ਨਵੀਂ ਦਿੱਲੀ, 10 ਅਪ੍ਰੈਲ 2024 (ਦੀ ਪੰਜਾਬ ਵਾਇਰ)। ਦਿੱਲੀ ਸਰਕਾਰ ਵਿੱਚ ਸਮਾਜ ਕਲਿਆਣ ਮੰਤਰੀ ਰਾਜਕੁਮਾਰ ਆਨੰਦ ਨੇ ਬੁੱਧਵਾਰ ਨੂੰ ਮੰਤਰੀ ਅਹੁਦੇ ਅਤੇ ਆਮ ਆਦਮੀ ਪਾਰਟੀ (ਆਪ) ਤੋਂ ਅਸਤੀਫਾ ਦੇ ਦਿੱਤਾ ਹੈ। ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਕਿਹਾ, ‘ਮੈਨੂੰ ਕਿਤੇ ਵੀ ਆਫਰ ਨਹੀਂ ਆਇਆ।’
ਉਸ ਨੇ ਕਿਹਾ, ‘ਮੈਂ ਅੱਜ ਬਹੁਤ ਦੁਖੀ ਹਾਂ। ਰਾਜਨੀਤੀ ਬਦਲੇਗੀ ਤਾਂ ਦੇਸ਼ ਬਦਲੇਗਾ। ਆਮ ਆਦਮੀ ਪਾਰਟੀ ਦਾ ਜਨਮ ਭ੍ਰਿਸ਼ਟਾਚਾਰ ਵਿਰੁੱਧ ਅੰਦੋਲਨ ਵਿੱਚੋਂ ਹੋਇਆ ਹੈ। ਅੱਜ ਇਹ ਪਾਰਟੀ ਖੁਦ ਭ੍ਰਿਸ਼ਟਾਚਾਰ ਦੀ ਦਲਦਲ ਵਿੱਚ ਫਸੀ ਹੋਈ ਹੈ। ਇਸ ਸਰਕਾਰ ਵਿੱਚ ਮੰਤਰੀ ਵਜੋਂ ਕੰਮ ਕਰਨਾ ਮੇਰੇ ਲਈ ਅਸਹਿਜ ਹੋ ਗਿਆ ਹੈ। ਇਸ ਲਈ ਮੈਂ ਮੰਤਰੀ ਅਹੁਦੇ ਅਤੇ ਪਾਰਟੀ ਤੋਂ ਅਸਤੀਫਾ ਦੇ ਰਿਹਾ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮੇਰਾ ਨਾਂ ਇਨ੍ਹਾਂ ਭ੍ਰਿਸ਼ਟਾਚਾਰੀਆਂ ਨਾਲ ਜੁੜਿਆ ਹੋਵੇ।
ਰਾਜਕੁਮਾਰ ਨੇ ਕਿਹਾ ਕਿ ‘ਆਪ’ ਵਿੱਚ ਦਲਿਤ ਵਿਧਾਇਕਾਂ ਜਾਂ ਕੌਂਸਲਰਾਂ ਦਾ ਕੋਈ ਸਨਮਾਨ ਨਹੀਂ ਹੈ। ਦਲਿਤਾਂ ਨੂੰ ਅਹਿਮ ਅਹੁਦਿਆਂ ‘ਤੇ ਥਾਂ ਨਹੀਂ ਦਿੱਤੀ ਜਾਂਦੀ। ਮੈਂ ਬਾਬਾ ਸਾਹਿਬ ਅੰਬੇਡਕਰ ਦੇ ਸਿਧਾਂਤਾਂ ‘ਤੇ ਚੱਲਣ ਵਾਲਾ ਵਿਅਕਤੀ ਹਾਂ। ਜੇਕਰ ਤੁਸੀਂ ਦਲਿਤਾਂ ਲਈ ਕੰਮ ਨਹੀਂ ਕਰ ਸਕਦੇ ਤਾਂ ਪਾਰਟੀ ਵਿੱਚ ਰਹਿਣ ਦਾ ਕੋਈ ਮਤਲਬ ਨਹੀਂ ਹੈ।
ਇੱਥੇ ਦੱਸਣਯੋਗ ਹੈ ਕਿ ਪਿਛਲੇ ਸਾਲ ਨਵੰਬਰ ‘ਚ ਈਡੀ ਨੇ ਕਸਟਮ ਮਾਮਲੇ ‘ਚ ਰਾਜਕੁਮਾਰ ਆਨੰਦ ਦੇ ਘਰ 22 ਘੰਟੇ ਤੱਕ ਛਾਪੇਮਾਰੀ ਕੀਤੀ ਸੀ। ਉਸ ਦੌਰਾਨ ਰਾਜਕੁਮਾਰ ਨੇ ਕਿਹਾ ਸੀ, ‘ਉਹ ਸਾਨੂੰ ਪਰੇਸ਼ਾਨ ਕਰਨ ਆਏ ਸਨ। ਪੂਰੇ ਘਰ ਦੀ ਤਲਾਸ਼ੀ ਲਈ, ਜਿਸ ‘ਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।
ਆਨੰਦ ਨੇ ਕਿਹਾ ਸੀ, ‘ਇਸ ਦੇਸ਼ ‘ਚ ਸੱਚ ਬੋਲਣਾ, ਦਲਿਤਾਂ ਦੀ ਰਾਜਨੀਤੀ ਕਰਨਾ, ਕੰਮ ਦੀ ਰਾਜਨੀਤੀ ਕਰਨਾ ਅਪਰਾਧ ਬਣ ਗਿਆ ਹੈ। ਈਡੀ ਜਿਸ ਕਸਟਮ ਕੇਸ ਦੀ ਗੱਲ ਕਰ ਰਹੀ ਹੈ, ਉਹ 20 ਸਾਲ ਪੁਰਾਣਾ ਹੈ ਅਤੇ ਇੱਥੋਂ ਤੱਕ ਕਿ ਸੁਪਰੀਮ ਕੋਰਟ ਨੇ ਵੀ ਇਸ ਦਾ ਫੈਸਲਾ ਕੀਤਾ ਹੈ।