ਗੁਰਦਾਸਪੁਰ ਪੰਜਾਬ

ਗੁਰਦਾਸਪੁਰ ਅੰਦਰ ਹੋਇਆ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਵਿਰੋਧ

ਗੁਰਦਾਸਪੁਰ ਅੰਦਰ ਹੋਇਆ ਭਾਜਪਾ ਉਮੀਦਵਾਰ ਦਿਨੇਸ਼ ਬੱਬੂ ਦਾ ਵਿਰੋਧ
  • PublishedApril 13, 2024

ਭਾਰਤੀ ਕਿਸਾਨ ਯੂਨੀਅਨ ਨੇ ਕਾਲੀਆਂ ਝੰਡੀਆਂ ਦਿਖਾ ਕੇ ਕੀਤਾ ਪ੍ਰਦਰਸ਼ਨ

ਗੁਰਦਾਸਪੁਰ, 13 ਅਪ੍ਰੈਲ 2024 (ਦੀ ਪੰਜਾਬ ਵਾਇਰ)। ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਦਿਨੇਸ਼ ਬੱਬੂ ਨੂੰ ਅੱਜ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਹ ਵਿਰੋਧ ਦੀਨਾਨਗਰ ਹਲਕੇ ਅਧੀਨ ਪੈਂਦੇ ਗਹਿਲੜੀ ਅੱਡਾ ਹੋਇਆ। ਜਿੱਥੇ ਪੁੱਜੇ ਦਿਨੇਸ਼ ਬੱਬੂ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂਆਂ ਨੇ ਕਾਲੇ ਝੰਡੇ ਦਿਖਾ ਕੇ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰ ਜਾਹਿਰ ਕੀਤਾ। ਕਿਸਾਨ ਵੱਲੋਂ ਦਿਨੇਸ਼ ਬੱਬੂ ਦੀ ਗੱਡੀ ਵੀ ਕੁਝ ਸਮੇਂ ਲਈ ਰੋਕੀ ਗਈ।

ਵਰਨਣਯੋਗ ਹੈ ਕਿ ਇੱਕ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਉਮੀਦਵਾਰ ਚੋਣ ਪ੍ਰਚਾਰ ਲਈ ਆਪਣੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਆਪਣੇ ਵਰਕਰਾਂ ਨਾਲ ਮੀਟਿੰਗਾਂ ਕਰ ਰਹੇ ਹਨ। ਦੂਜੇ ਪਾਸੇ ਕਿਸਾਨਾਂ ਵਿੱਚ ਭਾਜਪਾ ਖ਼ਿਲਾਫ਼ ਗੁੱਸੇ ਕਾਰਨ ਕਿਸਾਨ ਭਾਜਪਾ ਉਮੀਦਵਾਰਾਂ ਨੂੰ ਕਾਲੇ ਝੰਡੇ ਦਿਖਾ ਕੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।

ਇਸ ਮੌਕੇ ਕਿਸਾਨਾਂ ਨੇ ਉਨ੍ਹਾਂ ਦੇ ਕਾਫ਼ਲੇ ਨੂੰ ਰੋਕ ਕੇ ਭਾਜਪਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਭਾਜਪਾ ਨੂੰ ਵੋਟ ਨਾ ਪਾਉਣ ਦੀ ਗੱਲ ਕਹੀ। ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਦੇ ਦਖਲ ਤੋਂ ਬਾਅਦ ਕਾਫਲਾ ਅੱਗੇ ਵਧਿਆ। ਦੂਜੇ ਪਾਸੇ ਇਸ ਸਬੰਧੀ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਗੁਰਵਿੰਦਰ ਸਿੰਘ ਜੀਵਨਚੱਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਜੇਕਰ ਭਾਜਪਾ ਉਮੀਦਵਾਰ ਵੋਟਾਂ ਲੈਣ ਲਈ ਪਿੰਡਾਂ ਵਿੱਚ ਆਇਆ ਤਾਂ ਲਗਾਤਾਰ ਵਿਰੋਧ ਕੀਤਾ ਜਾਵੇਗਾ।

Written By
The Punjab Wire