਼ਰੀਦਕੋਟ, ਸੰਗਰੂਰ, ਜਲੰਧਰ ਅਤੇ ਲੁਧਿਆਣਾ ਜਾ ਚੁੱਕੇ ਹਨ ਅਤੇ ਹਰ ਥਾਂ ਉਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਦੇ ਲੋਕ ਇੱਕ ਵਾਰ ਫਿਰ ‘ਆਪ’ ਨੂੰ ਇਤਿਹਾਸਕ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ। ਇਸ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਪੰਜਾਬ ਵਿੱਚ 13-0 ਨਾਲ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹੱਕਾਂ ਲਈ ਲੜ ਰਹੇ ਹਨ, ਪਰ ਉਹ ਇਕੱਲੇ ਹਨ, ਉਹ ਭਾਜਪਾ ਦੇ ਖ਼ਿਲਾਫ਼, ਕੇਂਦਰ ਸਰਕਾਰ ਅਤੇ ਰਾਜਪਾਲ ਦੇ ਖ਼ਿਲਾਫ਼ ਲੜ ਰਹੇ ਹਨ, ਉਨ੍ਹਾਂ ਨੂੰ ਲੋਕਾਂ ਦੇ ਸਮਰਥਨ ਦੀ ਲੋੜ ਹੈ, ਇਸ ਲਈ ਉਨ੍ਹਾਂ ਨੂੰ 13 ਹੋਰ ਹੱਥ ਦਿਓ ਤਾਂ ਜੋ ਉਹ ਪੰਜਾਬ ਦੇ ਹੱਕਾਂ ਲਈ ਸੰਸਦ ਵਿੱਚ ਜ਼ੋਰਦਾਰ ਆਵਾਜ਼ ਉਠਾਉਣ। ਉਨ੍ਹਾਂ ਕਿਹਾ ਕਿ ਦੋ ਸਾਲਾਂ ਵਿੱਚ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੀ ਹਾਲਤ ਐਨੀ ਖ਼ਰਾਬ ਹੋ ਗਈ ਹੈ ਕਿ ਕੋਈ ਇਨ੍ਹਾਂ ਦੀਆਂ ਟਿਕਟਾਂ ’ਤੇ ਚੋਣ ਲੜਨ ਨੂੰ ਵੀ ਤਿਆਰ ਨਹੀਂ ਹੋ ਰਿਹਾ। ਮਾਨ ਨੇ ਕਿਹਾ ਕਿ ਅਗਲੇ ਦੋ ਸਾਲਾਂ ਬਾਅਦ ਪੰਜਾਬ ਵਿੱਚੋਂ ਇਹ ਪਾਰਟੀਆਂ ਅਤੇ ਸਿਆਸਤਦਾਨ ਪੂਰੀ ਤਰ੍ਹਾਂ ਖਤਮ ਹੋ ਜਾਣਗੇ।
ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ‘ਆਪ’ ਉਮੀਦਵਾਰ ਮਲਵਿੰਦਰ ਸਿੰਘ ਕੰਗ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਭਾਰੀ ਵੋਟਾਂ ਨਾਲ ਜਿਤਾ ਕੇ ਸੰਸਦ ਵਿੱਚ ਭੇਜਣ। ਇਸ ਮੌਕੇ ਮਲਵਿੰਦਰ ਸਿੰਘ ਕੰਗ ਨੇ ਸੀ.ਐਮ. ਮਾਨ ਅਤੇ ਇਕੱਠੀ ਹੋਈ ਸੰਗਤ ਦਾ ਭਰਪੂਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਰੋਡ ਸ਼ੋਅ ਦੌਰਾਨ ਹਲਕਾ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ, ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਅਨਮੋਲ ਗਗਨ ਮਾਨ ਵੀ ਮੌਜੂਦ ਸਨ।