ਗੁਰਦਾਸਪੁਰ

ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਚੋਣ/ਪੋਲਿੰਗ ਡਿਊਟੀ ਨੂੰ ਕੱਟਿਆ ਨਹੀਂ ਜਾਵੇਗਾ – ਜ਼ਿਲ੍ਹਾ ਚੋਣ ਅਧਿਕਾਰੀ

ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਚੋਣ/ਪੋਲਿੰਗ ਡਿਊਟੀ ਨੂੰ ਕੱਟਿਆ ਨਹੀਂ ਜਾਵੇਗਾ – ਜ਼ਿਲ੍ਹਾ ਚੋਣ ਅਧਿਕਾਰੀ
  • PublishedMarch 19, 2024

ਏ.ਡੀ.ਸੀ, ਸਿਵਲ ਸਰਜਨ ਅਤੇ ਡੀ.ਈ.ਓ. ਦੀ ਤਿੰਨ ਮੈਂਬਰੀ ਕਮੇਟੀ ਵੱਲੋਂ ਕੇਵਲ ਠੋਸ ਕਾਰਨ ਹੋਣ ‘ਤੇ ਹੀ ਚੋਣ ਡਿਊਟੀ ਤੋਂ ਛੋਟ ਦੇਣ ਦੀ ਕੀਤੀ ਜਾਵੇਗੀ ਸਿਫ਼ਾਰਸ਼

ਗੁਰਦਾਸਪੁਰ, 19 ਮਾਰਚ 2024 (ਦੀ ਪੰਜਾਬ ਵਾਇਰ)। ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿਹੜੇ ਵੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਚੋਣ ਡਿਊਟੀ ਲਗਾਈ ਗਈ ਹੈ ਜਾਂ ਭਵਿੱਖ ਵਿੱਚ ਲਗਾਈ ਜਾਵੇਗੀ ਉਸ ਡਿਊਟੀ ਨੂੰ ਕੱਟਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਕੇਵਲ ਅਜਿਹੇ ਅਧਿਕਾਰੀ, ਕਰਮਚਾਰੀ ਜੋ ਕੁਝ ਕਾਰਨਾਂ (ਬਿਮਾਰੀ, ਗਰਭਵਤੀ, ਪ੍ਰਸੂਤਾ ਛੁੱਟੀ, ਮੈਡੀਕਲ ਛੁੱਟੀ ਜਾਂ ਨਾ-ਟਾਲਣਯੋਗ ਜ਼ਰੂਰੀ ਕੰਮ ਆਦਿ ਕਰਕੇ ਚੋਣ/ਪੋਲਿੰਗ ਡਿਊਟੀ ਕਰਨ ਤੋਂ ਅਸਮਰਥ ਹਨ, ਉਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੋਣ/ਪੋਲਿੰਗ ਡਿਊਟੀ ਤੋਂ ਛੋਟ ਦੇਣ ਲਈ ਜ਼ਿਲ੍ਹਾ ਪੱਧਰ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ, ਸਿਵਲ ਸਰਜਨ, ਗੁਰਦਾਸਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ) ਗੁਰਦਾਸਪੁਰ ਦੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੇ ਅਧਿਕਾਰੀਆਂ ਵੱਲੋਂ ਚੋਣ/ਪੋਲਿੰਗ ਡਿਊਟੀ ਤੋਂ ਛੋਟ ਦੇਣ ਸਬੰਧੀ ਦਸਤਾਵੇਜ਼ ਆਦਿ ਵੇਖਕੇ ਜੋ ਫ਼ੈਸਲਾ ਲਿਆ ਜਾਵੇਗਾ ਉਸ ਅਨੁਸਾਰ ਹੀ ਸਬੰਧਿਤ ਅਧਿਕਾਰੀ/ਕਰਮਚਾਰੀ ਨੂੰ ਚੋਣ/ਪੋਲਿੰਗ ਡਿਊਟੀ ਤੋਂ ਛੋਟ ਦਿੱਤੀ ਜਾ ਸਕਦੀ ਹੈ। ਇਸਦੇ ਨਾਲ ਹੀ ਜੋ ਅਧਿਕਾਰੀ/ਕਰਮਚਾਰੀ ਇਹਨਾਂ ਕਾਰਨਾਂ ਤੋਂ ਇਲਾਵਾ ਛੁੱਟੀ ਅਪਲਾਈ ਕਰਦੇ ਹਨ, ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Written By
The Punjab Wire