ਚੰਡੀਗੜ੍ਹ, 18 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਾਰ ਪਾਸ ਪ੍ਰਤੀਸ਼ਤਤਾ 97.24 ਫੀਸਦੀ ਰਹੀ। ਇਸ ਵਾਰ ਵੀ ਪ੍ਰੀਖਿਆ ਦੇ ਨਤੀਜਿਆਂ ਵਿੱਚ ਕੁੜੀਆਂ ਨੇ ਹੀ ਜਿੱਤ ਹਾਸਲ ਕੀਤੀ ਹੈ।
ਲੜਕੀਆਂ ਪਹਿਲੇ ਤਿੰਨ ਸਥਾਨਾਂ ‘ਤੇ ਰਹੀਆਂ ਹਨ। ਲੁਧਿਆਣਾ ਦੇ ਸਕੂਲ ਸ਼ਿਮਲਾਪੁਰੀ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੀ ਅਦਿਤੀ ਨੇ ਟਾਪ ਕੀਤਾ ਹੈ। ਇਸੇ ਸਕੂਲ ਦੀ ਅਲੀਸ਼ਾ ਸ਼ਰਮਾ ਦੂਜੇ ਸਥਾਨ ’ਤੇ ਰਹੀ। ਬਾਬਾ ਬਕਾਲਾ ਦੀ ਕਰਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ। ਇਸ ਵਾਰ ਵੀ ਨਤੀਜਿਆਂ ਵਿੱਚ ਕੁੜੀਆਂ ਨੇ ਜਿੱਤ ਹਾਸਲ ਕੀਤੀ ਹੈ।
ਇਸ ਵਾਰ 98.11 ਫੀਸਦੀ ਕੁੜੀਆਂ ਨੇ 10ਵੀਂ ਜਮਾਤ ਪਾਸ ਕੀਤੀ ਹੈ। ਜਦੋਂ ਕਿ ਲੜਕਿਆਂ ਦੀ ਪਾਸ ਪ੍ਰਤੀਸ਼ਤਤਾ 96.47 ਰਹੀ। ਪੇਂਡੂ ਖੇਤਰ ਦੇ ਸਕੂਲਾਂ ਦਾ ਨਤੀਜਾ 97.58 ਫੀਸਦੀ ਰਿਹਾ। ਇਹ ਸ਼ਹਿਰੀ ਖੇਤਰ ਦੇ 96.60 ਪ੍ਰਤੀਸ਼ਤ ਤੋਂ ਵੱਧ ਹੈ। ਪਿਛਲੇ ਸਾਲ 10ਵੀਂ ਜਮਾਤ ਦਾ ਨਤੀਜਾ 97.54 ਫੀਸਦੀ ਰਿਹਾ ਸੀ।
ਪੰਜਾਬ ਬੋਰਡ ਨੇ 13 ਫਰਵਰੀ ਤੋਂ 5 ਮਾਰਚ ਤੱਕ 10ਵੀਂ ਜਮਾਤ ਦੀ ਪ੍ਰੀਖਿਆ ਲਈ ਸੀ। ਇਸ ਪ੍ਰੀਖਿਆ ਵਿੱਚ ਕਰੀਬ ਤਿੰਨ ਲੱਖ ਵਿਦਿਆਰਥੀਆਂ ਨੇ ਭਾਗ ਲਿਆ ਸੀ। ਬੋਰਡ ਵੱਲੋਂ ਰਾਜ ਦੀ ਪਾਸ ਪ੍ਰਤੀਸ਼ਤਤਾ ਅਤੇ ਮੈਰਿਟ ਸੂਚੀ ਜਾਰੀ ਕਰ ਦਿੱਤੀ ਗਈ ਹੈ। ਵਿਦਿਆਰਥੀ ਆਪਣੀ ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਸਵੇਰੇ ਹੀ ਦੇਖ ਸਕਣਗੇ।
ਬੋਰਡ ਮੁਤਾਬਕ ਇਸ ਦੇ ਲਈ ਵਿਦਿਆਰਥੀਆਂ ਨੂੰ www.pseb.ac.in ‘ਤੇ ਲਾਗਇਨ ਕਰਨਾ ਹੋਵੇਗਾ। ਇਸ ਸਬੰਧੀ ਬੋਰਡ ਦੇ ਸਕੱਤਰ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਨਤੀਜੇ ਜਾਰੀ ਕਰ ਦਿੱਤੇ ਗਏ ਹਨ। PSEB ਨੇ ਅੱਜ ਨਤੀਜੇ ਐਲਾਨ ਦਿੱਤੇ ਹਨ। ਡੀਐਮਸੀ ਨੂੰ ਲਗਭਗ ਇੱਕ ਹਫ਼ਤੇ ਬਾਅਦ ਡਿਜੀਲੌਕਰ ‘ਤੇ ਉਪਲਬਧ ਕਰਾਇਆ ਜਾਵੇਗਾ।