ਚੰਡੀਗੜ੍ਹ, 19 ਮਾਰਚ 2024 (ਦੀ ਪੰਜਾਬ ਵਾਇਰ)। ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕ੍ਰਿਕਟ ਵਿੱਚ ਵਾਪਸੀ ਕਰਨ ਜਾ ਰਹੇ ਹਨ। ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ‘ਚ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਇਹ ਜਾਣਕਾਰੀ ਸਟਾਰ ਸਪੋਰਟਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਪਾ ਕੇ ਦਿੱਤੀ ਹੈ। ਇਸ ਵਿੱਚ ਲਿਖਿਆ ਹੈ “ਸਰਦਾਰ ਆਫ਼ ਕਮੈਂਟਰੀ ਬਾਕਸ ਵਾਪਸ ਆ ਗਿਆ ਹੈ”। ਸਿੱਧੂ ਨੇ ਇਹ ਟਵੀਟ ਵੀ ਸਾਂਝਾ ਕੀਤਾ ਹੈ।
22 ਮਾਰਚ ਨੂੰ ਹੋਣ ਵਾਲੇ IPL ਦੇ ਪਹਿਲੇ ਮੈਚ ‘ਚ ਸਿੱਧੂ ਕੁਮੈਂਟਰੀ ਕਰਦੇ ਨਜ਼ਰ ਆਉਣਗੇ। ਸਿੱਧੂ ਸ਼ੁੱਕਰਵਾਰ ਨੂੰ ਪੰਜਾਬ ਦੇ ਰਾਜਪਾਲ ਬੀਐੱਲ ਪੁਰੋਹਿਤ ਨੂੰ ਮਿਲਣ ਲਈ ਚੰਡੀਗੜ੍ਹ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਮੀਡੀਆ ਦੇ ਸਵਾਲ ਦੇ ਜਵਾਬ ‘ਚ ਕਿਹਾ ਸੀ ਕਿ ਉਹ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ।
ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਕ੍ਰਿਕਟ ਕੁਮੈਂਟਰੀ ਛੱਡਣ ਕਾਰਨ ਉਨ੍ਹਾਂ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਫਿਰ ਵੀ ਉਨ੍ਹਾਂ ਕਿਹਾ ਕਿ ਔਖੇ ਸਮੇਂ ਵਿੱਚ ਕਿਰਦਾਰ ਸਾਹਮਣੇ ਆਉਂਦਾ ਹੈ।