ਨਵੀਂ ਦਿੱਲੀ, 8 ਅਪਰੈਲ 2024 (ਦੀ ਪੰਜਾਬ ਵਾਇਰ)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਲੋਕ ਸਭਾ ਚੋਣਾਂ ਲਈ ਉਨ੍ਹਾਂ ਦੀ ਪਾਰਟੀ ਦਾ ਮੈਨੀਫੈਸਟੋ ਨੂੰ ਕਈ ਲੋਕਾਂ ਨੇ ‘ਕ੍ਰਾਂਤੀਕਾਰੀ’ ਦੱਸਿਆ ਹੈ ਅਤੇ ਉਨ੍ਹਾਂ ਲੋਕਾਂ ਨੂੰ ਮੈਨੀਫੈਸਟੋ ਬਾਰੇ ਸੋਸ਼ਲ ਮੀਡੀਆ ਰਾਹੀਂ ਆਪਣੀ ਪ੍ਰਤੀਕਿਰਿਆ ਸਾਂਝੀ ਕਰਨ ਦਾ ਸੱਦਾ ਦਿੱਤਾ ਹੈ।
ਰਾਹੁਲ ਗਾਂਧੀ ਨੇ ਸਵੇਰੇ ਤਕਰੀਬਨ 10 ਵਜੇ ਵੀਡੀਓ ਸਾਂਝੀ ਕਰਦਿਆਂ ਇੱਕ ਪੋਸਟ ’ਚ ਕਿਹਾ, ‘ਮੈਂ ਇਹ ਵੀਡੀਓ ਲੰਘੀ ਰਾਤ 12.30 ਵਜੇ ਬਣਾਈ ਸੀ ਪਰ ਮੇਰੀ ਟੀਮ ਨੇ ਸੋਚਿਆ ਕਿ ਦੇਰ ਰਾਤ ਹੋਣ ਕਾਰਨ ਇਸ ਨੂੰ ਅਜੇ ਸਾਂਝਾ ਨਾ ਕੀਤਾ ਜਾਵੇ। ਇਸ ਲਈ ਇਹ ਵੀਡੀਓ ਮੈਂ ਹੁਣ ਸਾਂਝੀ ਕਰ ਰਿਹਾ ਹਾਂ ਕਿਉਂਕਿ ਸੁਨੇਹਾ ਢੁੱਕਵਾਂ ਹੈ।’ ਉਨ੍ਹਾਂ ਕਿਹਾ, ‘ਕਾਂਗਰਸ ਦਾ ਮੈਨੀਫੈਸਟੋ ਹਰ ਭਾਰਤੀ ਦੀ ਆਵਾਜ਼ ਹੈ। ਆਪਣੇ ਵਿਚਾਰ ਸੋਸ਼ਲ ਮੀਡੀਆ ’ਤੇ ਸਾਂਝੇ ਕਰੋ।’ ਗਾਂਧੀ ਨੇ ਕਿਹਾ ਕਿ ਉਨ੍ਹਾਂ ਤਿਲੰਗਾਨਾ ’ਚ ਰੈਲੀ ਤੋਂ ਵਾਪਸ ਆਉਣ ਮਗਰੋਂ ਇਹ ਵੀਡੀਓ ਬਣਾਈ ਹੈ। ਕਾਂਗਰਸ ਆਗੂ ਨੇ ਕਿਹਾ ਕਿ ਕਈ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਹ ਇਕ ‘ਕ੍ਰਾਂਤੀਕਾਰੀ’ ਮੈਨੀਫੈਸਟੋ ਹੈ। ਰਾਹੁਲ ਨੇ ਲੋਕਾਂ ਦਾ ਉਨ੍ਹਾਂ ਦੇ ਸੁਝਾਵਾਂ ਲਈ ਧੰਨਵਾਦ ਕੀਤਾ ਜਿਸ ਨਾਲ ਮੈਨੀਫੈਸਟੋ ਨੂੰ ਆਕਾਰ ਦੇਣ ਵਿੱਚ ਮਦਦ ਮਿਲੀ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਜਨਤਾ ਨੂੰ ਮੈਨੀਫੈਸਟੋ ਬਾਰੇ ਆਪਣੀ ਪ੍ਰਤੀਕਿਰਿਆ ਸਾਂਝੀ ਕਰਨ ਅਤੇ ਉਨ੍ਹਾਂ ਨੂੰ ਇਹ ਦੱਸਣ ਲਈ ਕਿਹਾ ਕਿ ਉਨ੍ਹਾਂ ਨੂੰ ਇਸ ਵਿੱਚ ਕੀ ਪਸੰਦ ਆਇਆ ਤੇ ਕੀ ਨਹੀਂ। -ਪੀਟੀਆਈ