ਸੀ.ਆਈ.ਐਸ.ਐਫ. ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ
ਚੰਡੀਗੜ੍ਹ, 16 ਮਾਰਚ 2024 (ਦੀ ਪੰਜਾਬ ਵਾਇਰ)। ਸੀਨੀਅਰ ਕਮਾਂਡੈਂਟ, ਸੀਆਈਐਸਐਫ ਯੂਨਿਟ, ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ ਸ਼੍ਰੀ ਯੋਗੇਸ਼ ਪ੍ਰਕਾਸ਼ ਸਿੰਘ ਵੱਲੋਂ ਮਹਾਤਮਾ ਗਾਂਧੀ ਮੈਡੀਕਲ ਕਾਲਜ ਅਤੇ ਹਸਪਤਾਲ, ਜੈਪੁਰ ਵਿਖੇ ਐਚ.ਪੀ.ਬੀ. ਅਤੇ ਲਿਵਰ ਟ੍ਰਾਂਸਪਲਾਂਟੇਸ਼ਨ ਸਰਜਰੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਨਮਿਸ਼ ਐਨ ਮਹਿਤਾ ਦੇ ਸਹਿਯੋਗ ਨਾਲ 16 ਮਾਰਚ 2024 ਨੂੰ ਬਹਾਦਰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਮੁਫਤ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ। ਇਸ ਜਾਂਚ ਕੈਂਪ ਦਾ ਉਦੇਸ਼ ਸਾਡੇ ਬਹਾਦਰ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਤੰਦਰੁਸਤ ਸਿਹਤ ਨੂੰ ਯਕੀਨੀ ਬਣਾਉਣ ਲਈ ਸਿਹਤ ਸਬੰਧੀ ਵੱਖ-ਵੱਖ ਜਾਂਚ ਅਤੇ ਡਾਕਟਰੀ ਸਲਾਹ-ਮਸ਼ਵਰੇ ਪ੍ਰਦਾਨ ਕਰਨਾ ਸੀ।
ਸੀਆਈਐਸਐਫ ਯੂਨਿਟ, ਪੰਜਾਬ ਅਤੇ ਹਰਿਆਣਾ ਸਿਵਲ ਸਕੱਤਰੇਤ, ਸੈਕਟਰ-01 ਚੰਡੀਗੜ੍ਹ ਵਿਖੇ ਲਗਾਏ ਗਏ ਕੈਂਪ ਵਿੱਚ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ। ਇਸ ਵਿੱਚ ਆਮ ਸਿਹਤ ਮੁਲਾਂਕਣ, ਬਲੱਡ ਪ੍ਰੈਸ਼ਰ ਦੀ ਨਿਗਰਾਨੀ (ਹਾਈਪਰਟੈਨਸ਼ਨ), ਜਿਗਰ ਦੀ ਜਾਂਚ, ਬਲੱਡ ਸ਼ੂਗਰ ਟੈਸਟਿੰਗ (ਡਾਇਬੀਟੀਜ਼ ਮੈਲਿਟਸ), ਬੀ.ਐਮ.ਆਈ. ਮੈਜਰਮੈਂਟ, ਕੋਰੋਨਰੀ ਆਰਟਰੀ ਡਿਜੀਜ਼, ਈਸੀਜੀ, ਬੀਪੀ ਨਿਗਰਾਨੀ, ਫਾਈਬਰੋ ਸਕੈਨ, ਡਾਈਟੀਸ਼ੀਅਨ ਦੁਆਰਾ ਪੋਸ਼ਣ ਸੰਬੰਧੀ ਮੁਲਾਂਕਣ ਅਤੇ ਵੱਖ-ਵੱਖ ਸਿਹਤ ਸਮੱਸਿਆਵਾਂ ਬਾਰੇ ਮਾਹਿਰ ਦੇ ਸਲਾਹ ਸਮੇਤ ਬਹੁਤ ਸਾਰੀਆਂ ਡਾਕਟਰੀ ਸੇਵਾਵਾਂ ਸ਼ਾਮਲ ਸਨ।
ਸ਼੍ਰੀ ਯੋਗੇਸ਼ ਪ੍ਰਕਾਸ਼ ਸਿੰਘ ਨੇ ਇਸ ਪਹਿਲਕਦਮੀ ਨੂੰ ਸਫਲ ਬਣਾਉਣ ਲਈ ਐਮਜੀ ਹਸਪਤਾਲ, ਜੈਪੁਰ ਦੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਸਿਹਤ ਅਤੇ ਤੰਦਰੁਸਤੀ ਦੇ ਮਹੱਤਵ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਡੇ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰ ਸਾਡੀ ਯੂਨਿਟ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੀ ਸਿਹਤ ਸਾਡੀ ਲਈ ਸਭ ਤੋਂ ਵੱਡੀ ਤਰਜੀਹ ਹੈ। ਇਹਨਾਂ ਮਹੱਤਵਪੂਰਨ ਸਿਹਤ ਸੇਵਾਵਾਂ ਦੀ ਪੇਸ਼ਕਸ਼ ਕਰਕੇ, ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਾਪਤ ਹੋਣ।
ਇਸ ਸਿਹਤ ਕੈਂਪ ਨੇ ਤੰਦਰੁਸਤ ਸਿਹਤ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਯੂਨਿਟ ਦੇ ਕਰਮਚਾਰੀਆਂ ਅਤੇ ਉਹਨਾਂ ਦੇ ਪਰਿਵਾਰਾਂ ਲਈ ਇੱਕ ਸਾਰਥਕ ਮਾਹੌਲ ਸਿਰਜਣ ਵਾਸਤੇ ਯੂਨਿਟ ਦੀ ਵਚਨਬੱਧਤਾ ਨੂੰ ਉਜਾਗਰ ਕੀਤਾ। ਇਸ ਤਰ੍ਹਾਂ ਦੀਆਂ ਪਹਿਲਕਦਮੀਆਂ ਰਾਹੀਂ, ਸੰਸਥਾ ਆਪਣੇ ਮੈਂਬਰਾਂ ਦੀ ਭਲਾਈ ਲਈ ਆਪਣੇ ਅਟੁੱਟ ਸਮਰਪਣ ਦਾ ਪ੍ਰਗਟਾਵਾ ਕਰਦੀ ਹੈ।