ਪੰਜਾਬ ਮੁੱਖ ਖ਼ਬਰ

ਸੋਸ਼ਲ ਮੀਡੀਆ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਰਾਸ਼ਟਰੀ ਪੱਧਰ ‘ਤੇ ਦੂਜਾ ਸਥਾਨ: ਸਿਬਿਨ ਸੀ

ਸੋਸ਼ਲ ਮੀਡੀਆ ਉੱਤੇ ਜਾਣਕਾਰੀਆਂ ਸਾਂਝੀਆਂ ਕਰਨ ਵਿੱਚ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਨੂੰ ਰਾਸ਼ਟਰੀ ਪੱਧਰ ‘ਤੇ ਦੂਜਾ ਸਥਾਨ: ਸਿਬਿਨ ਸੀ
  • PublishedApril 12, 2024

ਚੋਣਾਂ ਸਬੰਧੀ ਵੱਖ-ਵੱਖ ਪਹਿਲੂਆਂ ਨੂੰ ਲੋਕਾਂ ਤੱਕ ਆਸਾਨ ਭਾਸ਼ਾ ਵਿੱਚ ਪੁੱਜਦਾ ਕਰਨ ਲਈ ਪੋਡਕਾਸਟ ਦੀ ਵੀ ਸ਼ੁਰੂਆਤ

ਚੰਡੀਗੜ੍ਹ, 12 ਅਪ੍ਰੈਲ 2024 (ਦੀ ਪੰਜਾਬ ਵਾਇਰ)। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਰਗਰਮ ਭੂਮਿਕਾ ਨਿਭਾਉਣ ਅਤੇ ਵੋਟਰਾਂ ਨੂੰ ਮਹੱਤਵਪੂਰਨ ਜਾਣਕਾਰੀਆਂ ਦੇ ਪ੍ਰਭਾਵਸ਼ਾਲੀ ਪ੍ਰਸਾਰ ਲਈ ਦੇਸ਼ ਭਰ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਇੰਡੈਕਸ ਮਾਪਦੰਡਾਂ ਦੇ ਆਧਾਰ ‘ਤੇ ਪੰਜਾਬ ਦੂਜੇ ਸਥਾਨ ‘ਤੇ ਹੈ, ਜਦਕਿ ਮਹਾਰਾਸ਼ਟਰ ਪਹਿਲੇ, ਕਰਨਾਟਕ ਤੀਜੇ, ਉੱਤਰਾਖੰਡ ਚੌਥੇ ਅਤੇ ਉੱਤਰ ਪ੍ਰਦੇਸ਼ ਪੰਜਵੇਂ ਸਥਾਨ ‘ਤੇ ਹੈ।

ਸਿਬਿਨ ਸੀ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਦੇ ਸੋਸ਼ਲ ਮੀਡੀਆ ਹੈਂਡਲਾਂ (ਫੇਸਬੁੱਕ, ਇੰਸਟਾਗ੍ਰਾਮ, ਐਕਸ ਅਤੇ ਯੂਟਿਊਬ) ਉੱਤੇ ਲੋਕ ਸਭਾ ਚੋਣਾਂ 2024, ਚੋਣਾਂ ਨਾਲ ਸਬੰਧਤ ਵੇਰਵਿਆਂ, ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ਾਂ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਮੁੱਖ ਹਦਾਇਤਾਂ ਸਬੰਧੀ ਮਹੱਤਵਪੂਰਨ ਜਾਣਕਾਰੀਆਂ ਨੂੰ ਲਗਾਤਾਰ ਅਪਡੇਟ ਕੀਤਾ ਜਾਂਦਾ ਹੈ ਅਤੇ ਲੱਖਾਂ ਸੋਸ਼ਲ ਮੀਡੀਆ ਵਰਤੋਂਕਾਰ ਇਸ ਤੋਂ ਲਾਭ ਉਠਾਉਂਦੇ ਹਨ। ਇਸ ਤੋਂ ਇਲਾਵਾ, ਸੀ-ਵਿਜਿਲ ਐਪਲੀਕੇਸ਼ਨ ਦੁਆਰਾ ਪ੍ਰਾਪਤ ਸ਼ਿਕਾਇਤਾਂ ਦੀ ਸਥਿਤੀ ਬਾਰੇ ਸਮੇਂ-ਸਮੇਂ ਉੱਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ਉੱਤੇ ਅੱਪਡੇਟ ਸਾਂਝੇ ਕੀਤੇ ਜਾਂਦੇ ਹਨ।

ਮੁੱਖ ਚੋਣ ਅਧਿਕਾਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਨੇ ਇਕ ਨਿਵੇਕਲੀ ਪਹਿਲਕਦਮੀ ਤਹਿਤ ਵੋਟਰਾਂ ਨੂੰ ਚੋਣ ਪ੍ਰਕਿਰਿਆਵਾਂ ਬਾਰੇ ਜ਼ਰੂਰੀ ਜਾਣਕਾਰੀਆਂ ਪ੍ਰਦਾਨ ਕਰਨ ਲਈ ਨਿਯਮਤ ਪੋਡਕਾਸਟ ਸ਼ੁਰੂ ਕੀਤਾ ਹੈ। ਇਸ ਨੂੰ ਸ਼ੁਰੂ ਕਰਨ ਦਾ ਮਕਸਦ ਚੋਣ ਪ੍ਰਕਿਰਿਆਵਾਂ ਦੇ ਮੁੱਖ ਪਹਿਲੂਆਂ, ਜਿਵੇਂ ਕਿ ਵੋਟਰ ਰਜਿਸਟ੍ਰੇਸ਼ਨ, ਵੋਟਿੰਗ ਪ੍ਰਕਿਰਿਆਵਾਂ ਅਤੇ ਨਾਗਰਿਕਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਦੀ ਮਹੱਤਤਾ ਉੱਤੇ ਚਾਨਣਾ ਪਾਉਣਾ ਹੈ ਤਾਂ ਜੋ ਵੋਟਰ ਜਾਗਰੂਕਤਾ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਵਧਾਇਆ ਜਾ ਸਕੇ। ਉਨ੍ਹਾਂ ਅੱਗੇ ਦੱਸਿਆ ਕਿ ਦਰਸ਼ਕਾਂ ਨੂੰ ਇਸ ਪੋਡਕਾਸਟ ਰਾਹੀਂ ਮਾਹਰ ਵਿਸ਼ਲੇਸ਼ਣ ਅਤੇ ਵਿਚਾਰ-ਵਟਾਂਦਰੇ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਉਹ ਇਸ ਲੋਕਤੰਤਰੀ ਪ੍ਰਕਿਰਿਆ ਵਿੱਚ ਇਕ ਜਾਗਰੂਕ ਵੋਟਰ ਬਣ ਕੇ ਆਪਣੀ ਵੋਟ ਦਾ ਸਹੀ ਇਸਤਮਾਲ ਕਰ ਸਕਣ।

Written By
The Punjab Wire